ਐੱਸਡੀਐੱਮ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ ਦਾ ਜਾਇਜ਼ਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 27 ਜੂਨ
ਸਬ-ਡਿਵੀਜ਼ਨਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਲਾਲੀ ਰੋਡ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਪਲਾਂਟ ਦੇ ਕੰਮਕਾਜ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਐੱਸਡੀਐੱਮ ਦੇ ਨਿਰੀਖਣ ਦੌਰਾਨ ਪਲਾਂਟ ਚੱਲਦਾ ਪਾਇਆ ਗਿਆ ਅਤੇ ਪਾਣੀ ਦੇ ਨਮੂਨੇ ਵੀ ਸਾਫ਼ ਸਨ ਅਤੇ ਪਾਣੀ ਨੂੰ ਸਹੀ ਢੰਗ ਨਾਲ ਸ਼ੁੱਧ ਕੀਤਾ ਜਾ ਰਿਹਾ ਸੀ। ਇਸ ਮੌਕੇ ਉਨ੍ਹਾਂ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਗੰਦੇ ਪਾਣੀ ਦੀ ਸ਼ੁੱਧਤਾ ਦੀ ਪੂਰੀ ਪ੍ਰਕਿਰਿਆ ਲਈ ਅਪਣਾਏ ਜਾਣ ਵਾਲੇ ਮਾਪਦੰਡਾਂ ਬਾਰੇ ਪੜਤਾਲ ਕੀਤੀ। ਐੱਸਡੀਐੱਮ ਸੁਰੇਸ਼ ਕੁਮਾਰ ਨੇ ਸਿਵਲ ਹਸਪਤਾਲ ਦੇ ਨੇੜੇ ਨਾਲੀਆਂ ਦੇ ਸਫਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਨਾਲੀਆਂ ਦੀ ਸਫਾਈ ਰੱਖਣ। ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਪਾਣੀ ਭਰਨ ਦੀ ਕੋਈ ਸਮੱਸਿਆ ਨਾ ਆਵੇ। ਇਸ ਮੌਕੇ ਜਨ ਸਿਹਤ ਐੱਸਡੀਓ ਆਂਚਲ ਜੈਨ, ਜੇਈ ਛੋਟੂ ਰਾਮ ਅਤੇ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।