ਐੱਸਡੀਐੱਮ ਵਲੋਂ ਮੁਸਲਿਮ ਆਗੂਆਂ ਨਾਲ ਮੀਟਿੰਗ

ਮੁਸਲਿਮ ਧਾਰਿਮਕ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਐੱਸਡੀਐੱਮ। -ਫੋਟੋ: ਰਾਣੂ

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 3 ਅਪਰੈਲ
ਇੱਥੇ ਸ਼ਹਿਰ ਦੀਆਂ ਮਸਜਿਦਾਂ ਵਿਚ ਆਈਆਂ ਜਮਾਤਾਂ ਦੇ ਮੈਂਬਰਾਂ ਨੂੰ ਮਸਜਿਦਾਂ ਦੇ ਅੰਦਰ ਹੀ ਰਹਿਣ ਲਈ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਸਥਾਨਕ ਸ਼ਹਿਰ ਦੇ ਵੱਖ-ਵੱਖ ਮੁਸਲਿਮ ਧਾਰਮਿਕ ਆਗੂਆਂ ਨਾਲ ਮੀਟਿੰਗ ਕੀਤੀ। ਸ੍ਰੀ ਪਾਂਥੇ ਨੇ ਕਿਹਾ ਕਿ ਕਰਫਿਊ ਲੱਗਣ ਕਾਰਨ ਜਮਾਤਾਂ ਦੇ ਮੈਂਬਰ ਸਥਾਨਕ ਸ਼ਹਿਰ ਦੀਆਂ ਮਸਜਿਦਾਂ ਵਿਚ ਆ ਕੇ ਰੁਕੇ ਹੋਏ ਹਨ, ਜੋ ਕਰਫਿਊ ਲੱਗਣ ਕਾਰਨ ਆਪੋ-ਆਪਣੇ ਘਰਾਂ ਨੂੰ ਨਹੀਂ ਜਾ ਸਕੇ।
ਸ੍ਰੀ ਪਾਂਥੇ ਨੇ ਮੁਸਲਿਮ ਆਗੂਆਂ ਨੂੰ ਅਪੀਲ ਕੀਤੀ ਕਿ ਜਿਸ ਮਸਜਿਦ ਵਿਚ ਜਮਾਤ ਦੇ ਮੈਂਬਰ ਰੁਕੇ ਹੋਏ ਹਨ, ਉਨ੍ਹਾਂ ਨੂੰ ਇਹਤਿਆਤ ਵਜੋਂ ਮਸਜਿਦ ਅੰਦਰ ਹੀ ਰਹਿਣ ਲਈ ਕਿਹਾ ਜਾਵੇ। ਸ੍ਰੀ ਪਾਂਥੇ ਨੇ ਧਾਰਮਿਕ ਮੁਖੀਆਂ ਨੂੰ ਕਿਹਾ ਕਿ ਮਸਜਿਦਾਂ ਅੰਦਰ ਰਹਿਣ ਵਾਲੇ ਜਮਾਤ ਦੇ ਮੈਂਬਰਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤੇ ਮਸਜਿਦਾਂ ਦੇ ਅੰਦਰ ਇਹ ਮੈਂਬਰ ਨਿਸ਼ਚਿਤ ਦੂਰੀ ਬਣਾ ਕੇ ਰਹਿਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਮਾਤਾਂ ਦਾ ਮੈਡੀਕਲ ਚੈੱਕਅਪ ਕਰਵਾਉਣ ਲਈ ਆਮਿਰ ਅਸ਼ਰਫ, ਐਕਸੀਅਨ, ਪੀ.ਐਸ.ਪੀ.ਸੀ.ਐਲ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਜਦਕਿ ਡਾ. ਮੁਹੰਮਦ ਅਖ਼ਤਰ, ਸਿਵਲ ਹਸਪਤਾਲ, ਮਾਲੇਰਕੋਟਲਾ ਇਨ੍ਹਾਂ ਦਾ ਮੈਡੀਕਲ ਚੈੱਕਅਪ ਕਰਨਗੇ। ਦੱਸਣਯੋਗ ਹੈ ਕਿ ਮਾਲੇਰਕੋਟਲਾ ਤੇ ਆਸ-ਪਾਸ ਦੇ ਪਿੰਡਾਂ ‘ਚ ਇਸਲਾਮਿਕ ਪ੍ਰਚਾਰ ਲਈ ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਤੋਂ ਆਈਆਂ ਦਸ ਜਮਾਤਾਂ, ਜਿਨ੍ਹਾਂ ਵਿੱਚ 100 ਮਰਦ ਤੇ 9 ਔਰਤਾਂ ਸ਼ਾਮਲ ਹਨ, ਸਥਾਨਕ ਕੇਲੋਂ ਗੇਟ ਨੇੜੇ ਮਸਜਿਦ ਬੰਗਲਾ, ਮਸਜਿਦ ਬੰਗਲਾ ਮਾਲੇਰ, ਨੌਧਰਾਣੀ ਰੋਡ ਮਸਜਿਦ, ਰਹਿੰਦੀ ਦਰਵਾਜ਼ੇ ਨੇੜਲੀ ਮਸਜਿਦ ਬਾਗ਼ ਵਾਲੀ,ਮਸਜਿਦ ਜਮਾਲਪੁਰਾ, ਮਸਜਿਦ ਢਾਬੀ ਗੇਟ ਅਤੇ ਪਿੰਡ ਕੁੱਪ ਕਲਾਂ, ਪਿੰਡ ਤੱਖਰ ਖੁਰਦ, ਪਿੰਡ ਭੈਣੀ ਕੰਬੋਆਂ ਅਤੇ ਪਿੰਡ ਦੁਗਨੀ ਦੀ ਮਸਜਿਦ ਵਿੱਚ 14 ਦਿਨਾਂ ਲਈ ਇਕਾਂਤਵਾਸ ਹਨ।

Tags :