ਐੱਸਡੀਐੱਮ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਰਤੀਆ, 12 ਮਾਰਚ
ਉਪ-ਮੰਡਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਪ੍ਰਸ਼ਾਸਨ ਵੱਲੋਂ ਉਪ-ਮੰਡਲ ਪੱਧਰ ’ਤੇ ਲਗਾਏ ਜਾ ਰਹੇ ਕੈਂਪ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਸਾਰੇ ਅਧਿਕਾਰੀ ਕੈਂਪ ਵਿੱਚ ਇੱਕ ਛੱਤ ਹੇਠ ਮੌਜੂਦ ਹੁੰਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦੇ ਹਨ ਅਤੇ ਉਨ੍ਹਾਂ ਦਾ ਹੱਲ ਮੌਕੇ ’ਤੇ ਕਰਦੇ ਹਨ। ਮਿੰਨੀ ਸਕੱਤਰੇਤ ਵਿੱਚ ਸਥਿਤ ਆਡੀਟੋਰੀਅਮ ਵਿੱਚ, ਪਰਿਵਾਰਕ ਪਛਾਣ ਪੱਤਰ, ਪੈਨਸ਼ਨ, ਆਧਾਰ ਕਾਰਡ, ਜ਼ਮੀਨ, ਰਾਸ਼ਨ ਕਾਰਡ, ਬਿਜਲੀ, ਪਾਣੀ, ਜਾਇਦਾਦ ਪਛਾਣ ਪੱਤਰ, ਸਮਾਜਿਕ ਸੁਰੱਖਿਆ ਪੈਨਸ਼ਨ ਸਕੀਮਾਂ ਆਦਿ ਨਾਲ ਸਬੰਧਤ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਹਨ। ਇਸ ਦੌਰਾਨ ਉਨ੍ਹਾਂ ਅੱਜ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਹਦਾਇਤਾਂ ਜਾਰੀ ਕੀਤੀਆਂ। ਹੱਲ ਕੈਂਪ ਵਿੱਚ ਅਧਿਕਾਰੀਆਂ ਨੂੰ ਜੰਗਲਾਤ ਵਿਭਾਗ ਤੋਂ ਮੁਆਵਜ਼ਾ ਪ੍ਰਾਪਤ ਕਰਨ, ਘਰ ਦਾ ਕਬਜ਼ਾ ਛੁਡਵਾਉਣ, ਬੁਢਾਪਾ ਪੈਨਸ਼ਨ ਅਤੇ ਜਾਇਦਾਦ ਆਈਡੀ ਨਾਲ ਸਬੰਧਤ ਕੁੱਲ 4 ਸ਼ਿਕਾਇਤਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਐੱਸਡੀਐੱਮ ਸੁਰੇਸ਼ ਕੁਮਾਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਬ-ਡਿਵੀਜ਼ਨ ਪੱਧਰ ’ਤੇ ਕੋਈ ਵੀ ਸ਼ਿਕਾਇਤ ਲੰਬਿਤ ਨਹੀਂ ਰਹਿਣੀ ਚਾਹੀਦੀ। ਜਿਹੜੀਆਂ ਸ਼ਿਕਾਇਤਾਂ ਦਫ਼ਤਰ ਲੈ ਕੇ ਲੋਕ ਆਉਂਦੇ ਹਨ, ਉਨ੍ਹਾਂ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਹੀ ਵਿਹਾਰ ਨਾਲ ਕਰਨ ਵਾਲਿਆਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੇਂ ਸਿਰ ਸਮੱਸਿਆਵਾਂ ਦਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਕੈਂਪ ਵਿੱਚ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।