ਨਿੱਜੀ ਪੱਤਰ ਪ੍ਰੇਰਕਮਾਲੇਰਕੋਟਲਾ, 10 ਜੂਨਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਦੀ ਅਗਵਾਈ ਹੇਠ ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਮੀਟਿੰਗ ਹੋਈ ਜਿਸ ਦੌਰਾਨ ਕੌਮੀ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਨੂੰ ਲੈ ਕੇ ਚਰਚਾ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਵਾਤਾਵਰਨ ਸਬੰਧੀ ਸਕੀਮਾਂ ਅਤੇ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਨ ਇੰਜਨੀਅਰ ਸਿਮਰਪ੍ਰੀਤ ਸਿੰਘ ਨੇ ਕੌਮੀ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਜਾਰੀ ਐਕਸ਼ਨ ਪਲਾਨ ਅਨੁਸਾਰ ਧਰਤੀ ਹੇਠਲੇ ਪਾਣੀ, ਹਵਾ ਤੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਪੇਸ਼ ਕੀਤਾ। ਡਿਪਟੀ ਕਮਿਸ਼ਨਰ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਐੱਨ.ਜੀ.ਟੀ. ਦੀਆਂ ਹਦਾਇਤਾਂ ਅਨੁਸਾਰ ਚੱਲ ਰਹੇ ਪ੍ਰਾਜੈਕਟਾਂ ਦੀ ਅਪਡੇਟ ਰਿਪੋਰਟ ਪੇਸ਼ ਕਰਨ ਅਤੇ ਬਕਾਇਆ ਕੰਮਾਂ ਨੂੰ ਨਿਯਤ ਸਮੇਂ ਅੰਦਰ ਪੂਰਾ ਕਰਨ। ਮੀਟਿੰਗ ਵਿੱਚ ਸੀਵਰੇਜ ਬੰਦੋਬਸਤ, ਘਰਾਂ ਦੇ ਕੂੜੇ ਦੀ ਵਿਗਿਆਨਕ ਢੰਗ ਨਾਲ ਸੰਭਾਲ, ਨਿਕਾਸੀ ਦੇ ਪਾਣੀਆਂ ਦੀ ਸਫ਼ਾਈ, ਈ-ਵੇਸਟ ਅਤੇ ਪਲਾਸਟਿਕ ਵੇਸਟ ਦੇ ਪ੍ਰਬੰਧ ਅਤੇ ਹਵਾ ਗੁਣਵੱਤਾ ਸੁਧਾਰ ਯਤਨਾਂ ਬਾਰੇ ਵਿਭਾਗਾਂ ਵੱਲੋਂ ਦਿੱਤੀਆਂ ਰਿਪੋਰਟਾਂ ਦਾ ਜਾਇਜ਼ਾ ਲੈਂਦਿਆਂ ਡੀਸੀ ਨੇ ਦੱਸਿਆ ਕਿ ਐੱਸ.ਟੀ.ਪੀ. ਦੇ ਸੋਧੇ ਗਏ ਪਾਣੀ ਨੂੰ ਸਿੰਜਾਈ ਲਈ ਵਰਤਣ ਲਈ ਕਰੀਬ 7 ਕਰੋੜ ਰੁਪਏ ਦੀ ਡੀ.ਪੀ.ਆਰ. ਤਿਆਰ ਕੀਤੀ ਗਈ ਹੈ ਜਿਸ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਕਰੀਬ 300 ਏਕੜ ਰਕਬੇ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਨੂੰ ਸ਼ਹਿਰ ਵਿੱਚ ਚੱਲ ਰਹੀਆਂ ਉਸਾਰੀਆਂ ਲਈ ਐੱਸ.ਟੀ.ਪੀ. ਦੇ ਸੋਧੇ ਗਏ ਪਾਣੀ ਦੀ ਵਰਤੋਂ ਯਕੀਨੀ ਬਣਾਉਣ ਲਈ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਸਥਾਨਕ ਸਰਕਾਰਾਂ ਅਤੇ ਪੰਚਾਇਤ ਰਾਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਡੀਸੀ ਨੇ ਸਫ਼ਾਈ ਬੋਰਡ, ਸਿਹਤ ਵਿਭਾਗ, ਪੀ.ਡਬਲਿਊ.ਡੀ., ਵਾਤਾਵਰਨ ਵਿਭਾਗ ਅਤੇ ਊਰਜਾ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਵਿਭਾਗਾਂ ਅੰਦਰ ਚੱਲ ਰਹੇ ਵਾਤਾਵਰਨ ਪੱਖੀ ਯਤਨਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ।