ਐੱਸਟੀਐੱਫ਼ ਵੱਲੋਂ ਪੰਜਾਹ ਲੱਖ ਦੀ ਹੈਰੋਇਨ ਬਰਾਮਦ

ਪੁਲੀਸ ਦੀ ਹਿਰਾਸਤ ਵਿਚ ਹੈਰੋਇਨ ਸਮੇਤ ਕਾਬੂ ਕੀਤਾ ਮੁਲਜ਼ਮ।

ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਕਤੂਬਰ
ਸਪੈਸ਼ਲ ਟਾਸਕ ਫੋਰਸ ਨੇ ਥਾਣਾ ਅਨਾਜ ਮੰਡੀ ਦੇ ਖੇਤਰ ਵਿਚੋਂ ਇੱਕ ਵਿਅਕਤੀ ਦੇ ਕਬਜ਼ੇ ਵਿਚੋਂ ਪੰਜਾਹ ਲੱਖ ਰੁਪਏ ਦੀ ਹੈਰੋਇਨ (ਚਿੱਟਾ) ਬਰਾਮਦ ਕੀਤੀ ਹੈ। ਐਸਟੀਐਫ਼ ਦੇ ਪਟਿਆਲਾ ਸਥਿਤ ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਹ ਬਰਾਮਦਗੀ ਐੱਸਟੀਐੱਫ਼ ਦੇ ਸਹਾਇਕ ਥਾਣੇਦਾਰ ਰਘਵੀਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਟੀਮ ਜਦੋਂ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਫੈਕਟਰੀ ਏਰੀਆ ਇਲਾਕੇ ਵਿਚਲੀ ਬੰਨ੍ਹਾਂ ਰੋਡ ’ਤੇ ਜਾਂਦੇ ਵਿਅਕਤੀ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਦੇ ਕਬਜ਼ੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੂੰ ਕਾਬੂ ਕਰਨ ਵਾਲੀ ਟੀਮ ਵਿਚ ਏਐੱਸਆਈ ਰਘਬੀਰ ਸਿੰਘ ਸਮੇਤ ਏਐੱਸਆਈ ਰਾਜਿੰਦਰ ਕੁਮਾਰ, ਏਐੱਸਆਈ ਦਰਸ਼ਨ ਸਿੰਘ, ਕਾਂਸਟੇਬਲ ਅਮਨਦੀਪ ਸਿੰਘ ਅਤੇ ਪੁਲੀਸ ਚੌਕੀ ਫੱਗਣਮਾਜਰਾ ਦੀ ਇੰਚਾਰਜ ਐੱਸਆਈ ਜਸਪ੍ਰੀਤ ਕੌਰ ਮੌਜੂਦ ਸਨ। ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਾਸੀ ਪਟਿਆਲਾ ਵਜੋਂ ਹੋਈ, ਜਿਸ ਖ਼ਿਲਾਫ਼ ਸਹਾਇਕ ਥਾਣੇਦਾਰ ਰਘਵੀਰ ਸਿੰਘ ਦੇ ਬਿਆਨ ’ਤੇ ਥਾਣਾ ਅਨਾਜ ਮੰਡੀ ਵਿਖੇ 21,61,85 ਐੱਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਹੋਰ ਦੱਸਿਆ ਕਿ ਐੱਸਟੀਐੱਫ਼ ਦੇ ਹੀ ਸਹਾਇਕ ਥਾਣੇਦਾਰ ਰੂਪ ਸਿੰਘ ਤੇ ਟੀਮ ਨੇ ਵੱਖਰੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਦੇ ਕਬਜ਼ੇ ਵਿਚੋਂ 15 ਗਰਾਮ ਸਮੈਕ ਬਰਾਮਦ ਕੀਤੀ ਹੈ। ਪੁਲੀਸ ਟੀਮ ਜਦੋਂ ਮਥੁਰਾ ਕਲੋਨੀ ਕੋਲ ਸੀ ਤਾਂ ਇੱਕ ਵਿਅਕਤੀ ਪੁਲੀਸ ਨੂੰ ਦੇਖ ਕੇ ਪਲਾਸਟਿਕ ਦਾ ਲਿਫਾਫਾ ਸੁੱਟ ਕੇ ਭੱਜਣ ਲੱਗਾ। ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਸੁੱਟੇ ਹੋਏ ਲਿਫਾਫੇ ਨੂੰ ਚੈੱਕ ਕਰਨ ’ਤੇ ਇਸ ਵਿਚੋਂ 15 ਗ੍ਰਾਮ ਸਮੈਕ ਬਰਾਮਦ ਹੋਈ। ਇਸ ਮੁਲਜ਼ਮ ਦੀ ਪਛਾਣ ਦੁਸ਼ਾਤ ਯਾਦਵ ਵਾਸੀ ਪਟਿਆਲਾ ਵਜੋਂ ਹੋਈ। ਥਾਣਾ ਕੋਤਵਾਲੀ ਨੇ ਕੇਸ ਦਰਜ ਕਰ ਲਿਆ ਹੈ।

Tags :