ਐੱਸਐੱਮਓ ਨੇ ਆਸ਼ਾ ਵਰਕਰਾਂ ’ਤੇ ਵਿਭਾਗ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ

ਪਰਮਜੀਤ ਸਿੰਘ
ਫਾਜ਼ਿਲਕਾ, 22 ਅਕਤੂਬਰ
ਪਿਛਲੇ ਲੰਬੇ ਸਮੇਂ ਤੋਂ ਆਸ਼ਾ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਸਿਵਲ ਸਰਜਨ ਫਾਜ਼ਿਲਕਾ ਨੇ ਅੱਜ ਸਿਹਤ ਵਿਭਾਗ ਵਿੱਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ’ਤੇ ਵਿਭਾਗ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਹਨ।
ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਅੱਜ ਆਪਣੇ ਦਫ਼ਤਰ ’ਚ ਬੁਲਾਏ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ 23 ਜੂਨ 2019 ਨੂੰ ਮਰੀਜ਼ ਪ੍ਰਵੀਨ ਕੌਰ ਦੇ ਪਤੀ ਪਰਮਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਆਸ਼ਾ ਵਰਕਰ ਬਿੰਦਰ ਕੌਰ ਨੇ ਡਲਿਵਰੀ ਦੌਰਾਨ ਉਸ ਦੀ ਪਤਨੀ ਦੀ ਇਕ ਟ੍ਰੇਂਡ ਦਾਈ ਕੋਲ ਲਿਜਾ ਕੇ ਡਲਿਵਰੀ ਕਰਵਾਈ ਜਿਸ ਸਬੰਧੀ ਆਸ਼ਾ ਵਰਕਰ ਅਤੇ ਟ੍ਰੇਂਡ ਦਾਈ ਨੇ ਪੈਸੇ ਵੀ ਲਏ। ਮਾਮਲੇ ਦੀ ਸ਼ਿਕਾਇਤ ਉਨ੍ਹਾਂ ਤੱਕ ਪਹੁੰਚੀ ਤਾਂ ਉਨ੍ਹਾਂ ਐੱਸਐੱਮਓ ਪੀਐੱਚਸੀ ਜੰਡਵਾਲਾ ਭੀਮੇਸ਼ਾਹ ਨੂੰ ਪੜਤਾਲ ਲਈ ਭੇਜਣ ਸਬੰਧੀ ਲਿੱਖਿਆ। 24 ਸਤੰਬਰ ਨੂੰ ਸ਼ਿਕਾਇਤ ਕਰਤਾ ਪਰਮਜੀਤ ਸਿੰਘ, ਉਸ ਦੀ ਪਤਨੀ ਪ੍ਰਵੀਣ ਕੌਰ, ਮਾਤਾ ਕੌਸ਼ਲਿਆ ਦੇਵੀ ਅਤੇ ਆਸ਼ਾ ਵਰਕਰ ਬਿੰਦਰ ਕੌਰ ਦੇ ਬਿਆਨ ਦਰਜ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ 25 ਸਤੰਬਰ ਟ੍ਰੇਂਡ ਦਾਈ ਪ੍ਰਕਾਸ਼ ਕੌਰ ਨੂੰ ਵੀ ਪੜਤਾਲ ਲਈ ਬੁਲਾਇਆ। ਇਸ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ ਗਏ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪ੍ਰਵੀਣ ਕੌਰ ਦੀ ਡਲਿਵਰੀ ਪ੍ਰਕਾਸ਼ ਕੌਰ ਦੇ ਘਰ ਹੋਈ ਸੀ ਅਤੇ ਉਕਤ ਮਰੀਜ਼ ਨੂੰ ਆਸ਼ਾ ਵਰਕਰ ਬਿੰਦਰ ਕੌਰ ਹੀ ਟ੍ਰੇਂਡ ਦਾਈ ਕੋਲ ਲੈ ਗਈ ਸੀ। ਇਸ ਤੋਂ ਬਾਅਦ ਜਦ ਹੋਰ ਪੁੱਛਗਿੱਛ ਕੀਤੀ ਗਈ ਤਾਂ ਟ੍ਰੇਂਡ ਦਾਈ ਪ੍ਰਕਾਸ਼ ਕੌਰ ਨੇ ਆਪਣੇ ਕੋਲ ਇਕ ਬੀਈਐੱਮਐੱਸ ਦੀ ਡਿਗਰੀ ਵਿਖਾਈ। ਸਿਵਲ ਸਰਜਨ ਨੇ ਕਿਹਾ ਕਿ ਉਕਤ ਮਾਮਲੇ ’ਚ ਆਸ਼ਾ ਵਰਕਰ ਅਤੇ ਟ੍ਰੇਂਡ ਦਾਈ ਨੇ ਪੈਸੇ ਦੇ ਲਾਲਚ ਵਿਚ ਇਹ ਸਾਰਾ ਕੰਮ ਕੀਤਾ ਹੈ ਜਿਨ੍ਹਾਂ ਖਿਲਾਫ਼ ਕਾਰਵਾਈ ਲਈ ਐੱਸਐੱਮਓ ਰਾਹੀਂ ਪੁਲੀਸ ਨੂੰ ਲਿਖਿਆ ਜਾਵੇਗਾ। ਇਸ ਸਬੰਧੀ ਜਦੋਂ ਆਸ਼ਾ ਵਰਕਰ ਬਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਵਲ ਸਰਜਨ ਆਸ਼ਾ ਵਰਕਰਾਂ ਨਾਲ ਪਹਿਲੇ ਤੋਂ ਦੁਰਵਿਹਾਰ ਕਰਨ ਖ਼ਿਲਾਫ਼ ਵਰਕਰਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਕਾਰਨ ਨਿੱਜੀ ਰੰਜਿਸ਼ ਰੱਖ ਕੇ ਉਨ੍ਹਾਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਿਹਾ ਹੈ ਅਤੇ ਉਸ ਨੂੰ ਡਰਾ ਧਮਕਾ ਕੇ ਬਿਆਨ ਲਿਖਵਾਏ ਗਏ ਹਨ। ਉਸ ਨੇ ਆਪਣੇ ਬਿਆਨ ਇਸ ਤਰ੍ਹਾਂ ਦੇ ਨਹੀਂ ਦਿੱਤੇ ਹਨ।

Tags :