ਐੱਲਆਈਸੀ ਨੇ ਬਣਾਇਆ ਵਿਸ਼ਵ ਰਿਕਾਰਡ; 24 ਘੰਟੇ ’ਚ ਕੀਤੀਆਂ ਰਿਕਾਰਡ ਪਾਲਿਸੀਆਂ
ਨਵੀਂ ਦਿੱਲੀ, 24 ਮਈ
ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ ਅੱਜ ਕਿਹਾ ਕਿ ਉਸ ਨੇ 24 ਘੰਟਿਆਂ ਵਿੱਚ ਸਭ ਤੋਂ ਜ਼ਿਆਦਾ ਜੀਵਨ ਬੀਮਾ ਪਾਲਿਸੀਆਂ ਵੇਚਣ ਦਾ ਗਿਨੀਜ਼ ਵਰਲਡ ਰਿਕਾਰਡ ਦਾ ਖ਼ਿਤਾਬ ਹਾਸਲ ਕੀਤਾ ਹੈ। ਐੱਲਆਈਸੀ ਨੇ ਬਿਆਨ ਵਿੱਚ ਕਿਹਾ ਕਿ ਗਿਨੀਜ਼ ਵਰਲਡ ਰਿਕਾਰਡਜ਼ ਵੱਲੋਂ ਪ੍ਰਮਾਣਿਤ ਇਹ ਇਤਿਹਾਸਕ ਪ੍ਰਾਪਤੀ 20 ਜਨਵਰੀ 2025 ਨੂੰ ਨਿਗਮ ਦੇ ਸਮਰਪਿਤ ਏਜੰਸੀ ਨੈੱਟਵਰਕ ਦੇ ਅਸਾਧਾਰਨ ਪ੍ਰਦਰਸ਼ਨ ਨੂੰ ਮਾਨਤਾ ਦਿੰਦੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ 20 ਜਨਵਰੀ ਨੂੰ ਐੱਲਆਈਸੀ ਦੇ ਕੁੱਲ 4,52,839 ਏਜੰਟਾਂ ਨੇ ਪੂਰੇ ਭਾਰਤ ਵਿੱਚ 5,88,107 ਜੀਵਨ ਬੀਮਾ ਪਾਲਿਸੀਆਂ ਸਫ਼ਲਤਾਪੂਰਵਕ ਪੂਰੀ ਅਤੇ ਜਾਰੀ ਕੀਤੀਆਂ।
ਬਿਆਨ ਵਿੱਚ ਕਿਹਾ ਗਿਆ ਹੈ, ‘‘ਇਹ ਸਾਡੇ ਏਜੰਟਾਂ ਦੇ ਨਿਰੰਤਰ ਸਮਰਪਣ, ਹੁਨਰ ਅਤੇ ਅਣਥੱਕ ਮਿਹਨਤ ਦਾ ਨਤੀਜਾ ਹੈ। ਇਹ ਪ੍ਰਾਪਤੀ ਸਾਡੇ ਗਾਹਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਹੱਤਵਪੂਰਨ ਵਿੱਤੀ ਸੁਰੱਖਿਆ ਮੁਹੱਈਆ ਕਰਨ ਦੇ ਸਾਡੇ ਮਿਸ਼ਨ ਪ੍ਰਤੀ ਸਾਡੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦੀ ਹੈ।’’ ਇਸ ਮੌਕੇ ਐੱਲਆਈਸੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸਿਧਾਰਥ ਮੋਹੰਤੀ ਨੇ 20 ਜਨਵਰੀ 2025 ਨੂੰ ਮਨਾਏ ਗਏ ‘ਮੈਡ ਮਿਲੀਅਨ ਡੇਅ’ ਨੂੰ ਇਤਿਹਾਸਕ ਬਣਾਉਣ ਲਈ ਸਾਰੇ ਗਾਹਕਾਂ, ਏਜੰਟਾਂ ਅਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ। -ਪੀਟੀਆਈ