ਐੱਫਆਈਐੱਚ ਪ੍ਰੋ ਹਾਕੀ ਲੀਗ: ਯੂਰਪੀ ਗੇੜ ਲਈ ਭਾਰਤੀ ਟੀਮ ਦਾ ਐਲਾਨ
ਨਵੀਂ ਦਿੱਲੀ, 22 ਮਈ
ਹਾਕੀ ਇੰਡੀਆ (ਐੱਚਆਈ) ਨੇ ਐੱਫਆਈਐੱਚ ਪ੍ਰੋ ਹਾਕੀ ਲੀਗ ਦੇ ਯੂਰੋਪੀ ਗੇੜ ਲਈ 24 ਮੈਂਬਰੀ ਭਾਰਤੀ ਪੁਰਸ਼ ਟੀਮ ਦਾ ਐਲਾਨ ਕੀਤਾ ਹੈ। ਇਸ ਲੀਗ ਦੇ ਯੂਰਪੀ ਗੇੜ ਦੇ ਮੈਚ 7 ਜੂਨ ਤੋਂ ਨੈਦਰਲੈਂਡਜ਼ ਦੇ ਐਮਸਟੈਲਵੀਨ ਤੇ ਬੈਲਜੀਅਮ ਦੇ ਐਂਟਵਰਪ ’ਚ ਖੇਡੇ ਜਾਣੇ ਹਨ। ਭਾਰਤੀ ਟੀਮ ਆਪਣੇ ਯੂਰੋਪੀ ਗੇੜ ਦੀ ਸ਼ੁਰੂਆਤ 7 ਤੇ 9 ਜੂਨ ਨੂੰ ਨੈਦਰਲੈਂਡਜ਼ ਖ਼ਿਲਾਫ਼ ਦੋ-ਦੋ ਮੈਚਾਂ ਨਾਲ ਕਰੇਗੀ, ਜਿਸ ਮਗਰੋਂ 11 ਤੇ 12 ਜੂਨ ਨੂੰ ਐਮਸਟੈਲਵੀਨ ’ਚ ਅਰਜਨਟੀਨਾ ਖ਼ਿਲਾਫ਼ ਦੋ ਮੈਚ ਹੋਣਗੇ। ਇਸ ਮਗਰੋਂ ਟੀਮ 14 ਤੇ 15 ਜੂਨ ਨੂੰ ਆਸਟਰੇਲੀਆ ਦਾ ਸਾਹਮਣਾ ਕਰਨ ਲਈ ਐਂਟਵਰਪ ਜਾਵੇਗੀ ਤੇ 21 ਤੇ 22 ਜੂਨ ਨੂੰ ਮੇਜ਼ਬਾਨ ਬੈਲਜੀਅਮ ਨਾਲ ਖ਼ਿਲਾਫ਼ ਮੈਚਾਂ ਨਾਲ ਆਪਣੀ ਮੁਹਿੰਮ ਖਤਮ ਕਰੇਗੀ। ਲੀਗ ’ਚ ਸਿਖਰ ’ਤੇ ਰਹਿਣ ਵਾਲੀ ਟੀਮ ਐੱਫਆਈਐੱਚ ਵਿਸ਼ਵ ਕੱਪ-2026 ਲਈ ਜਗ੍ਹਾ ਪੱਕੀ ਕਰ ਲਵੇਗੀ।
ਹਾਕੀ ਇੰਡੀਆ ਵੱਲੋਂ ਚੁਣੀ ਗਈ ਟੀਮ ’ਚ ਗੋਲੀਕਪਰ ਵਜੋਂ ਕ੍ਰਿਸ਼ਨ ਬਹਾਦਰ ਤੇ ਸੂਰਜ ਕਰਕੇਰਾ ਜਦਕਿ ਡਿਫੈਂਡਰ ਵਜੋਂ ਸੁਮਿਤ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਨੀਲਮ ਸੰਜੀਪ, ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਸੰਜੈ ਅਤੇ ਯਸ਼ਦੀਪ ਸਿਵਾਚ, ਮਿਡਫੀਲਡਰ ਵਜੋਂ ਰਾਜ ਕੁਮਾਰ ਪਾਲ, ਨੀਲਕਾਂਤ ਸ਼ਰਮਾ, ਹਾਰਦਿਕ ਸਿੰਘ, ਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ ਜਦਕਿ ਫਾਰਵਰਡ ਵਜੋਂ ਗੁਰਜੰਟ ਸਿੰਘ, ਅਭਿਸ਼ੇਕ, ਸ਼ਿਲਾਨੰਦ ਲਾਕੜਾ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ