ਐੱਨਐੱਚਐੱਮ ਕਾਮੇ ਸੰਘਰਸ਼ ਦੇ ਰੌਂਅ ’ਚ
ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਜੂਨ
ਜਿਵੇਂ ਜਿਵੇਂ ਲੁਧਿਆਣਾ ਜ਼ਿਮਨੀ ਚੋਣ ਲਈ ਵੋਟਾਂ ਦੀ ਤਰੀਕ ਨੇੜੇ ਆ ਰਹੀ ਹੈ ਉਵੇਂ ਹੀ ਸਰਕਾਰੀ ਕਾਮੇ ਸਰਕਾਰ ਨੂੰ ਮੰਗਾਂ ਲਈ ਘੇਰਨ ਦੀ ਤਿਆਰੀ ਵਿਚ ਹਨ। 15 ਜੂਨ ਨੂੰ 9 ਹਜ਼ਾਰ ਐੱਨਐੱਚਐੱਮ ਕਾਮਿਆਂ ਨੇ ਸੂਬਾ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੈ।
ਕਾਮਿਆਂ ਦੇ ਸੀਨੀਅਰ ਆਗੂ ਡਾ. ਸਿਮਰਪਾਲ ਅਤੇ ਸੁਮੀਤ ਬਜਾਜ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਾਮਿਆਂ ਦਾ ਸਿਰਫ ਸ਼ੋਸ਼ਣ ਹੀ ਨਹੀਂ ਕੀਤਾ ਹੈ ਸਗੋਂ ਉਨ੍ਹਾਂ ਨੂੰ ਬਣਦੇ ਹੱਕਾਂ ਤੋਂ ਵਾਂਝੇ ਰੱਖਿਆ। ਵੱਖ-ਵੱਖ ਸਰਕਾਰਾਂ ਨੇ ਪੱਕੇ ਕਰਨ ਦੇ ਵਾਅਦੇ ਕੀਤੇ ਪਰ ਅਫਸੋਸ ਦੀ ਗੱਲ ਹੈ ਕਿ ਕੋਈ ਵੀ ਸਰਕਾਰ ਆਪਣੇ ਵਾਅਦੇ ਤੇ ਖਰੀ ਨਹੀਂ ਉੱਤਰੀ। ਐੱਨਐੱਚਐੱਮ ਮੁਲਾਜ਼ਮਾਂ ਨੇ ਇਹ ਸਰਕਾਰ ਬਣਵਾਉਣ ਲਈ ਅਹਿਮ ਭੂਮਿਕਾ ਨਿਭਾਈ ਪਰ ਅੱਜ ਸਰਕਾਰ ਦੇ ਲਗਭਗ 3 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਨੈਸਨਲ ਹੈਲਥ ਮਿਸਨ ਦੇ ਮੁਲਾਜ਼ਮਾਂ ਨੂੰ ਨਾ ਤਾਂ ਪੱਕਾ ਕੀਤਾ ਗਿਆ ਅਤੇ ਨਾ ਹੀ ਕਿਸੇ ਮੁਲਾਜ਼ਮ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ 13 ਜੂਨ ਨੂੰ ਕਾਮੇ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਇਕੱਠੇ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ ਅਤੇ ਹਰ ਕਿਸਮ ਦਾ ਆਨਲਾਈਨ/ਆਫਲਾਈਨ ਕੰਮ ਪੂਰਨ ਰੂਪ ਵਿੱਚ ਠੱਪ ਰੱਖਿਆ ਜਾਵੇਗਾ। 15 ਜੂਨ ਨੂੰ ਮਿਸ਼ਨ ਦੇ 9000 ਮੁਲਾਜ਼ਮ ਲੁਧਿਆਣਾ ਵਿੱਚ ਇਕ ਵੱਡੀ ਰੈਲੀ ਕਰਨਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਸਥਾਨਕ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕਰਨਗੇ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਅਵਤਾਰ ਸਿੰਘ ਮਾਨਸਾ, ਸੁਖਜੀਤ ਕੰਬੋਜ ਰੋਪੜ, ਡਾ. ਸੁਨੀਲ ਤਰਗੋਤਰਾ ਗੁਰਦਾਸਪੁਰ, ਗੁਰਪ੍ਰੀਤ ਭੁੱਲਰ ਮੁਕਤਸਰ ਸਾਹਿਬ, ਹਰਪਾਲ ਸੋਢੀ ਫਤਿਹਗੜ੍ਹ ਸਾਹਿਬ, ਦੀਪਸ਼ਿਖਾ ਕਸਪ ਮੁਹਾਲੀ, ਪ੍ਰਿਤਪਾਲ ਸਿੰਘ ਲੁਧਿਆਣਾ, ਰਾਜੇਸ਼ ਕੁਮਾਰ ਫਾਜ਼ਿਲਕਾ, ਸੁਰਿੰਦਰ ਕੰਬੋਜ, ਨਰਿੰਦਰ ਸਿੰਘ ਫਿਰੋਜ਼ਪੁਰ, ਰਮਨਵੀਰ ਕੌਰ ਬਠਿੰਡਾ, ਗੁਰਵਿੰਦਰ ਸਿੰਘ ਮੋਗਾ, ਅਵਤਾਰ ਸਿੰਘ ਅੰਮ੍ਰਿਤਸਰ, ਰਵਿੰਦਰ ਕੌਰ ਤਰਨਤਾਰਨ , ਡਾ. ਸੁਨੀਲ ਨਵਾਂਸ਼ਹਿਰ, ਡਾ. ਜਤਿੰਦਰ ਸਿੰਘ ਮਾਲੇਰਕੋਟਲਾ,ਰਾਜਿੰਦਰ ਸਿੰਘ ਸੰਗਰੂਰ, ਡਾ ਵਿਪਿਨ ਜਲੰਧਰ ਹਾਜ਼ਰ ਸਨ।