For the best experience, open
https://m.punjabitribuneonline.com
on your mobile browser.
Advertisement

ਐੱਨਐੱਚਏਆਈ ਦੇ ਤੌਰ ਤਰੀਕੇ

04:43 AM Jul 03, 2025 IST
ਐੱਨਐੱਚਏਆਈ ਦੇ ਤੌਰ ਤਰੀਕੇ
Advertisement

ਪਿਛਲੇ ਹਫ਼ਤੇ 40 ਘੰਟਿਆਂ ਦੇ ਟਰੈਫਿਕ ਜਾਮ, ਜਿਸ ਕਰ ਕੇ ਤਿੰਨ ਮੌਤਾਂ ਹੋ ਗਈਆਂ ਸਨ, ਦੇ ਮੁੱਦੇ ਨੂੰ ਸਿੱਝਣ ਨੂੰ ਲੈ ਕੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੂੰ ਕਾਫ਼ੀ ਨੁਕਤਾਚੀਨੀ ਝੱਲਣੀ ਪਈ ਹੈ। ਇਸ ਪ੍ਰਸੰਗ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਲਏ ਗਏ ਇਸ ਦੇ ਸਟੈਂਡ ਨੂੰ ਬੇਹੂਦਾ ਅਤੇ ਸੰਵੇਦਨਹੀਣ ਕਰਾਰ ਦਿੱਤਾ ਗਿਆ ਜਿਸ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ। ਜਨਹਿੱਤ ਪਟੀਸ਼ਨ ’ਤੇ ਸੁਣਵਾਈ ਦੌਰਾਨ ਐੱਨਐੱਚਏਆਈ ਦੀ ਇਸ ਗੱਲੋਂ ਖਿਚਾਈ ਕੀਤੀ ਗਈ ਕਿ ਇਸ ਵੱਲੋਂ ਦੇਰੀ ਨਾਲ ਕੀਤੇ ਗਏ ਨੁਕਸਦਾਰ ਸੜਕ ਨਿਰਮਾਣ ਕਾਰਜ ਕਰ ਕੇ ਆਗਰਾ-ਮੁੰਬਈ ਰਾਸ਼ਟਰੀ ਰਾਜਮਾਰਗ ਦੇ ਇੰਦੌਰ-ਦੇਵਾਸ ਸੈਕਸ਼ਨ ਉੱਪਰ ਟਰੈਫਿਕ ਜਾਮ ਲੱਗ ਗਿਆ ਸੀ। ਐੱਨਐੱਚਏਆਈ ਦੇ ਵਕੀਲ ਨੇ ਇਸ ਮੁਤੱਲਕ ਇਹ ਟਿੱਪਣੀ ਕੀਤੀ ਕਿ “ਐਨੇ ਸਵੇਰੇ ਆਖ਼ਿਰਕਾਰ ਐਨੇ ਲੋਕ ਬਿਨਾਂ ਕੰਮ ਤੋਂ ਘਰੋਂ ਕਿਉਂ ਘਰੋਂ ਨਿਕਲ ਜਾਂਦੇ ਹਨ?” ਇਸੇ ਕਰ ਕੇ ਸਖ਼ਤ ਰੋਸ ਪੈਦਾ ਹੋ ਗਿਆ। ਜਿੱਥੇ ਇਸ ਰਾਸ਼ਟਰੀ ਏਜੰਸੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਸੀ, ਉੱਥੇ ਇਸ ਨੇ ਉਲਟਾ ਲੋਕਾਂ ਨੂੰ ਹੀ ਕਸੂਰਵਾਰ ਠਹਿਰਾਅ ਦਿੱਤਾ।
ਸੜਕਾਂ ਅਤੇ ਰਾਜਮਾਰਗਾਂ ਦੇ ਵੱਡੇ ਪ੍ਰਾਜੈਕਟਾਂ ਵਿੱਚ ਅਮੁੱਕ ਦਿੱਕਤਾਂ ਭਾਰਤ ਦੇ ਲੋਕਾਂ ਦੀ ਹੋਣੀ ਬਣ ਗਈਆਂ ਹਨ। ਬਹੁਤੀਆਂ ਥਾਵਾਂ ’ਤੇ ਘੱਟੋ-ਘੱਟ ਆਵਾਜਾਈ ਰੁਕਾਵਟਾਂ ਯਕੀਨੀ ਬਣਾਉਣ ਦੀਆਂ ਸਰਬੋਤਮ ਪਿਰਤਾਂ ਨਦਾਰਦ ਹਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਸੜਕਾਂ ਦੀ ਗੁਣਵੱਤਾ ਅਤੇ ਸੁਰੱਖਿਆ ਪੈਮਾਨਿਆਂ ਵਿੱਚ ਸੁਧਾਰ ਲਿਆਉਣ ਲਈ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਵੀ ਮੰਨਣਾ ਪਿਆ ਹੈ ਕਿ ਹਾਲੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਕਈ ਥਾਵਾਂ ’ਤੇ ਧਰਾਤਲੀ ਚੁਣੌਤੀਆਂ ਅਤੇ ਜ਼ਮੀਨ ਐਕੁਆਇਰ ਕਰਨ ਦੀਆਂ ਔਕੜਾਂ ਪੇਸ਼ ਆਉਂਦੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਕਾਰਕਰਦਗੀ ਨਾਲ ਜੁਡਿ਼ਆ ਅਹਿਮ ਖੇਤਰ ਆਮ ਤੌਰ ’ਤੇ ਨਿਰਮਾਣ ਕੰਪਨੀਆਂ ਤੇ ਠੇਕੇਦਾਰਾਂ ਰਾਹੀਂ ਹੀ ਕੀਤਾ ਜਾਂਦਾ ਹੈ। ਤਜਰਬਾ, ਕਾਬਲੀਅਤ, ਨੈਤਿਕਤਾ ਇਹ ਸਾਰੇ ਕਾਰਕ ਭੂਮਿਕਾ ਨਿਭਾਉਂਦੇ ਹਨ। ਗੁਣਵੱਤਾ ਅਤੇ ਕੰਮ ਦੀ ਗਤੀ ਵਿਵਾਦ ਦਾ ਬਿੰਦੂ ਬਣ ਸਕਦਾ ਹੈ। ਐੱਨਐੱਚਏਆਈ ਦੇ ਅਫਸਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਹਿਮਾਚਲ ਪ੍ਰਦੇਸ਼ ਦੇ ਇੱਕ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਦੋਸ਼ ਅਤੇ ਪ੍ਰਤੀ-ਦੋਸ਼ ਸ਼ੁਰੂ ਹੋ ਗਏ ਹਨ।
ਭਾਰਤ ਦੇ ਸੜਕੀ ਨੈੱਟਵਰਕ ਵਿੱਚ ਹਾਲੀਆ ਸਾਲਾਂ ਦੌਰਾਨ ਕਾਫ਼ੀ ਸੁਧਾਰ ਆਇਆ ਹੈ ਅਤੇ ਇਸ ਲਈ ਸਬੰਧਿਤ ਏਜੰਸੀਆਂ ਦਾ ਕਾਰਜ ਸ਼ਲਾਘਾਯੋਗ ਹੈ। ਇਸ ਦੇ ਰਿਪੋਰਟ ਕਾਰਡ ਵਿੱਚ ਕਈ ਨਾਂਹਮੁਖੀ ਪਹਿਲੂ ਵੀ ਹਨ ਜਿਵੇਂ ਕਿ ਸਮਾਂ-ਸੀਮਾ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਜਾਂਦੀ ਜਾਂ ਪ੍ਰਾਜੈਕਟ ਦੇ ਮੁਕੰਮਲ ਹੋਣ ਵਿੱਚ ਦੇਰੀ, ਨੁਕਸਦਾਰ ਕੰਮਾਂ ਅਤੇ ਨਾਅਹਿਲੀਅਤ ਲਈ ਕੋਈ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ। ਐੱਨਐੱਚਏਆਈ ਨੂੰ ਆਪਣੇ ਤੌਰ ਤਰੀਕਿਆਂ ’ਤੇ ਅੰਤਰਝਾਤ ਮਾਰਨ ਦੀ ਲੋੜ ਹੈ ਅਤੇ ਆਪਣੀਆਂ ਕਮੀਆਂ ਨੂੰ ਸੁਧਾਰਨਾ ਚਾਹੀਦਾ ਹੈ।

Advertisement

Advertisement
Advertisement
Advertisement
Author Image

Jasvir Samar

View all posts

Advertisement