ਐਤੀਆਣਾ ਦੀ ਸਰਪੰਚ ਦੇ ਪਤੀ ਖ਼ਿਲਾਫ਼ ਜਾਤੀਸੂਚਕ ਸ਼ਬਦ ਬੋਲਣ ਦਾ ਦੋਸ਼
ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਅਪਰੈਲ
ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਐਤੀਆਣਾ ਵਿੱਚ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਦਲਜੀਤ ਸਿੰਘ ਵੱਲੋਂ ਪਿੰਡ ਵਿੱਚ ਬੁਲਾਏ ਆਮ ਇਜਲਾਸ ਦਾ ਮਾਮਲਾ ਉਸ ਸਮੇਂ ਕਾਫ਼ੀ ਤੂਲ ਫੜ ਗਿਆ, ਜਦੋਂ ਪਿੰਡ ਦੀਆਂ ਤਿੰਨ ਦਰਜਨ ਦੇ ਕਰੀਬ ਅਨੁਸੂਚਿਤ ਜਾਤੀ ਨਾਲ ਸਬੰਧਿਤ ਮਨਰੇਗਾ ਮਜ਼ਦੂਰ ਔਰਤਾਂ ਨੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਨਿਰਮਾਣ ਕਾਮਿਆਂ ਦੇ ਆਗੂ ਗੁਰਪ੍ਰੀਤ ਸਿੰਘ ਟੂਸੇ ਅਤੇ ਕੇਵਲ ਸਿੰਘ ਮੁੱਲਾਂਪੁਰ ਦੀ ਅਗਵਾਈ ਵਿੱਚ ਥਾਣਾ ਸੁਧਾਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਮਜ਼ਦੂਰ ਆਗੂਆਂ ਨੇ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਏ ਹਨ ਕਿ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਦਲਜੀਤ ਸਿੰਘ ਤੇ ਪੰਚ ਇੰਦਰਜੀਤ ਸਿੰਘ ਨੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਜਾਤੀ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਬੋਲਦਿਆਂ ਗਾਲੀ-ਗਲੋਚ ਕੀਤਾ।
ਥਾਣਾ ਸੁਧਾਰ ਦੇ ਮੁਖੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਪੜਤਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਤੱਥਾਂ ਦੀ ਤਸਦੀਕ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਪੰਚ ਕੁਲਵਿੰਦਰ ਕੌਰ ਦੇ ਪਤੀ ਦਲਜੀਤ ਸਿੰਘ ਉਰਫ਼ ਕਾਕਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।