ਐਡਵੋਕੇਟ ਘੁੰਮਣ ਦੀ ਚੋਣ ਮੁਹਿੰਮ ਵਿੱਚ ਕਈ ਆਗੂ ਹੋਏ ਸਰਗਰਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੂਨ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਕਈ ਆਗੂ ਸਰਗਰਮੀ ਨਾਲ ਹਿੱਸਾ ਲੈ ਕੇ ਘਰ ਘਰ ਜਾ ਕੇ ਵੋਟਰਾਂ ਨੂੰ ਘੁੰਮਣ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਹਲਕਾ ਇੰਚਾਰਜ ਸ਼ਾਹਕੋਟ ਬਚਿੱਤਰ ਸਿੰਘ ਕੋਹਾੜ, ਗੁਰਦੀਪ ਸਿੰਘ ਲੀਲ, ਐਡਵੋਕੇਟ ਰਾਜਕਮਲ ਸਿੰਘ ਭੁੱਲਰ, ਪ੍ਰਭਜੋਤ ਸਿੰਘ ਧਾਲੀਵਾਲ ਅਤੇ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਵੱਲੋਂ ਭਾਈ ਰਣਧੀਰ ਸਿੰਘ ਨਗਰ ਦੇ ਵੱਖ ਵੱਖ ਇਲਾਕਿਆਂ ਵਿੱਚ ਐਡਵੋਕੇਟ ਘੁੰਮਣ ਦੀ ਚੋਣ ਮੁਹਿੰਮ ਚਲਾਈ ਜਾ ਰਹੀ ਹੈ। ਅਕਾਲੀ ਆਗੂ ਗੁਰਦੀਪ ਸਿੰਘ ਲੀਲ ਨੇ ਦੱਸਿਆ ਹੈ ਕਿ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਯੂਥ ਵਰਕਰਾਂ ਦੀਆਂ ਵੱਖ ਵੱਖ ਟੀਮਾਂ ਸਿਲਸਿਲੇਵਾਰ ਢੰਗ ਨਾਲ ਨੁੱਕੜ ਮੀਟਿੰਗਾਂ ਕਰਕੇ ਵੋਟਰਾਂ ਨੂੰ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਐਡਵੋਕੇਟ ਘੁੰਮਣ ਸਾਫ਼ ਸੁਥਰੇ ਅਕਸ ਦੇ ਮਾਲਕ ਹਨ ਅਤੇ ਉਨ੍ਹਾਂ ਨੂੰ ਵੋਟਰਾਂ ਦਾ ਤਕੜਾ ਹੁੰਗਾਰਾ ਮਿਲ ਰਿਹਾ ਹੈ ਅਤੇ ਐਡਵੋਕੇਟ ਘੁੰਮਣ ਲਈ ਲੋਕਾਂ ਵਿੱਚ ਉਤਸ਼ਾਹ ਹੈ। ਐਡਵੋਕੇਟ ਘੁੰਮਣ, ਉਨ੍ਹਾਂ ਦੀ ਪਤਨੀ ਤੋਂ ਇਲਾਵਾ ਬੇਟੀ ਇਸ਼ਵਿਨ ਘੁੰਮਣ ਅਤੇ ਉਨ੍ਹਾਂ ਦੇ ਸਮਰਥਕ ਹਲਕੇ ਦੀ ਹਰ ਜਗ੍ਹਾ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ। ਐਡਵੋਕੇਟ ਘੁੰਮਣ ਨੇ ਐਲਾਨ ਕੀਤਾ ਹੈ ਕਿ ਜੇਕਰ ਲੋਕਾਂ ਨੇ ਮੌਕਾ ਦਿੱਤਾ ਤਾਂ ਹਲਕੇ ’ਚ ਵਿਕਾਸ, ਸੁਰੱਖਿਆ, ਸਿਹਤ ਅਤੇ ਬੁਨਿਆਦੀ ਸਹੂਲਤਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ।