ਐਂਬੂਲੈਂਸ ’ਚ ਪਏ ਬੇਹੋਸ਼ ਵਿਅਕਤੀ ਦੀ ਕੀਤੀ ਰਜਿਸਟਰਡ ਵਸੀਅਤ
ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਜੂਨ
ਬਾਘਾਪੁਰਾਣਾ ਦੇ ਇੱਕ ਤਤਕਾਲੀ ਤਹਿਸੀਲਦਾਰ (ਸਬ ਰਜਿਸਟਰਾਰ) ਜਿਸ ਕੋਲ ਨਿਹਾਲ ਸਿੰਘ ਵਾਲਾ ਦਾ ਵਾਧੂ ਚਾਰਜ ਵੀ ਸੀ, ਵੱਲੋਂ ਬਾਘਾਪੁਰਾਣਾ ਸਬ-ਡਿਵੀਜ਼ਨ ਦਫ਼ਤਰ ਵਿੱਚੋਂ ਹੀ ਬੈਠ ਕੇ ਨਿਹਾਲ ਸਿੰਘ ਵਾਲਾ ਸਬ-ਡਿਵੀਜ਼ਨ ਨਾਲ ਸਬੰਧਤ ਇੱਕ ਵਿਵਾਦਤ ਵਸੀਅਤ ਰਜਿਸਟਰਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਮਿਸ਼ਨਰ ਫ਼ਰੀਦਕੋਟ ਮੰਡਲ ਦੇ ਹੁਕਮਾਂ ’ਤੇ ਐੱਸਡੀਐੱਮ ਵੱਲੋਂ ਆਪਣੀ ਜਾਂਚ ਰਿਪੋਰਟ ਸਥਾਨਕ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ।
ਐੱਸਡੀਐੱਮ ਨਿਹਾਲ ਸਿੰਘ ਵਾਲਾ ਸਵਾਤੀ ਟਿਵਾਣਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਕਿ ਅਧਿਕਾਰੀ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰ ਦੀਆਂ ਹਦਾਇਤਾਂ ਅਤੇ ਨਿਯਮਾਂ ਖ਼ਿਲਾਫ਼ ਸਬ-ਡਿਵੀਜ਼ਨ ਨਿਹਾਲ ਸਿੰਘ ਵਾਲਾ ਦਫ਼ਤਰ ਵਿੱਚ ਬੈਠ ਕੇ ਵਿਵਾਵਦ ਵਸੀਅਤ ਰਜਿਸਟਰਡ ਕਰਨ ਦੀ ਬਿਜਾਏ ਸਬ-ਡਿਵੀਜ਼ਨ ਦਫ਼ਤਰ ਬਾਘਾਪੁਰਾਣਾ ਵਿੱਚ ਰਜਿਸਟਰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਗੇਲਰੀ ਕਾਰਵਾਈ ਲਈ ਆਪਣੀ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ।
ਬਾਘਾਪੁਰਾਣਾ ਦੇ ਤਤਕਾਲੀ ਤਹਿਸੀਲਦਾਰ (ਸਬ ਰਜਿਸਟਰਾਰ) ਗੁਰਮੁੱਖ ਸਿੰਘ ਨੇ ਸਪੱਸ਼ਟ ਕੀਤਾ ਕਿ ਰਜਿਸਟਰੇਸ਼ਨ ਐਕਟ ਮੁਤਾਬਕ ਕਿ ਵਸੀਕਾ ਕਿਸੇ ਵੀ ਤਹਿਸੀਲ, ਹਸਪਤਾਲ, ਜੇਲ੍ਹ ਜਾਂ ਘਰ ਜਾ ਕੇ ਵੀ ਰਜਿਸਟਰਡ ਕੀਤਾ ਜਾ ਸਕਦਾ ਹੈ। ਉਨ੍ਹਾਂ ਜਾਂਚ ਅਧਿਕਾਰੀ ਕਮ ਐੱਸਡੀਐੱਮ ਨਿਹਾਲ ਸਿੰਘ ਵਾਲਾ ਕੋਲ ਰੱਖੇ ਗਏ ਆਪਣੇ ਪੱਖ ’ਚ ਆਖਿਆ ਕਿ ਉਨ੍ਹਾਂ ਕੋਲ ਬਾਘਾਪੁਰਾਣਾ ਤਹਿਸੀਲਦਾਰ (ਸਬ ਰਜਿਸਟਰਾਰ) ਦੇ ਨਾਲ ਨਿਹਾਲ ਸਿੰਘ ਵਾਲਾ ਦਾ ਵਾਧੂ ਚਾਰਜ ਵੀ ਸੀ। ਉਹ 4 ਦਸੰਬਰ 2024 ਨੂੰ ਪਹਿਲਾਂ ਦੁਪਹਿਰ 2.20 ਵਜੇ ਤੱਕ ਨਿਹਾਲ ਸਿੰਘ ਵਾਲਾ ਵਿੱਚ ਰਜਿਸਟਰੇਸ਼ਨ ਦਾ ਕੰਮ ਨਿਪਟਾਉਣ ਬਾਅਦ ਬਾਘਾਪੁਰਾਣਾ ਵਿੱਚ ਰਜਿਸਟਰੇਸ਼ਨ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਵਿਵਾਦਤ ਵਸੀਅਤ 2.40 ਮਿੰਟ ’ਤੇ ਨਿਹਾਲ ਸਿੰਘ ਵਾਲਾ ਦਫ਼ਤਰ ਪੇਸ਼ ਹੋਈ ਸੀ। ਰਜਿਸਟਰੀ ਕਲਰਕ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਦਾਂ ਅਤੇ ਧਿਰਾਂ ਦੀ ਮਜਬੂਰੀ ਸਮਝਦੇ ਕਿ ਉਨ੍ਹਾਂ ਦਾ ਬੰਦਾਂ ਬਿਮਾਰ ਹੈ ਅਤੇ ਹਸਪਤਾਲ ਵਿੱਚੋਂ ਲੈ ਕੇ ਆਏ ਹਨ।
ਵੇਰਵਿਆਂ ਮੁਤਾਬਕ ਨਛੱਤਰ ਸਿੰਘ ਧਾਲੀਵਾਲ ਪਿੰਡ ਦੀਨਾ ਨੇ ਕਮਿਸ਼ਨਰ ਫ਼ਰੀਦਕੋਟ ਮੰਡਲ, ਫ਼ਰੀਦਕੋਟ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਚਾਚਾ ਮੁਖਤਿਆਰ ਸਿੰਘ ਆਦੇਸ਼ ਇਸੰਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਮੈਡੀਕਲ ਰਿਸਸਰਚ ਬਠਿੰਡਾਂ ਵਿੱਚ ਦਾਖਲ ਸੀ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਅਤੇ ਬਾਈਪਾਸ ਸਰਜਰੀ ਲਈ ਉੱਥੇ ਪ੍ਰਬੰਧ ਨਾ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਹੋਰ ਹਸਪਤਾਲ ਲਿਜਾਣ ਲਈ ਆਖਿਆ ਸੀ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ 4 ਦਸੰਬਰ 2024 ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਹੀਰੋ ਹਾਰਟ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਸਮਾਂ 5.15 ਵਜੇ ਉਸਦੀ ਗਲਤ ਢੰਗ ਨਾਲ ਬਾਘਾਪੁਰਾਣਾ ਦਫ਼ਤਰ ਵਿੱਚ ਵਸੀਅਤ ਰਜਿਸਟਰਡ ਕੀਤੀ ਗਈ ਜਦੋਂ ਕਿ ਦਫ਼ਤਰੀ ਸਮਾਂ ਵੀ ਖ਼ਤਮ ਹੋ ਚੁੱਕਾ ਸੀ ਅਤੇ ਉਹ ਬੇਹੋਸ਼ੀ ਦੀ ਹਾਲਤ ਵਿਚ ਸੀ। ਉਸ ਨੂੰ ਦੇਰ ਰਾਤ ਡੀਐੱਮਸੀ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ। ਕਮਿਸ਼ਨਰ ਫ਼ਰੀਦਕੋਟ ਮੰਡਲ, ਫ਼ਰੀਦਕੋਟ ਨੇ ਸਥਾਨਕ ਡਿਪਟੀ ਕਮਿਸ਼ਨਰ ਨੁੰ ਜਾਂਚ ਦੇ ਹੁਕਮ ਦਿੱਤੇ ਗਏ ਸਨ।