ਐੱਨਪੀ ਧਵਨਪਠਾਨਕੋਟ, 8 ਜੂਨਪਠਾਨਕੋਟ ਜ਼ਿਲ੍ਹੇ ਦੇ ਨੀਮ-ਪਹਾੜੀ ਤੇ ਪੱਛੜੇ ਪਿੰਡ ਚੱਕੜ ਦੇ ਇੱਕ ਮਜ਼ਦੂਰ ਦੀ ਬੇਟੀ ਸੀਮਾ ਕੁਮਾਰੀ ਨੇ ਜੌਰਡਨ ਦੇ ਓਮਾਨ ਵਿੱਚ ਹੋਈ ਨੌਵੀਂ ਜੂ-ਜਿਤਸੂ (ਮਾਰਸ਼ਲ ਆਰਟਸ ਅਤੇ ਕੁਸ਼ਤੀ ਦੀ ਮਿਸ਼ਰਤ ਖੇਡ) ਏਸ਼ੀਅਨ ਚੈਂਪੀਅਨਸ਼ਿਪ-2025 ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਪੰਜਾਬ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਹ ਪੰਜਾਬ ਦੀ ਇਕਲੌਤੀ ਲੜਕੀ ਹੈ, ਜਿਸ ਨੇ ਜੂ-ਜਿਤਸੂ ਦੇ ਸੀਨੀਅਰ ਵਰਗ ਵਿੱਚ ਤਗ਼ਮਾ ਜਿੱਤਿਆ ਹੈ। ਸੀਮਾ ਦਾ ਪਿਤਾ ਮਦਨ ਲਾਲ ਆਪਣੀ ਧੀ ਦੀ ਇਸ ਪ੍ਰਾਪਤੀ ’ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਇਹ ਚੈਂਪੀਅਨਸ਼ਿਪ 23 ਮਈ ਤੋਂ 26 ਮਈ ਤੱਕ ਏਸ਼ੀਅਨ ਯੂਨੀਅਨ ਦੀ ਜੌਰਡਨ ਜੂ-ਜਿਤਸੂ ਫੈਡਰੇਸ਼ਨ ਵਲੋਂ ਕਰਵਾਈ ਗਈ ਤੇ ਇਸ ਵਿੱਚ 27 ਦੇਸ਼ਾਂ ਦੇ 750 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 45 ਭਾਰਤ ਦੇ ਸਨ।ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤ ਕੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਪੁੱਜਣ ਮਗਰੋਂ ਢੋਲ ਦੀ ਥਾਪ ’ਤੇ ਸੀਮਾ ਕੁਮਾਰੀ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੰਜਾਬ ਸਰਕਾਰ ਵਲੋਂ ਨਿੱਘਾ ਸਵਾਗਤ ਕੀਤਾ ਅਤੇ ਉਸ ਦਾ ਸਨਮਾਨ ਕੀਤਾ। ਇਸ ਮੌਕੇ ਸੀਮਾ ਦੀ ਮਾਤਾ ਕਮਲੇਸ਼ ਕੁਮਾਰੀ, ਪਿਤਾ ਮਦਨ ਲਾਲ ਅਤੇ ਪਿੰਡ ਵਾਸੀ ਵੀ ਪੁੱਜੇ ਹੋਏ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਠਾਨਕੋਟ ਜ਼ਿਲ੍ਹੇ ਦੀ ਧੀ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤ ਕੇ ਪੰਜਾਬ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਮਾ ਨੇ ਤਗ਼ਮਾ ਜਿੱਤ ਕੇ ਸਾਬਿਤ ਕਰ ਦਿਖਾਇਆ ਹੈ ਕਿ ਧੀਆਂ ਕਿਸੇ ਵੀ ਤਰ੍ਹਾਂ ਪੁੱਤਰਾਂ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਹ ਸੀਮਾ ਨੂੰ ਪੁਰਸਕਾਰ ਦਿਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬੀਏ ਭਾਗ-ਦੂਜਾ ਦੀ ਵਿਦਿਆਰਥਣ ਸੀਮਾ ਕੁਮਾਰੀ ਨੇ ਕਿਹਾ ਕਿ ਉਹ ਇਸ ਚੈਂਪੀਅਨਸ਼ਿਪ ਵਿੱਚ ਪਹੁੰਚਣ ਵਾਲੀ ਪੂਰੇ ਪੰਜਾਬ ਵਿੱਚੋਂ ਇਕਲੌਤੀ ਸੀ ਅਤੇ ਉਹ ਇਸ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ 2026 ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਵੀ ਚੁਣਿਆ ਗਿਆ ਹੈ, ਜਦ ਕਿ ਇਸ ਤੋਂ ਪਹਿਲਾਂ ਉਹ ਵਿਸ਼ਵ ਚੈਂਪੀਅਨਸ਼ਿਪ, ਜੋ ਕਿ ਥਾਈਲੈਂਡ ਦੇ ਬੈਂਕਾਕ ਵਿੱਚ 6 ਨਵੰਬਰ ਤੋਂ 11 ਨਵੰਬਰ ਵਿੱਚ ਹੋਵੇਗੀ, ਵਿੱਚ ਖੇਡਣ ਜਾਵੇਗੀ। ਉਸ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਬਹੁਤ ਗਰੀਬ ਹਨ ਪਰ ਉਸ ਦੇ ਕੋਚ ਸੰਜੀਵ ਤੋਮਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਇੱਥੋਂ ਤੱਕ ਪੁੱਜੀ ਹੈ।