ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ: ਭਾਰਤ ਨੇ ਮਿਕਸਡ ਰਿਲੇਅ ’ਚ ਸੋਨ ਤਗ਼ਮਾ ਜਿੱਤਿਆ
ਗੁਮੀ (ਦੱਖਣੀ ਕੋਰੀਆ), 28 ਮਈ
ਭਾਰਤ ਨੇ ਅੱਜ ਇੱਥੇ 26ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਕ ਸੋਨੇ, ਚਾਰ ਚਾਂਦੀ ਅਤੇ ਇੱਕ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤਰ੍ਹਾਂ ਭਾਰਤ ਦੇ ਕੁੱਲ ਤਗ਼ਮਿਆਂ ਦੀ ਗਿਣਤੀ ਅੱਠ ਹੋ ਗਈ ਹੈ। ਅੱਜ ਭਾਰਤ ਦੀ 4x400 ਮੀਟਰ ਮਿਕਸਡ ਰਿਲੇਅ ਟੀਮ ਨੇ ਸੋਨੇ ਦੇ ਤਗ਼ਮੇ ਦਾ ਬਚਾਅ ਕੀਤਾ। ਰੂਪਲ ਚੌਧਰੀ, ਸੰਤੋਸ਼ ਕੁਮਾਰ, ਵਿਸ਼ਾਲ ਟੀਕੇ ਅਤੇ ਸੁਭਾ ਵੈਂਕਟੇਸਨ ਦੀ ਭਾਰਤੀ ਚੌਕੜੀ ਨੇ 3:18.12 ਸੈਕਿੰਡ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ’ਚੋਂ ਰੂਪਲ ਨੇ ਦਿਨ ਦੇ ਸ਼ੁਰੂ ਵਿੱਚ ਵਿਅਕਤੀਗਤ ਮਹਿਲਾ 400 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ। ਇਸੇ ਤਰ੍ਹਾਂ ਤੇਜਸਵਿਨ ਸ਼ੰਕਰ ਨੇ ਡੀਕੈਥਲੋਨ, ਪ੍ਰਵੀਨ ਚਿਤਰਾਵੇਲ ਨੇ ਪੁਰਸ਼ਾਂ ਦੇ ਟ੍ਰਿਪਲ ਜੰਪ ਅਤੇ ਪੂਜਾ ਨੇ 1500 ਮੀਟਰ ਦੌੜ ਵਿੱਚ ਚਾਂਦੇ ਦੇ ਤਗ਼ਮੇ ਜਦਕਿ ਯੂਨਸ ਸ਼ਾਹ ਨੇ ਪੁਰਸ਼ਾਂ ਦੀ 1500 ਮੀਟਰ ਦੌੜ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਬੀਤੇ ਦਿਨ ਗੁਲਵੀਰ ਸਿੰਘ ਨੇ 10,000 ਮੀਟਰ ਦੌੜ ਵਿੱਚ ਸੋਨ ਤਗ਼ਮਾ ਅਤੇ ਸਰਵਿਨ ਸੇਬੈਸਟੀਅਨ ਨੇ 20 ਕਿਲੋਮੀਟਰ ਪੈਦਲ ਚਾਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਰੂਪਲ ਨੇ ਮਹਿਲਾ 400 ਮੀਟਰ ਦੌੜ ਦੇ ਫਾਈਨਲ ਵਿੱਚ 52.68 ਸੈਕਿੰਡ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹਿ ਕੇ ਭਾਰਤ ਨੂੰ ਦਿਨ ਦਾ ਪਹਿਲਾ ਤਗ਼ਮਾ ਜਿਤਾਇਆ। ਇਸੇ ਈਵੈਂਟ ਵਿੱਚ ਹਮਵਤਨ ਵਿਥਿਆ ਰਾਮਰਾਜ 53.00 ਸੈਕਿੰਡ ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਹੀ। ਜਪਾਨ ਦੀ ਨਾਨਾਕੋ ਮਾਤਸੁਮੋਟੋ (52.17 ਸੈਕਿੰਡ) ਨੇ ਸੋਨ ਤਗਮਾ ਜਿੱਤਿਆ, ਜਦਕਿ ਉਜ਼ਬੇਕਿਸਤਾਨ ਦੀ ਜ਼ੋਨਬੀਬੀ ਹੁਕਮੋਵਾ (52.79 ਸੈਕਿੰਡ) ਤੀਜੇ ਸਥਾਨ ’ਤੇ ਰਹੀ।
ਪੂਜਾ ਨੇ ਮਹਿਲਾ 1500 ਮੀਟਰ ਮੁਕਾਬਲੇ ਵਿੱਚ 4 ਮਿੰਟ 10.83 ਸੈਕਿੰਡ ਦੇ ਸਮੇਂ ਨਾਲ ਭਾਰਤ ਲਈ ਦੂਜਾ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਦੀ ਲਿਲੀ ਦਾਸ 4 ਮਿੰਟ 13.81 ਸੈਕਿੰਡ ਦੇ ਸਮੇਂ ਨਾਲ ਚੌਥੇ ਸਥਾਨ ’ਤੇ ਰਹਿ ਕੇ ਤਗ਼ਮੇ ਤੋਂ ਖੁੰਝ ਗਈ। ਚੀਨ ਦੀ ਲੀ ਚੁਨਹੂਈ ਨੇ 4 ਮਿੰਟ 10.58 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ, ਜਦਕਿ ਜਪਾਨ ਦੀ ਟੋਮੋਕਾ ਕਿਮੁਰਾ ਨੇ 4 ਮਿੰਟ 11.56 ਸੈਕਿੰਡ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਯੂਨਸ ਸ਼ਾਹ ਪੁਰਸ਼ਾਂ ਦੇ 1500 ਮੀਟਰ ਮੁਕਾਬਲੇ ਵਿੱਚ 3 ਮਿੰਟ 43.03 ਸੈਕਿੰਡ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਿਹਾ। -ਪੀਟੀਆਈ