ਏਸ਼ਿਆਈ ਅਥਲੈਟਿਕਸ ’ਚ 24 ਤਗ਼ਮਿਆਂ ਨਾਲ ਭਾਰਤ ਦੀ ਮੁਹਿੰਮ ਖ਼ਤਮ
ਗੁਮੀ, 31 ਮਈ
ਭਾਰਤ ਨੇ 26ਵੀਂ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਕੁੱਲ 24 ਤਗਮਿਆਂ ਨਾਲ ਸਮਾਪਤ ਕੀਤੀ। ਭਾਰਤੀ ਅਥਲੀਟਾਂ ਨੇ ਆਖਰੀ ਦਿਨ ਤਿੰਨ ਚਾਂਦੀ ਅਤੇ ਤਿੰਨ ਕਾਂਸੇ ਦੇ ਤਗ਼ਮੇ ਜਿੱਤੇ। ਦੌੜਾਕ ਪਾਰੁਲ ਚੌਧਰੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੂਜਾ ਚਾਂਦੀ ਦਾ ਤਗ਼ਮਾ ਜਿੱਤਿਆ। ਸਚਿਨ ਯਾਦਵ ਜੈਵਲਿਨ ਥ੍ਰੋਅ ਵਿੱਚ ਦੂਜੇ ਸਥਾਨ ’ਤੇ ਰਿਹਾ। ਅਨੀਮੇਸ਼ ਕੁਜੂਰ ਨੇ 200 ਮੀਟਰ ਦੌੜ ਵਿੱਚ ਕੌਮੀ ਰਿਕਾਰਡ ਤੋੜਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ। ਵਿਥਿਆ ਰਾਮਰਾਜ ਨੇ ਮਹਿਲਾ 400 ਮੀਟਰ ਅੜਿੱਕਾ ਦੌੜ ਅਤੇ ਪੂਜਾ ਨੇ ਵੀ 800 ਮੀਟਰ ਦੌੜ ਵਿੱਚ ਕਾਂਸੇ ਦੇ ਤਗ਼ਮੇ ਜਿੱਤੇ। ਅਭਿਨਯਾ ਰਾਜਰਾਜਨ, ਸਨੇਹਾ ਐੱਸਐੱਸ, ਐੱਸ ਨੰਦਾ ਅਤੇ ਨਿੱਤਿਆ ਜੀ ਦੀ ਚੌਕੜੀ ਨੇ ਮਹਿਲਾ 4x400 ਮੀਟਰ ਰਿਲੇਅ ਵਿੱਚ 43.86 ਸੈਕਿੰਡ ਦੇ ਸੀਜ਼ਨ ਦੇ ਸਰਬੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜੋ ਇਸ ਮੁਕਾਬਲੇ ਵਿੱਚ ਭਾਰਤ ਦਾ ਆਖਰੀ ਤਗ਼ਮਾ ਸੀ। ਇਸ ਤਰ੍ਹਾਂ ਭਾਰਤ ਦੀ ਮੁਹਿੰਮ ਅੱਠ ਸੋਨੇ, 10 ਚਾਂਦੀ ਅਤੇ ਛੇ ਕਾਂਸੇ ਦੇ ਤਗਮਿਆਂ ਨਾਲ ਖ਼ਤਮ ਹੋਈ। ਭਾਰਤ ਨੇ ਪਿਛਲੇ ਸਾਲ 27 ਤਗ਼ਮੇ ਜਿੱਤੇ ਸਨ ਪਰ ਸੋਨ ਤਗਮਿਆਂ ਦੀ ਗਿਣਤੀ ਛੇ ਸੀ।
ਪਾਰੁਲ ਔਰਤਾਂ ਦੀ 5000 ਮੀਟਰ ਦੌੜ ਵਿੱਚ 15 ਮਿੰਟ 15.33 ਸੈਕਿੰਡ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹੀ। ਉਸ ਨੇ ਇਸ ਤੋਂ ਪਹਿਲਾਂ 3000 ਮੀਟਰ ਸਟੀਪਲਚੇਜ਼ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। 25 ਸਾਲਾ ਯਾਦਵ ਨੇ 85.16 ਮੀਟਰ ਦੂਰ ਜੈਵਲਿਨ ਸੁੱਟਿਆ, ਜੋ ਉਸ ਦੀ ਸਰਬੋਤਮ ਕੋਸ਼ਿਸ਼ ਹੈ। ਉਹ ਮੌਜੂਦਾ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਤੋਂ ਪਿੱਛੇ ਰਿਹਾ, ਜਿਸ ਨੇ 86.40 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ। ਉੱਤਰ ਪ੍ਰਦੇਸ਼ ਦੇ ਕਿਸਾਨ ਪਰਿਵਾਰ ਵਿੱਚ ਜਨਮੇ ਯਾਦਵ ਦਾ ਪਹਿਲਾਂ ਨਿੱਜੀ ਸਰਬੋਤਮ ਪ੍ਰਦਰਸ਼ਨ 84.39 ਮੀਟਰ ਸੀ।
ਇਸ ਤੋਂ ਪਹਿਲਾਂ ਅਨੀਮੇਸ਼ ਨੇ ਪੁਰਸ਼ਾਂ ਦੀ 200 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 20.32 ਸੈਕਿੰਡ ਦਾ ਨਵਾਂ ਕੌਮੀ ਰਿਕਾਰਡ ਬਣਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। -ਪੀਟੀਆਈ