ਏਡਜ਼ ਕੰਟਰੋਲ ਐਂਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਦਰਸ਼ਨ
ਸਤਵਿੰਦਰ ਬਸਰਾ
ਲੁਧਿਆਣਾ, 8 ਜੂਨ
ਪੰਜਾਬ ਏਡਜ਼ ਕੰਟਰੋਲ ਐਂਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਆਪਣੀ ਇਕੋ ਇਕ ਮੰਗ ਰੈਗੂਲਰ ਅਤੇ ਤਨਖਾਹਾਂ ਵਿਚ 20% ਵਾਧੇ ਦੀ ਮੰਗ ਨੂੰ ਲੈਕੇ ਅੱਜ ਲੁਧਿਆਣਾ ਵੈਸਟ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਨੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ ਹੈ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਵਲੋਂ 18 ਮਈ ਨੂੰ ਵੀ ਸਾਂਤਮਈ ਰੋਸ ਮਾਰਚ ਆਪ ਦੇ ਸੰਸਦ ਮੈਂਬਰ ਅਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਸੰਜੀਵ ਅਰੋੜਾ ਦੇ ਮੁੱਖ ਦਫਤਰ ਤਕ ਕੀਤਾ ਸੀ । ਉਸ ਸਮੇਂ ਸ੍ਰੀ ਅਰੋੜਾ ਨੇ ਮੰਗ ਪੱਤਰ ਸੰਬੰਧਿਤ ਅਧਿਕਾਰੀਆਂ ਨੂੰ ਭੇਜਣ ਉਪਰੰਤ ਮੰਗਾਂ ਤੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਅੱਜ ਇੱਕ ਮਹੀਨਾ ਬੀਤਣ ਮਗਰੋਂ ਵੀ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਸਮੂਹ ਕਰਮਚਾਰੀਆਂ ਵਿਚ ਰੋਸ ਫੈਲ ਗਿਆ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਪੰਜਾਬ ਭਰ ਦੇ ਕਰਮਚਾਰੀਆਂ ਅਤੇ ਜਿਲਾ ਪ੍ਰਧਾਨ ਨਾਲ ਹੋਈ ਵਰਚੁਆਲ ਮੀਟਿੰਗ ਉਪਰੰਤ ਉਕਤ ਪ੍ਰਦਰਸ਼ਨ ਦਾ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਾਅਦਾ ਖਿਲਾਫੀ ਬਾਰੇ ਲੁਧਿਆਣਾ ਜਿਮਨੀ ਚੋਣ ਸਮੇਂ ਨਾ ਸਿਰਫ ਘਰ ਘਰ ਜਾ ਕੇ ਸਰਕਾਰ ਦੇ ਵਾਅਦਿਆਂ ਦਾ ਪਰਦਾ ਫਾਸ਼ ਕੀਤਾ ਜਾਵੇਗਾ ਸਗੋਂ ਰੋਸ ਰੈਲੀ ਵੀ ਕੱਢੀ ਜਾਵੇਗੀ । ਇਸੇ ਤਰਜ਼ ’ਤੇ ਅੱਜ ਸਮੂਹ ਕਰਮਚਾਰੀਆਂ ਨੇ ਰੋਸ ਰੈਲੀ ਕੀਤੀੇ। ਜਨਰਲ ਸਕੱਤਰ ਗੁਰਜੰਟ ਸਿੰਘ ਲੁਧਿਆਣਾ ਨੇ ਦੱਸਿਆ ਕਿ ਜੇਕਰ ਜਲਦ ਹੀ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤਾ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਹਰ ਐਤਵਾਰ ਨੂੰ ਲੁਧਿਆਣਾ ਵੈਸਟ ਵਿੱਚ ਲੋਕਾ ਦੇ ਘਰ ਘਰ ਜਾਕੇ ਲੋਕਾ ਨੂੰ ਆਮ ਆਦਮੀ ਪਾਰਟੀ ਅਤੇ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ ਲੋਕਾ ਨੂੰ ਜਾਗਰੂਕ ਕਰਕੇ ਆਪਣਾ ਰੋਸ ਜਹਿਰ ਕਰਨਗੇ। ਇਸ ਤੋਂ ਇਲਾਵਾ ਜਿਥੇ ਵੀ ਮੁੱਖ ਮੰਤਰੀ ਅਤੇ ਕੇਜਰੀਵਾਲ ਜਾਣਗੇ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਸਰਕਾਰ ਬਣੀ ਤਾਂ ਦਿੱਲੀ ਸਰਕਾਰ ਦੀ ਤਰਜ਼ ’ਤੇ ਤਨਖਾਹ ਵਿੱਚ 20 ਫੀਸਦ ਵਾਧਾ ਕੀਤਾ ਜਾਵੇਗਾ। ਸਾਰੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇਗਾ।