ਏਟਕ, ਸੀਟੂ, ਸੀਟੀਯੂ ਪੰਜਾਬ ਤੇ ਇੰਟਕ ਵੱਲੋਂ ਮਜ਼ਦੂਰ ਹੱਕਾਂ ਸਬੰਧੀ ਰੈਲੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੂਨ
ਏਟਕ, ਸੀਟੂ, ਸੀਟੀਯੂ ਪੰਜਾਬ ਅਤੇ ਇੰਟਕ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ 1958 ਵਿੱਚ ਮਜ਼ਦੂਰਾਂ ਅਤੇ ਮੁਲਾਜ਼ਮ ਵਿਰੋਧੀ ਸੋਧ ਦੇ ਹੁਕਮਾਂ ਵਿਰੁੱਧ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਬਾਹਰ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਲਈ ਮੰਗ ਪੱਤਰ ਦਿੱਤਾ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਜਤਿੰਦਰ ਪਾਲ ਸਿੰਘ, ਵਿਜੇ ਕੁਮਾਰ, ਸੁਖਮਿੰਦਰ ਸਿੰਘ ਲੋਟੇ, ਜਗਦੀਸ਼ ਚੰਦ, ਐਡਵੋਕੇਟ ਸਰਬਜੀਤ ਸਿੰਘ ਸਰਹਾਲੀ ਅਤੇ ਐਮਐਸ ਭਾਟੀਆ ਨੇ ਐਲਾਨ ਕੀਤਾ ਕਿ ਅਸੀਂ ਉਸ ਵੇਲੇ ਤੱਕ ਕਿਸੇ ਹਾਲਤ ਦੇ ਵਿੱਚ ਵੀ ਟਿੱਕ ਕੇ ਨਹੀਂ ਬੈਠਾਂਗੇ ਜਦੋਂ ਤੱਕ ਇਹ ਮਜ਼ਦੂਰ ਮਾਰੂ ਤੇ ਸੰਵਿਧਾਨ ਵਿਰੋਧੀ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਜਾਂਦਾ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਪਾਰਕ ਅਦਾਰਿਆਂ ਨੂੰ 20 ਮੁਲਾਜ਼ਮ ਰੱਖਣ ਤੱਕ ਕੋਈ ਰਜਿਸਟਰੇਸ਼ਨ ਨਾ ਕਰਵਾਉਣ ਦੀ ਦਿੱਤੀ ਖੁੱਲ੍ਹ ਰੱਦ ਕਰੇ, ਕੰਮ ਦੇ ਘੰਟੇ ਜੋ ਵਧਾ ਕੇ 12 ਕਰ ਦਿੱਤੇ ਗਏ ਹਨ ਉਸ ਫ਼ੈਸਲੇ ਨੂੰ ਰੱਦ ਕੀਤਾ ਜਾਵੇ ਅਤੇ ਦਿਹਾੜੀ ਵਿੱਚ ਅੱਠ ਘੰਟੇ ਹੀ ਕੰਮ ਲਿਆ ਜਾਵੇ, ਕਿਰਤ ਵਿਭਾਗ ਦੀ ਨਿਗਰਾਨੀ ਅਦਾਰਿਆਂ ਤੇ ਉਸੇ ਤਰ੍ਹਾਂ ਕਾਇਮ ਰਹੇ।
ਉਨ੍ਹਾਂ ਓਵਰਟਾਈਮ ਜੋ ਵਧਾ ਕੇ ਤਿਮਾਹੀ ਵਿੱਚ 144 ਘੰਟੇ ਕੀਤਾ ਗਿਆ ਹੈ, ਨੂੰ ਵਾਪਸ ਲੈਣ, ਪਿਛਲੇ 12 ਸਾਲ ਤੋਂ ਜੋ ਘੱਟੋ ਘੱਟ ਉਜ਼ਰਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਉਹ ਬਿਨਾਂ ਕਿਸੇ ਦੇਰੀ ਤੋਂ ਵਾਧਾ ਕੀਤਾ ਜਾਵੇ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਇਸ ਮੌਕੇ ਵਿਜੇ ਕੁਮਾਰ, ਅਮਰਨਾਥ ਕੂਮਕਲਾਂ, ਸਮਰ ਬਹਾਦਰ, ਰਾਮ ਲਾਲ, ਤਹਿਸੀਲਦਾਰ, ਬਲਰਾਮ ਸਿੰਘ, ਅਜੀਤ ਕੁਮਾਰ, ਸੁਦੇਸ਼ਵਰ ਤਿਵਾੜੀ, ਮਾਸਟਰ ਫਿਰੋਜ਼, ਗੁਰਜੀਤ ਸਿੰਘ ਜਗਪਾਲ, ਕੁਲਦੀਪ ਸਿੰਘ ਅਤੇ ਤਿਲਕ ਰਾਜ ਡੋਗਰਾ ਵੀ ਹਾਜ਼ਰ ਸਨ।