ਏਜੰਟਾਂ ਵੱਲੋਂ ਅਮਰੀਕਾ ਭੇਜਿਆ ਕਪੂਰਥਲਾ ਦਾ ਨੌਜਵਾਨ ਕੋਲੰਬੀਆ ’ਚ ਫਸਿਆ
ਹਤਿੰਦਰ ਮਹਿਤਾ
ਜਲੰਧਰ, 5 ਜੁਲਾਈ
ਏਜੰਟਾਂ ਵੱਲੋਂ ਅਮਰੀਕਾ ਭੇਜਣ ਦਾ ਵਾਅਦਾ ਕਰਕੇ ਡੰਕਰਾਂ ਹਵਾਲੇ ਕੀਤਾ ਗਿਆ ਕਪੂਰਥਲਾ ਦਾ 25 ਸਾਲਾ ਬਲਵਿੰਦਰ ਸਿੰਘ ਕੋਲੰਬੀਆ ਵਿੱਚ ਫਸਿਆ ਹੋਇਆ ਹੈ। ਪਿਛਲੇ ਸਾਲ ਉਹ ਕੋਲੰਬੀਆ ਦੇ ਖ਼ਤਰਨਾਕ ਜੰਗਲਾਂ ਵਿੱਚ ਡੰਕਰਾਂ ਤੋਂ ਤਾਂ ਬਚ ਨਿਕਲਿਆ ਸੀ ਪਰ ਉਸ ਨੂੰ ਦੇਸ਼ ਵਾਪਸ ਆਉਣ ਵਿੱਚ ਮੁਸ਼ਕਲ ਆ ਰਹੀ ਹੈ।
ਕਪੂਰਥਲਾ ਦੇ ਬਾਜਾ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਦੇ ਪਰਿਵਾਰ ਨੇ ਦੱਸਿਆ ਕਿ ਡੰਕਰਾਂ ਤੋਂ ਬਚਣ ਮਗਰੋਂ ਪੰਜ ਮਹੀਨੇ ਬਾਅਦ ਉਨ੍ਹਾਂ ਦਾ ਉਸ ਨਾਲ ਸੰਪਰਕ ਹੋਇਆ ਹੈ। ਬਲਵਿੰਦਰ ਨੇ ਪਰਿਵਾਰ ਨੂੰ ਫੋਨ ’ਤੇ ਦੱਸਿਆ ਕਿ ਏਜੰਟਾਂ ਨੇ ਉਸ ਨੂੰ ਸਹੀ ਰਸਤੇ ਅਮਰੀਕਾ ਭੇਜਣ ਦੀ ਥਾਂ ਕੋਲੰਬੀਆਂ ਵਿੱਚ ਹਰਿਆਣਾ ਦੇ ਅੰਬਾਲਾ ਅਤੇ ਪਾਣੀਪਤ ਦੇ ਰਹਿਣ ਵਾਲੇ ਚਾਰ ਹੋਰ ਨੌਜਵਾਨਾਂ ਨਾਲ ਡੰਕਰਾਂ ਹਵਾਲੇ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਲਗਪਗ ਪੰਜ ਮਹੀਨੇ ਬੰਦੀ ਬਣਾ ਕੇ ਰੱਖਿਆ ਗਿਆ। ਉਸ ਨੇ ਦੱਸਿਆ ਕਿ ਡੰਕਰਾਂ ਨੇ ਇਨ੍ਹਾਂ ’ਚੋ ਤਿੰਨ ਨੌਜਵਾਨਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ। ਡੰਕਰਾਂ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਣ ਲਈ ਤਸੀਹੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ ਗਈਆਂ ਸਨ। ਬਲਵਿੰਦਰ ਨੇ ਦੱਸਿਆ ਕਿ ਉਸ ਨੂੰ ਵੀ ਗੋਲੀ ਮਾਰਨ ਦਾ ਹੁਕਮ ਦਿੱਤਾ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਲਗਪਗ 600 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਕੋਲੰਬੀਆ ਦੇ ਸ਼ਹਿਰ ਪਹੁੰਚਿਆ।
ਬਲਵਿੰਦਰ ਅਨੁਸਾਰ ਡੰਕਰਾਂ ਨੇ ਹਰਿਆਣਾ ਦੇ ਨੌਜਵਾਨਾਂ ਦੇ ਮੂੰਹ ’ਤੇ ਪਲਾਸਟਿਕ ਦੇ ਲਿਫਾਫੇ ਪਾ ਕੇ ਗਰਮ ਰਾਡਾਂ ਉਨ੍ਹਾਂ ਦੇ ਸਰੀਰ ’ਤੇ ਲਾਈਆਂ, ਪਲਾਸਟਿਕ ਪਿਘਲਾ ਕੇ ਉਨ੍ਹਾਂ ਦੇ ਸਰੀਰ ’ਤੇ ਪਾਈ ਅਤੇ ਬਲੇਡਾਂ ਨਾਲ ਡੂੰਘੇ ਕੱਟ ਵੀ ਲਾਏ। ਨਾਲ ਵਾਲੇ ਕਮਰੇ ਵਿੱਚ ਉਸ ਨੂੰ ਉਨ੍ਹਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ।
ਸੁਲਤਾਨਪੁਰ ਲੋਧੀ ਵਿੱਚ ਨਿਰਮਲ ਕੁਟਿਆ ਪਹੁੰਚੀ ਬਲਵਿੰਦਰ ਦੀ ਮਾਂ ਸ਼ਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ 2024 ਵਿੱਚ ਬਲਵਿੰਦਰ ਨੂੰ ਅਮਰੀਕਾ ਭੇਜਣ ਲਈ ਕਪੂਰਥਲਾ ਦੇ ਚਾਰ ਏਜੰਟਾਂ ਨੂੰ 28 ਲੱਖ ਰੁਪਏ ਦਿੱਤੇ ਸਨ। ਪੈਸੇ ਇਕੱਠੇ ਕਰਨ ਲਈ ਉਨ੍ਹਾਂ ਨੂੰ ਆਪਣੀ 3 ਏਕੜ ਜ਼ਮੀਨ ਅਤੇ ਘਰ ਵੀ ਵੇਚਣਾ ਪਿਆ। ਹੁਣ ਉਹ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਬਲਵਿੰਦਰ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਉਨ੍ਹਾਂ ਦਾ ਪਿਤਾ ਲੰਬੇ ਸਮੇਂ ਤੋਂ ਬਿਮਾਰ ਹੈ। ਪਰਿਵਾਰ ਨੇ ਕਪੂਰਥਲਾ ਦੇ ਐੱਸਐੱਸਪੀ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ, ‘ਬਲਵਿੰਦਰ ਨੇ ਪੰਜ ਮਹੀਨਿਆਂ ਬਾਅਦ ਸਾਡੇ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਅਸੀਂ ਸੰਸਦ ਮੈਂਬਰ ਨਾਲ ਸੰਪਰਕ ਕੀਤਾ। ਅਸੀਂ ਸਿਰਫ਼ ਆਪਣੇ ਪੁੱਤਰ ਦੀ ਭਾਰਤ ਸੁਰੱਖਿਅਤ ਵਾਪਸੀ ਚਾਹੁੰਦੇ ਹਾਂ।’
ਸੀਚੇਵਾਲ ਨੇ ਮਾਮਲਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ
ਪੀੜਤ ਪਰਿਵਾਰ ਨੇ ਰਾਜ ਸਭਾ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਬਲਵਿੰਦਰ ਸਿੰਘ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਸੀਚੇਵਾਲ ਇਸ ਵੇਲੇ ਕੈਨੇਡਾ ਵਿੱਚ ਹਨ। ਉਨ੍ਹਾਂ ਫੋਨ ’ਤੇ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਅਤੇ ਕੋਲੰਬੀਆ ਵਿੱਚ ਭਾਰਤੀ ਸਫਾਰਤਖਾਨੇ ਨਾਲ ਸੰਪਰਕ ਕਰਕੇ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਐੱਨਆਈਏ ਨੇ ‘ਡੰਕੀ’ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ ਪੰਜਾਬੀ ਸਣੇ ਦੋ ਗ੍ਰਿਫ਼ਤਾਰ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ‘ਡੰਕੀ’ ਰੂਟ ਰਾਹੀਂ ਅਮਰੀਕਾ ਵਿੱਚ ਮਨੁੱਖੀ ਤਸਕਰੀ ਕਰਨ ਦੇ ਮਾਮਲੇ ’ਚ ਸ਼ਾਮਲ ਦੋ ਮੁੱਖ ਮਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਉਨ੍ਹਾਂ ਦੇ ਟਿਕਾਣਿਆਂ ’ਤੇ ਤਲਾਸ਼ੀ ਮਗਰੋਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਐੱਨਆਈਏ ਨੇ ਬਿਆਨ ਵਿੱਚ ਕਿਹਾ ਕਿ ਮੁਲਜ਼ਮਾਂ ’ਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਦਾ ਰਹਿਣ ਵਾਲਾ ਸਨੀ ਉਰਫ਼ ਸਨੀ ਡੰਕਰ ਅਤੇ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਰਹਿਣ ਵਾਲੇ ਸ਼ੁਭਮ ਸੰਧਲ ਉਰਫ਼ ਦੀਪ ਸ਼ਾਮਲ ਹੈ। ਦੀਪ ਇਸ ਵੇਲੇ ਬਾਹਰੀ ਦਿੱਲੀ ਦੇ ਪੀਰਾਗੜ੍ਹੀ ਵਿੱਚ ਰਹਿ ਰਿਹਾ ਸੀ। ਇਨ੍ਹਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਏਜੰਸੀ ਨੇ ਕਿਹਾ ਕਿ ਦੋਵੇਂ ਮੁਲਜ਼ਮ ਗਗਨਦੀਪ ਸਿੰਘ ਉਰਫ਼ ਗੋਲਡੀ ਦੇ ਸਾਥੀ ਹਨ, ਜਿਸ ਨੂੰ ਮਾਰਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗਗਨਦੀਪ ਨੂੰ ਇੱਕ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਡੰਕੀ ਰੂਟ ਦੀ ਵਰਤੋਂ ਕਰਕੇ ਮਨੁੱਖੀ ਤਸਕਰੀ ਰਾਹੀਂ ਅਮਰੀਕਾ ਭੇਜਿਆ ਗਿਆ ਸੀ ਅਤੇ ਫਰਵਰੀ ਮਹੀਨੇ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ ਸੀ।
ਐੱਨਆਈਏ ਨੇ ਨਵੀਂ ਦਿੱਲੀ ਦੇ ਤਿਲਕ ਨਗਰ ਵਿੱਚ ਰਹਿਣ ਵਾਲੇ ਗਗਨਦੀਪ ਸਿੰਘ ਨੂੰ 27 ਜੂਨ ਨੂੰ ਚਾਰਜਸ਼ੀਟ ਕੀਤਾ ਸੀ। ਐੱਨਆਈਏ ਦੀ ਜਾਂਚ ਅਨੁਸਾਰ ਗਗਨਦੀਪ ਹਰ ਯਾਤਰੀ ਤੋਂ ਲਗਪਗ 45 ਲੱਖ ਰੁਪਏ ਲੈਂਦਾ ਸੀ ਅਤੇ ਉਨ੍ਹਾਂ ਨੂੰ ਵਾਜਬ ਕਾਨੂੰਨੀ ਵੀਜ਼ਾ ਦਿਵਾ ਕੇ ਅਮਰੀਕਾ ਭੇਜਣ ਦਾ ਵਾਅਦਾ ਕਰਦਾ ਸੀ ਪਰ ਆਖ਼ਰ ਉਸ ਨੂੰ ਖ਼ਤਰਨਾਕ ਗ਼ੈਰਕਾਨੂੰਨੀ ਡੰਕੀ ਰੂਟ ਰਾਹੀਂ ਭੇਜਿਆ ਜਾਂਦਾ ਸੀ। ਗਗਨਦੀਪ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਇਸੇ ਤਰ੍ਹਾਂ 100 ਤੋਂ ਵੱਧ ਵਿਅਕਤੀਆਂ ਨੂੰ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਭੇਜਿਆ ਸੀ। ਐੱਨਆਈਏ ਨੇ ਕਿਹਾ ਕਿ ਗਗਨਦੀਪ ਦੇ ਗਿਰੋਹ ਦਾ ਮੁੱਖ ਸਹਿਯੋਗੀ/ਡੰਕਰ ਸਨੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ। ਐੱਨਆਈਏ ਨੇ 13 ਮਾਰਚ ਨੂੰ ਇਹ ਕੇਸ ਪੰਜਾਬ ਪੁਲੀਸ ਤੋਂ ਆਪਣੇ ਹੱਥ ’ਚ ਲਿਆ ਸੀ। -ਪੀਟੀਆਈ