ਸਿਓਲ, 8 ਮਾਰਚਉੱਤਰ ਕੋਰੀਆ ਨੇ ਪਹਿਲੀ ਵਾਰ ਨਿਰਮਾਣਅਧੀਨ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਪਣਡੁੱਬੀ ਦੀ ਝਲਕ ਦਿਖਾਈ। ਇਹ ਹਥਿਆਰ ਪ੍ਰਣਾਲੀ ਹੈ ਜੋ ਦੱਖਣੀ ਕੋਰੀਆ ਅਤੇ ਅਮਰੀਕਾ ਲਈ ਵੱਡਾ ਸੁਰੱਖਿਆ ਖ਼ਤਰਾ ਪੈਦਾ ਕਰ ਸਕਦੀ ਹੈ। ਸਰਕਾਰੀ ਮੀਡੀਆ ਨੇ ਅੱਜ ਇਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਤੇ ਇਨ੍ਹਾਂ ਤਸਵੀਰਾਂ ਵਿੱਚ ਦਿਖਾਈ ਗਈ ਪਣਡੁੱਬੀ ਨੂੰ ਉਸ ਨੇ ‘ਪਰਮਾਣੂ ਊਰਜਾ ਨਾਲ ਚੱਲਣ ਵਾਲੀ ਰਣਨੀਤਕ ਨਿਰਦੇਸ਼ਿਤ ਮਿਜ਼ਾਈਲ ਪਣਡੁੱਬੀ’ ਕਿਹਾ। ਇਸ ਦੌਰਾਨ ਉੱਤਰ ਕੋਰੀਆ ਨੇ ਪਰਮਾਣੂ ਰਿਐਕਟਰ ਦੇ ਉਤਪਾਦਨ ਲਈ ਰੂਸੀ ਤਕਨੀਕੀ ਸਹਾਇਤਾ ਮਿਲਣ ਦੀ ਆਸ ਪ੍ਰਗਟਾਈ।ਖ਼ਬਰ ਮੁਤਾਬਕ ਉੱਤਰ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ਉਨ੍ਹਾਂ ਪ੍ਰਮੁੱਖ ਸ਼ਿਪਯਾਰਡਾਂ ਦਾ ਦੌਰਾ ਕੀਤਾ, ਜਿੱਥੇ ਕਿ ਜੰਗੀ ਬੇੜੇ ਬਣਾਏ ਜਾਂਦੇ ਹਨ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਜਾਂ ਕੇਸੀਐੱਨਏ ਨੇ ਪਣਡੁੱਬੀ ਬਾਰੇ ਵੇਰਵਾ ਨਹੀਂ ਦਿੱਤਾ ਪਰ ਇਹ ਜ਼ਰੂਰ ਕਿਹਾ ਕਿ ਕਿਮ ਨੂੰ ਇਸ ਦੇ ਨਿਰਮਾਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਸਿਓਲ ਦੀ ਹਾਨਯਾਂਗ ਯੂਨੀਵਰਸਿਟੀ ਵਿੱਚ ਪੜ੍ਹਾਉਣ ਵਾਲੇ ਦੱਖਣੀ ਕੋਰਿਆਈ ਪਣਡੁੱਬੀ ਮਾਹਿਰ ਮੂਨ ਕਿਊਨ-ਸਿਕ ਨੇ ਕਿਹਾ ਕਿ ਜਲ ਸੈਨਾ ਦਾ ਇਹ ਬੇੜਾ 6000 ਟਨ ਵਰਗ ਜਾਂ 7000 ਟਨ ਵਰਗ ਦਾ ਲੱਗਦਾ ਹੈ, ਜੋ ਲਗਪਗ 10 ਮਿਜ਼ਾਈਲਾਂ ਨੂੰ ਲੈ ਕੇ ਜਾ ਸਕਦਾ ਹੈ। ਪਰਮਾਣੂ ਊਰਜਾ ਨਾਲ ਚੱਲਣ ਵਾਲੀ ਪਣਡੁੱਬੀ ਉਨ੍ਹਾਂ ਅਤਿਆਧੁਨਿਕ ਹਥਿਆਰਾਂ ਦੀ ਲੰਬੀ ਇੱਛਾ ਸੂਚੀ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਕਿਮ ਨੇ 2021 ਵਿੱਚ ਪ੍ਰਮੁੱਖ ਸਿਆਸੀ ਸੰਮੇਲਨ ਦੌਰਾਨ ਪੇਸ਼ ਕਰਨ ਦੀ ਸਹੁੰ ਚੁੱਕੀ ਸੀ ਤਾਂ ਜੋ ਅਮਰੀਕਾ ਦੀ ਅਗਵਾਈ ਵਾਲੀਆਂ ਫੌਜੀ ਚੁਣੌਤੀਆਂ ਤੋਂ ਨਜਿੱਠਿਆ ਜਾ ਸਕੇ।ਪਣਡੁੱਬੀ ਮਾਹਿਰ ਮੂਨ ਨੇ ਕਿਹਾ ਕਿ ਉੱਤਰ ਕੋਰੀਆ ਨੂੰ ਯੂਕਰੇਨ ਖ਼ਿਲਾਫ਼ ਰੂਸ ਦੀਆਂ ਜੰਗੀ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਰਸਮੀ ਹਥਿਆਰਾਂ ਤੇ ਸੈਨਿਕਾਂ ਦੀ ਸਪਲਾਈ ਬਦਲੇ ਪਣਡੁੱਬੀ ਵਿੱਚ ਇਸਤੇਮਾਲ ਹੋਣ ਵਾਲੇ ਪਰਮਾਣੂ ਰਿਐਕਟਰ ਦੇ ਉਤਪਾਦਨ ਲਈ ਰੂਸੀ ਤਕਨੀਕੀ ਸਹਾਇਤਾ ਮਿਲ ਸਕਦੀ ਹੈ। -ਏਪੀ