ਉੱਡ ਉੱਡ ਚਿੜੀਏ ਨੀਂ...
ਜੋਗਿੰਦਰ ਕੌਰ ਅਗਨੀਹੋਤਰੀ
ਮਨੁੱਖ ਦਾ ਮਨ ਸਮੁੰਦਰ ਹੈ। ਜਿਵੇਂ ਸਮੁੰਦਰ ਦੀ ਥਾਹ ਨਹੀਂ ਪਾਈ ਜਾ ਸਕਦੀ, ਉਵੇਂ ਹੀ ਮਨੁੱਖ ਦੇ ਮਨ ਦੀ ਥਾਹ ਵੀ ਨਹੀਂ ਪਾਈ ਜਾ ਸਕਦੀ। ਸੰਵੇਦਨਸ਼ੀਲ ਵਿਅਕਤੀ ਕੁੱਝ ਨਾ ਕੁੱਝ ਸੋਚਦਾ ਹੀ ਰਹਿੰਦਾ ਹੈ। ਇਹ ਸੋਚਾਂ ਸੋਚ ਕੇ ਜਦੋਂ ਉਹ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਤਾਂ ਜੇਕਰ ਸੁਣਨ ਵਾਲਿਆਂ ਨੂੰ ਪਸੰਦ ਆ ਜਾਣ ਤਾਂ ਉਹ ਵਿਚਾਰ ਸਮਾਜ ਰੂਪੀ ਸੰਸਥਾ ਅਪਣਾਅ ਲੈਂਦੀ ਹੈ। ਕੁੜੀਆਂ ਦੀ ਚਿੜੀਆਂ ਨਾਲ ਤੁਲਨਾ ਕਰਨਾ ਵੀ ਮਨੁੱਖੀ ਮਨ ਦੀ ਸੰਵੇਦਨਾ ਹੈ। ਜਿਵੇਂ ਕੁੜੀਆਂ ਘਰਾਂ ਵਿੱਚ ਹੱਸਦੀਆਂ ਖੇਡਦੀਆਂ ਹਨ ਅਤੇ ਕਦੇ ਕਿਸੇ ਪਾਸੇ ਜਾਂਦੀਆਂ ਹਨ, ਕਦੇ ਕਿਸੇ ਪਾਸੇ ਜਾਂਦੀਆਂ ਹਨ ਉਵੇਂ ਹੀ ਚਿੜੀਆਂ ਇਕੱਠੀਆਂ ਹੋ ਕੇ ਚੀਂ ਚੀਂ ਕਰਦੀਆਂ ਤੇ ਆਪਣੇ ਆਪ ਹੀ ਦੂਰ ਉਡਾਰੀ ਮਾਰ ਜਾਂਦੀਆਂ ਹਨ। ਚਿੜੀਆਂ ਦੇ ਦੂਰ ਉਡਾਰੀ ਮਾਰਨ ਦੀ ਤੁਲਨਾ ਕੁੜੀਆਂ ਦੇ ਸਹੁਰੇ ਜਾਣ ਨਾਲ ਕੀਤੀ ਗਈ ਹੈ। ਆਮ ਤੌਰ ’ਤੇ ਇਹ ਗੀਤ ਵੀ ਗਾਇਆ ਜਾਂਦਾ ਹੈ;
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬੁਲ ਅਸਾਂ ਉੱਡ ਜਾਣਾ।
ਸਾਡੀ ਲੰਮੀ ਉਡਾਰੀ ਵੇ ਖੌਰੇ
ਕਿਹੜੇ ਦੇਸ਼ ਜਾਣਾ।
ਚਿੜੀਆਂ ਭਾਵੇਂ ਛੋਟੇ ਪੰਛੀ ਹਨ, ਪਰ ਸਾਰੇ ਪੰਛੀਆਂ ਵਿੱਚ ਇਨ੍ਹਾਂ ਦੀ ਵਿਸ਼ੇਸ਼ ਥਾਂ ਹੈ। ਚਿੜੀਆਂ ਵਿਹੜੇ ਦੀ ਰੌਣਕ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਚਿੜੀਆਂ ਕੱਚੇ ਘਰਾਂ ਦੀਆਂ ਸਿਰਕੀ ਦੀਆਂ ਛੱਤਾਂ ਵਿੱਚ ਆਪਣੇ ਆਲ੍ਹਣੇ ਪਾਉਂਦੀਆਂ ਸਨ। ਚਿੜੀ ਤੇ ਚਿੜਾ ਦੋਵੇਂ ਹੀ ਰਲ ਕੇ ਇਹ ਆਲ੍ਹਣਾ ਬਣਾਉਂਦੇ ਅਤੇ ਫਿਰ ਉੱਥੇ ਰਹਿਣ ਬਸੇਰਾ ਕਰਦੇ। ਚਿੜੇ ਅਤੇ ਚਿੜੀ ਦੇ ਸਹਿਯੋਗ ਨਾਲ ਕੰਮ ਕਰਨ ਨੂੰ ਵੀ ਲੋਕਾਂ ਨੇ ਮਹਿਸੂਸ ਕੀਤਾ ਅਤੇ ਉਸ ਦੀ ਉਦਾਹਰਨ ਦਿੰਦੇ। ਭਾਵੇਂ ਇਹ ਉਦਾਹਰਨ ਮਜ਼ਾਕ ਵਿੱਚ ਹੀ ਹੈ;
ਦੇਖੀ ਯਾਰੀ ਚਿੜੇ ਚਿੜੀ ਦੀ
ਰਲ਼ ਕੇ ਛੱਤਣ ਪੱਟਣ।
ਚਿੜੀਆਂ ਸਵੇਰੇ ਸਵੇਰੇ ਹੀ ਉੱਠਦੀਆਂ ਅਤੇ ਚਹਿਚਹਾਉਂਦੀਆਂ ਹਨ। ਖੁੱਲ੍ਹੇ ਘਰਾਂ ਵਿੱਚ ਜਦੋਂ ਲੋਕ ਬਰਾਂਡਿਆਂ ਵਿੱਚ ਸੌਂਦੇ ਸਨ ਤਾਂ ਉਸ ਸਮੇਂ ਕੜੀਆਂ ਬਾਲਿਆਂ ਵਾਲੀ ਛੱਤ ਵਿੱਚ ਹੀ ਚਿੜੀਆਂ ਦੇ ਆਲ੍ਹਣੇ ਹੁੰਦੇ ਸਨ। ਜੇਕਰ ਛੱਤ ਗਾਡਰਾਂ ਵਾਲੀ ਹੁੰਦੀ ਤਾਂ ਵੀ ਚਿੜੀਆਂ ਦੇ ਜੋੜੇ ਗਾਡਰਾਂ ’ਤੇ ਰਾਤ ਕੱਟਦੇ, ਪਰ ਜੇਕਰ ਚਿੜੀ ਨੇ ਆਂਡੇ ਦਿੱਤੇ ਹੁੰਦੇ ਤਾਂ ਉਹ ਆਪਣੇ ਆਲ੍ਹਣੇ ਵਿੱਚ ਬੈਠਦੀ ਅਤੇ ਉਸ ਦਾ ਸਾਥੀ ਉਸ ਕੋਲ। ਅੰਦਰ ਬੈਠੀਆਂ ਚਿੜੀਆਂ ਨੂੰ ਕੋਈ ਵੀ ਉਠਾਉਂਦਾ ਨਹੀਂ ਸੀ, ਹਾਲਾਂਕਿ ਉਹ ਵਿੱਠਾਂ ਕਰਦੀਆਂ ਸਨ, ਪਰ ਕੱਚੀ ਥਾਂ ਭਾਵੇਂ ਉਹ ਲਿੱਪੀ ਵੀ ਹੁੰਦੀ, ਪਰ ਕੋਈ ਪਰਵਾਹ ਨਹੀਂ ਕਰਦਾ ਸੀ। ਪੰਛੀਆਂ ਨਾਲ ਲੋਕ ਪਿਆਰ ਕਰਦੇ ਸਨ।
ਬੱਚੇ ਪੰਛੀਆਂ ਨਾਲ ਇੰਨਾ ਪਿਆਰ ਕਰਦੇ ਸਨ ਕਿ ਉਨ੍ਹਾਂ ਦਾ ਇਨ੍ਹਾਂ ਨੂੰ ਫੜਨ ਨੂੰ ਜੀ ਕਰਦਾ। ਬੱਚੇ ਵਿਹੜੇ ਵਿੱਚ ਟੋਕਰਾ ਲਾ ਕੇ ਉਸ ਦੇ ਹੇਠਾਂ ਰੋਟੀ ਚੂਰ ਦਿੰਦੇ। ਟੋਕਰੇ ਹੇਠ ਡੰਡਾ ਲਾ ਕੇ ਡੰਡੇ ਨਾਲ ਦੂਰ ਤੱਕ ਜਾਣ ਵਾਲੀ ਰੱਸੀ ਬੰਨ੍ਹ ਲੈਂਦੇ ਅਤੇ ਜਦੋਂ ਚਿੜੀਆਂ ਰੋਟੀ ਖਾਂਦੀਆਂ ਜਾਂ ਚੋਗਾ ਚੁਗਦੀਆਂ ਤਾਂ ਉਸ ਰੱਸੀ ਨੂੰ ਖਿੱਚ ਲਿਆ ਜਾਂਦਾ ਅਤੇ ਟੋਕਰਾ ਡਿੱਗ ਪੈਂਦਾ। ਕੋਈ ਨਾ ਕੋਈ ਚਿੜੀ ਫਸ ਜਾਂਦੀ। ਫਿਰ ਉਸ ’ਤੇ ਚੁੰਨੀ ਦੇ ਕੇ ਉਸ ਨੂੰ ਬੜੇ ਧਿਆਨ ਨਾਲ ਬਾਹਰ ਕੱਢਿਆ ਜਾਂਦਾ ਅਤੇ ਫਿਰ ਉਸ ’ਤੇ ਰੰਗ ਲਾ ਕੇ ਉਸ ਨੂੰ ਉੜਾ ਦਿੱਤਾ ਜਾਂਦਾ। ਰੰਗੀ ਹੋਈ ਚਿੜੀ ਜਦ ਘਰ ਵਿੱਚ ਆਉਂਦੀ ਤਾਂ ਸਾਰੇ ਬੱਚੇ ਉਸ ਨੂੰ ਦੇਖ ਕੇ ਖ਼ੁਸ਼ ਹੁੰਦੇ, ਪਰ ਜਿਸ ਨੇ ਚਿੜੀ ਰੰਗੀ ਹੁੰਦੀ, ਉਸ ਨੂੰ ਇਉਂ ਲੱਗਦਾ ਸੀ ਜਿਵੇਂ ਉਸ ਚਿੜੀ ’ਤੇ ਉਸ ਦਾ ਹੀ ਹੱਕ ਹੋਵੇ।
ਚਿੜੀ ਭਾਵੇਂ ਖੇਤਾਂ ਵਿੱਚ ਚੋਗਾ ਚੁਗਦੀ ਹੈ, ਪਰ ਓਨਾ ਹੀ ਖਾਂਦੀ ਹੈ ਜਿੰਨੀ ਉਸ ਨੂੰ ਜ਼ਰੂਰਤ ਹੋਵੇ। ਉਹ ਚੋਗਾ ਜ਼ਿਆਦਾ ਜਮ੍ਹਾਂ ਨਹੀਂ ਕਰਦੀ। ਇਹ ਕਿਸਾਨ ਦੀ ਮਦਦ ਵੀ ਕਰਦੀ ਹੈ ਕਿਉਂਕਿ ਫ਼ਸਲਾਂ ’ਤੇ ਹਾਨੀਕਾਰਕ ਸੁੰਡੀਆਂ ਜਾਂ ਕੀੜਿਆਂ ਨੂੰ ਖਾਂਦੀ ਹੈ। ਉਂਜ ਤਾਂ ਇਹ ਕਹਾਵਤ ਵੀ ਪ੍ਰਚੱਲਿਤ ਹੈ ਕਿ ‘ਅਬ ਪਛਤਾਏ ਕਿਆ ਹੋਇ ਜਬ ਚਿੜੀਆ ਚੁਗ ਗਈ ਖੇਤ’ ਪਰ ਚਿੜੀਆਂ ਖੇਤ ਨਹੀਂ ਚੁਗਦੀਆਂ, ਉਹ ਤਾਂ ਸਿਰਫ਼ ਢਿੱਡ ਹੀ ਭਰਦੀਆਂ ਹਨ।
ਚਿੜੀਆਂ ਨਾਲ ਕੁੜੀਆਂ ਦੀ ਤੁਲਨਾ ਕਰਨੀ ਇੱਕ ਅਜਿਹੀ ਸੋਚ ਹੈ ਕਿ ਕੁੜੀਆਂ ਵੀ ਘਰੋਂ ਚਲੀਆਂ ਜਾਂਦੀਆਂ ਹਨ ਅਤੇ ਚਿੜੀਆਂ ਵੀ ਉਡਾਰੀ ਮਾਰ ਕੇ ਚਲੀਆਂ ਜਾਂਦੀਆਂ ਹਨ। ਇਸ ਧਾਰਨਾ ਅਨੁਸਾਰ ਕੁੜੀਆਂ ਦੇ ਦਿਮਾਗ਼ ਵਿੱਚ ਵੀ ਇਹ ਗੱਲ ਬੈਠ ਗਈ। ਕੁੜੀਆਂ ਨੂੰ ਵੀ ਚਿੜੀਆਂ ਚੰਗੀਆਂ ਲੱਗਣ ਲੱਗੀਆਂ ਅਤੇ ਲੋਕ ਗੀਤਾਂ ਵਿੱਚ ਉਹ ਇਨ੍ਹਾਂ ਦਾ ਜ਼ਿਕਰ ਕਰਦੀਆਂ ਤੇ ਇਨ੍ਹਾਂ ਨੂੰ ਇੰਜ ਕਹਿੰਦੀਆਂ;
ਉਡ ਉਡ ਚਿੜੀਏ ਨੀਂ
ਉੱਡ ਬਹਿ ਜਾ ਖਿੜਕੀ।
ਮੇਰੀ ਅੰਮੜੀ ਬਾਝੋਂ ਨੀਂ
ਮੈਂ ਸਭ ਨੇ ਝਿੜਕੀ।
ਮੇਰੇ ਬਾਬਲ ਦਿੱਤੜੀ ਦੂਰੇ
ਵੇ ਸੁਣ ਧਰਮੀ ਬਾਬਲਾ
ਪਰਦੇਸਣ ਬੈਠੀ ਝੂਰੇ।
ਜਦੋਂ ਕੋਈ ਮੁਟਿਆਰ ਆਪਣੇ ਮਾਪਿਆਂ ਜਾਂ ਭੈਣਾਂ ਭਰਾਵਾਂ ਦੇ ਵਿਜੋਗ ਵਿੱਚ ਆਪਣੇ ਆਪ ਨੂੰ ਇਕੱਲੀ ਜਿਹੀ ਮਹਿਸੂਸ ਕਰਦੀ ਹੈ ਤਾਂ ਉਹ ਆਪਣੇ ਮਨੋਭਾਵਾਂ ਨੂੰ ਇਸ ਤਰ੍ਹਾਂ ਪ੍ਰਗਟ ਕਰਦੀ;
ਉੱਡ ਉੱਡ ਚਿੜੀਏ ਨੀਂ
ਉੱਡ ਬਹਿ ਜਾ ਛੱਤ ਨੀਂ।
ਮੇਰੀ ਅੰਮੜੀ ਬਾਝੋਂ ਨੀਂ
ਕੌਣ ਭੇਜੇ ਖ਼ਤ ਨੀਂ।
ਮੇਰੇ ਬਾਬਲ ਦਿੱਤੜੀ ਦੂਰੇ
ਵੇ ਸੁਣ ਧਰਮੀ ਬਾਬਲਾ
ਪਰਦੇਸਣ ਬੈਠੀ ਝੂਰੇ।
ਇਹ ਪੰਛੀ ਸਭ ਦੇ ਮਨ ਨੂੰ ਭਾਉਂਦਾ ਹੈ। ਘਰ ਵਿੱਚ ਕੱਚੀਆਂ ਕੰਧਾਂ ’ਤੇ ਰੰਗ ਕਰਨ ਤੋਂ ਬਾਅਦ ਜਿੱਥੇ ਕੰਧਾਂ ਨੂੰ ਸਜਾਉਣ ਲਈ ਮੋਰ ਅਤੇ ਫੁੱਲ ਬੂਟੇ ਪਾਏ ਜਾਂਦੇ, ਉੱਥੇ ਚਿੜੀਆਂ ਵੀ ਨਾਲ ਪਾਈਆਂ ਜਾਂਦੀਆਂ। ਵੱਖ ਵੱਖ ਕਿਸਮ ਦੀਆਂ ਵੰਨਗੀਆਂ ਜਿਨ੍ਹਾਂ ਵਿੱਚ ਚਾਦਰਾਂ, ਸਿਰਹਾਣੇ, ਝੋਲੇ ਆਦਿ ਹੁੰਦੇ ਤਾਂ ਉਨ੍ਹਾਂ ’ਤੇ ਕਢਾਈ ਕਰਨ ਵੇਲੇ ਚਿੜੀਆਂ ਬਣਾਈਆਂ ਜਾਂਦੀਆਂ।
ਉਹ ਵੀ ਵੇਲਾ ਸੀ ਜਦੋਂ ਬੱਚਿਆਂ ਨੂੰ ਆਪਣੇ ਖਿਡਾਉਣੇ ਆਪ ਬਣਾਉਣੇ ਪੈਂਦੇ ਸਨ। ਬੱਚੇ ਖੇਡਣ ਲਈ ਮਿੱਟੀ ਦੇ ਖਿਡਾਉਣੇ ਆਪ ਬਣਾਉਂਦੇ ਸਨ। ਜਿਨ੍ਹਾਂ ਵਿੱਚ ਚੱਕੀ, ਚੁੱਲ੍ਹੇ ਅਤੇ ਹੋਰ ਚੀਜ਼ਾਂ ਦੇ ਨਾਲ ਨਾਲ ਚਿੜੀਆਂ ਅਤੇ ਮੋਰ ਵੀ ਬਣਾਏ ਜਾਂਦੇ। ਕਈ ਚੁਸਤ ਬੱਚੇ ਕੱਚੀ ਮਿੱਟੀ ਦੇ ਖਿਡਾਉਣਿਆਂ ਨੂੰ ਚੁੱਲ੍ਹੇ ਦੀ ਅੱਗ ਵਿੱਚ ਪਕਾ ਵੀ ਲੈਂਦੇ।
ਕਹਿੰਦੇ ਨੇ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਇਹੀ ਵਰਤਾਰਾ ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਹੈ। ਸੋ ਭੂਆ ਨੂੰ ਆਪਣੇ ਭਤੀਜੇ ਬਹੁਤ ਪਿਆਰੇ ਹੁੰਦੇ ਹਨ। ਸਾਡੇ ਸੱਭਿਆਚਾਰ ਵਿੱਚ ਭੂਆ ਨੂੰ ਆਪਣੇ ਭਤੀਜਿਆਂ ਦਾ ਏਨਾ ਮੋਹ ਹੁੰਦਾ ਹੈ ਕਿ ਉਹ ਦੁਨੀਆ ਦੀ ਹਰ ਸਲਤਨਤ ਆਪਣੇ ਭਤੀਜਿਆਂ ਨੂੰ ਸੌਂਪ ਕੇ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੁੰਦੀਆਂ ਹਨ। ਉਹ ਆਪਣੇ ਵੱਲੋਂ ਵੀ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਹਰ ਵਾਹ ਲਾਉਂਦੀਆਂ ਹਨ। ਭੂਆ ਆਪਣੇ ਭਤੀਜਿਆਂ ਲਈ ਕਦੇ ਧਾਗਿਆਂ ਦੀ ਪਹੁੰਚੀ ਬਣਾਉਂਦੀ ਹੈ ਅਤੇ ਕਦੇ ਤੜਾਗੀ। ਕਦੇ ਉਹ ਉਸ ਲਈ ਡਮਰੂ ਬਣਾਉਂਦੀ ਹੈ ਤੇ ਕਦੇ ਉਸ ਲਈ ਛਣਕਣਾ। ਕਦੇ ਉਸ ਲਈ ਮੋਰ ਬਣਾ ਕੇ ਦਿੰਦੀ ਹੈ ਕਦੇ ਚਿੜੀ। ਭੂਆ ਤਾਂ ਆਪਣੇ ਭਤੀਜੇ ਲਈ ਕੱਪੜੇ ਲੀੜੇ ਦੀਆਂ ਚਿੜੀਆਂ ਤੋਂ ਬਿਨਾਂ ਆਟੇ ਦੀਆਂ ਚਿੜੀਆਂ ਵੀ ਬਣਾ ਕੇ ਦਿੰਦੀ ਹੈ ਤਾਂ ਕਿ ਉਸ ਦਾ ਭਤੀਜਾ ਖ਼ੁਸ਼ ਰਹੇ।
ਚਿੜੀਆਂ ਦੇ ਆਲ੍ਹਣੇ ਆਮ ਤੌਰ ’ਤੇ ਘਰਾਂ ਦੀਆਂ ਛੱਤਾਂ ’ਤੇ ਹੁੰਦੇ ਸਨ, ਜੋ ਸਿਰਕੀ ਦੀਆਂ ਹੁੰਦੀਆਂ ਸਨ ਜਾਂ ਕੜੀਆਂ ਬਾਲਿਆਂ ਦੀਆਂ ਹੁੰਦੀਆਂ ਸਨ। ਇਸ ਤੋਂ ਬਿਨਾਂ ਚਿੜੀਆਂ ਦੇ ਆਲ੍ਹਣੇ ਕੰਧਾਂ ਦੇ ਮੋਰਿਆਂ ਵਿੱਚ ਅਤੇ ਕਈ ਵਾਰ ਕੁਥਰੇ ਥਾਵਾਂ ਵਿੱਚ ਜਿੱਥੇ ਸਾਮਾਨ ਸੁੱਟਿਆ ਪਿਆ ਹੋਵੇ, ਉੱਥੇ ਹੀ ਬਣਾ ਲੈਂਦੀਆਂ ਹਨ। ਉਂਜ ਕਈ ਵਾਰ ਚਿੜੀਆਂ ਆਲਿਆਂ ਵਿੱਚ ਵੀ ਆਲ੍ਹਣੇ ਪਾ ਲੈਂਦੀਆਂ ਹਨ। ਅੱਜਕੱਲ੍ਹ ਪੱਕੇ ਘਰ ਹੋਣ ਕਾਰਨ ਚਿੜੀਆਂ ਨੂੰ ਅਜਿਹੀ ਸੁਵਿਧਾ ਨਾ ਮਿਲਣ ਕਰਕੇ ਉਨ੍ਹਾਂ ਦੇ ਆਲ੍ਹਣਿਆਂ ਦਾ ਪਤਾ ਹੀ ਨਹੀਂ ਲੱਗਦਾ। ਤਾਂ ਹੀ ਤਾਂ ਘਰਾਂ ਵਿੱਚ ਚਿੜੀਆਂ ਘੱਟ ਨਜ਼ਰ ਆਉਂਦੀਆਂ ਹਨ।
ਇੱਕ ਚਿੜੀ ਆਪਣੇ ਆਲ੍ਹਣੇ ਨੂੰ ਬਣਾਉਣ ਲਈ ਆਪਣੇ ਸਾਥੀ ਦੀ ਮਦਦ ਨਾਲ ਮਿਹਨਤ ਕਰਕੇ ਆਲ੍ਹਣਾ ਬਣਾਉਂਦੀ ਹੈ ਜੋ ਬਿੱਲੀ ਤੋਂ ਸੁਰੱਖਿਅਤ ਹੁੰਦਾ ਹੈ। ਆਂਡੇ ਦੇਣ ਤੋਂ ਬਾਅਦ ਚਿੜੀ ਉਨ੍ਹਾਂ ਆਂਡਿਆਂ ’ਤੇ ਬੈਠਦੀ ਹੈ। ਇਨ੍ਹਾਂ ਆਂਡਿਆਂ ਵਿੱਚੋਂ ਅੱਠ ਦਿਨਾਂ ਬਾਅਦ ਬੱਚੇ ਨਿਕਲਦੇ ਹਨ। ਉਨ੍ਹਾਂ ਬੱਚਿਆਂ ਨੂੰ ਬੋਟ ਕਿਹਾ ਜਾਂਦਾ ਹੈ। ਚਿੜੀ ਦੇ ਆਂਡੇ ਕਾਲੇ ਅਤੇ ਘਸਮੈਲੇ ਰੰਗ ਦੇ ਹੁੰਦੇ ਹਨ। ਇਹ ਆਂਡੇ ਆਮ ਤੌਰ ’ਤੇ ਚਾਰ-ਪੰਜ ਹੁੰਦੇ ਹਨ। ਬੱਚੇ ਨਿਕਲਣ ਤੱਕ ਚਿੜੀ ਆਂਡਿਆਂ ’ਤੇ ਬੈਠੀ ਰਹਿੰਦੀ ਹੈ। ਬੋਟ ਵੱਡੇ ਹੋਣ ਤੋਂ ਬਾਅਦ ਜਦੋਂ ਛੋਟੇ ਬੱਚੇ ਦੀ ਸ਼ਕਲ ’ਚ ਆਉਂਦੇ ਹਨ ਜਿਸ ਤੋਂ ਉਹ ਚਿੜੀ ਵਰਗਾ ਲੱਗਦਾ ਹੈ ਤਾਂ ਬੱਚੇ ਉਸ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਸ ਦੇ ਪਿੱਛੇ ਪਿੱਛੇ ਭੱਜ ਕੇ ਕਈ ਵਾਰ ਉਸ ਨੂੰ ਫੜ ਵੀ ਲੈਂਦੇ ਸਨ। ਅੱਜਕੱਲ੍ਹ ਅਜਿਹੇ ਨਜ਼ਾਰੇ ਬੱਚਿਆਂ ਨੂੰ ਨਹੀਂ ਮਿਲਦੇ।
ਘਰ ਵਿੱਚ ਚਿੜੀ ਦੇ ਆਲ੍ਹਣਾ ਪਾਉਣ ’ਤੇ ਬੱਚਿਆਂ ਨੂੰ ਚਾਅ ਚੜ੍ਹ ਜਾਂਦਾ। ਉਨ੍ਹਾਂ ਨੂੰ ਆਲ੍ਹਣੇ ’ਚ ਬੈਠੀ ਚਿੜੀ ਬਹੁਤ ਵਧੀਆ ਲੱਗਦੀ। ਆਲ੍ਹਣੇ ਵਿੱਚ ਬੈਠੀ ਚਿੜੀ ਨੂੰ ਬੱਚੇ ਆਪ ਵੀ ਦੇਖਣ ਜਾਂਦੇ ਅਤੇ ਆਪਣੇ ਸਾਥੀ ਬੱਚਿਆਂ ਨੂੰ ਵੀ ਦਿਖਾਉਂਦੇ। ਕਈ ਵਾਰ ਬੱਚੇ ਆਲ੍ਹਣੇ ਦੇ ਨੇੜੇ ਚਲੇ ਜਾਂਦੇ ਤਾਂ ਚਿੜੀ ਵਿਚਾਰੀ ਨੂੰ ਆਲ੍ਹਣੇ ’ਚੋਂ ਭੱਜਣਾ ਪੈਂਦਾ। ਚਿੜੀ ਦੀ ਗ਼ੈਰ ਹਾਜ਼ਰੀ ਵਿੱਚ ਬੱਚੇ ਆਂਡੇ ਦੇਖਦੇ ਅਤੇ ਕਈ ਵਾਰ ਹੱਥ ਲਾ ਕੇ ਵੀ ਦੇਖਦੇ। ਘਰਦੇ ਸਿਆਣੇ ਬੰਦਿਆਂ ਵੱਲੋਂ ਬੱਚਿਆਂ ਨੂੰ ਅੰਡਿਆਂ ਦੇ ਹੱਥ ਲਾਉਣ ਤੋਂ ਰੋਕਿਆ ਜਾਂਦਾ ਤੇ ਇਹ ਡਰਾਵਾ ਦਿੱਤਾ ਜਾਂਦਾ ਕਿ ਜੇਕਰ ਤੁਸੀਂ ਆਂਡਿਆਂ ਨੂੰ ਹੱਥ ਲਾਏ ਤਾਂ ਚਿੜੀ ਇਨ੍ਹਾਂ ਅੰਡਿਆਂ ਨੂੰ ਛੱਡ ਕੇ ਇੱਥੋਂ ਚਲੀ ਜਾਵੇਗੀ। ਇਸ ਕਰਕੇ ਬੱਚੇ ਆਂਡਿਆਂ ਨੂੰ ਨਹੀਂ ਛੇੜਦੇ ਸਨ ਅਤੇ ਦੇਖ ਕੇ ਹੀ ਮੁੜ ਜਾਂਦੇ ਸਨ।
ਭਾਵੇਂ ਪ੍ਰਕਿਰਤੀ ਦੁਆਰਾ ਪੰਛੀਆਂ ਦੀ ਸਿਰਜਣਾ ਵੱਖ ਵੱਖ ਕੀਤੀ ਗਈ ਹੈ, ਪਰ ਕਈ ਵਾਰ ਉਨ੍ਹਾਂ ਨੂੰ ਇੱਕੋ ਨਾਮ ਨਾਲ ਪੁਕਾਰਿਆ ਜਾਂਦਾ ਹੈ ਜਿਵੇਂ ਚਿੜੀ। ਚਿੜੀਆਂ ਵੱਖ ਵੱਖ ਰੰਗਾਂ ਦੀਆਂ ਅਤੇ ਵੱਖ ਵੱਖ ਪ੍ਰਕਾਰ ਦੀਆਂ ਹਨ, ਪਰ ਫਿਰ ਵੀ ਚਿੜੀ ਦੀ ਮਾਨਤਾ ਦੇਸੀ ਚਿੜੀ ਨੂੰ ਹੀ ਦਿੱਤੀ ਗਈ ਹੈ। ਇਸ ਦਾ ਜ਼ਿਕਰ ਸਾਡੇ ਲੋਕ ਮੁਹਾਵਰਿਆਂ ਵਿੱਚ ਅਤੇ ਅਖਾਣਾ ਵਿੱਚ ਕੀਤਾ ਗਿਆ ਹੈ;
ਪਲ ਵਿੱਚ ਚਿੜੀ ਤਿਹਾਈ ਮਰਦੀ
ਪਲ ਵਿੱਚ ਕਰਤਾ ਜਲ ਤੇ ਥਲ।
ਪਲ ਵਿੱਚ ਰਾਜਾ ਰਾਜ ਕਰੇਂਦਾ
ਪਲ ਵਿੱਚ ਭਿਕਸ਼ਾ ਮੰਗਦਾ ਦਰ ਦਰ।
ਚਿੜੀ ਨੂੰ ਘੱਟ ਖਾਣ ਤੇ ਪੀਣ ਵਾਲਾ ਪੰਛੀ ਮੰਨਿਆ ਜਾਂਦਾ ਹੈ। ਇਸ ਨੂੰ ਧਰਮ ਕਰਮ ਨਾਲ ਵੀ ਜੋੜਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ;
ਜਿਹੜੀ ਚੁੰਝ ਭਰ ਲੈ ਗਈ
ਨਦੀ ਨਾ ਘਟਿਆ ਨੀਰ।
ਇਸ ਤਰ੍ਹਾਂ ਪ੍ਰਕਿਰਤੀ ਦੇ ਇਸ ਛੋਟੇ ਜਿਹੇ ਪੰਛੀ ਦਾ ਸਾਡੇ ਸਮਾਜ ਅਤੇ ਪ੍ਰਕਿਰਤੀ ਵਿੱਚ ਖ਼ਾਸ ਮਹੱਤਵ ਹੈ। ਇਹ ਚਿੜੀਆਂ ਘਰਾਂ ਦਾ ਸ਼ਿੰਗਾਰ ਅਤੇ ਪ੍ਰਕਿਰਤੀ ਦਾ ਸ਼ਿੰਗਾਰ ਹਨ।
ਸੰਪਰਕ: 94178 40323