For the best experience, open
https://m.punjabitribuneonline.com
on your mobile browser.
Advertisement

ਉਹ ਪਲ...

04:47 AM Jun 21, 2025 IST
ਉਹ ਪਲ
Advertisement

ਗੁਰਮਲਕੀਅਤ ਸਿੰਘ ਕਾਹਲੋਂ

Advertisement

ਨਿੱਕੇ ਹੁੰਦਿਆਂ ਦਾਦੀ ਕਿਸੇ ਬਹਾਦਰ ਯੋਧੇ ਦੀ ਕਹਾਣੀ ਸੁਣਾਉਂਦੀ ਹੁੰਦੀ ਸੀ ਕਿ ਮੌਤ ਨੂੰ ਅੱਖੀਂ ਦੇਖ ਕੇ ਉਹਨੂੰ ਚਾਅ ਚੜ੍ਹ ਜਾਂਦਾ ਸੀ। ਯੋਧੇ ਦਾ ਨਾਂ ਤਾਂ ਹੁਣ ਯਾਦ ਨਹੀਂ, ਪਰ ਇਹ ਯਾਦ ਹੈ ਕਿ ਮੈਂ ਦਾਦੀ ਨੂੰ ਸਵਾਲ ਕਰਦਾ ਹੁੰਦਾ ਸੀ ਕਿ ਮੌਤ ਕਿਹੋ ਜਿਹੀ ਹੁੰਦੀ ਹੈ? ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਦਾਦੀ ਦੀ ਮੌਤ ਹੋ ਗਈ ਤੇ ਉਹਦੀ ਗੱਲ ਵਿਸਰ ਗਈ। ਪੰਜਾਬ ਵਿੱਚ ਕਾਲੇ ਦੌਰ ਦੇ ਦਿਨ ਆਏ। ਰੋਜ਼ ਕਿੰਨੀਆਂ ਅਣਆਈਆਂ ਮੌਤਾਂ ਦੀਆਂ ਖਬਰਾਂ ਆਉਣ ਲੱਗੀਆਂ। ਖਾੜਕੂ ਅਖਵਾਉਂਦੇ ਗਰਮ ਖਿਆਲੀਏ ਬੰਦੂਕ ਦੀ ਨੋਕ ’ਤੇ ਲੋਕਾਂ ਨੂੰ ਫਜ਼ੂਲ ਖਰਚਿਆਂ ਤੋਂ ਰੋਕਦੇ। ਬਿਨਾਂ ਦਹੇਜ ਸਾਦੇ ਵਿਆਹਾਂ ਲਈ ਕਿਹਾ ਜਾਂਦਾ, ਜਿਸ ਨੂੰ ਆਮ ਤੌਰ ’ਤੇ ਚੰਗਾ ਮੰਨਿਆ ਜਾਂਦਾ। ਅਜਿਹੇ ਮੌਕਿਆਂ ’ਤੇ ਮੀਟ ਸ਼ਰਾਬ ਦੀ ਮਨਾਹੀ ਦੇ ਹੁਕਮਾਂ ਨੂੰ ਕੋਈ ਪਸੰਦ ਕਰਦਾ ਤੇ ਕੋਈ ਨੱਕ ਮੂੰਹ ਚਾੜ੍ਹਦਾ। ਡਰਾਉਣੇ ਜਿਹੇ ਮਾਹੌਲ ਵਿੱਚ ਲੋਕ ਨਾ ਚਾਹੁੰਦੇ ਹੋਏ ਵੀ ਹੁਕਮਾਂ ਦੀ ਪਾਲਣਾ ਕਰਦੇ।
1988 ਵਿੱਚ ਅਪਰੈਲ ਦੇ ਦੂਜੇ ਐਤਵਾਰ ਛੋਟੇ ਭਰਾ ਦਾ ਵਿਆਹ ਸੀ। ਸ਼ਰੀਕੇ ਦੇ ਕੁਝ ਘਰਾਂ ਸਮੇਤ ਅਸੀਂ ਪਿੰਡੋਂ ਦੂਰ ਖੇਤਾਂ ’ਚ ਰਹਿੰਦੇ ਹਾਂ। ਵਿਆਹ ਸ਼ਾਂਤੀ ਪੂਰਵਕ ਹੋ ਗਿਆ। ਉਦੋਂ ਅਗਲੇ ਦਿਨ ਮੁਕਲਾਵੇ ਵਾਲਾ ਫੇਰਾ ਪਾਉਣ ਦਾ ਰਿਵਾਜ ਸੀ। ਅਸੀਂ ਸਵੇਰੇ ਜਾ ਕੇ ਬਾਅਦ ਦੁਪਹਿਰ ਪਰਤ ਆਏ। ਇਹ ਸਮਝ ਕੇ ਕਿ ਵਿਆਹ ਲੰਘ ਗਿਆ ਹੈ, ਹੁਣ ਖਾੜਕੂਆਂ ਦਾ ਖ਼ਤਰਾ ਟਲ ਗਿਆ ਹੈ, ਸ਼ਰਾਬ ਦੇ ਸ਼ੌਕੀਨ ਰਿਸ਼ਤੇਦਾਰਾਂ ਨੇ ਸ਼ਾਮ ਨੂੰ ਮਹਿਫਲ ਸਜਾ ਲਈ। ਸਾਡੇ ਪਿਤਾ, ਚਾਚੇ, ਮਾਮੇ, ਮਾਸੜ, ਫੁੱਫੜ ਤੇ ਵਿਚੋਲੇ ਨੇ ਇੱਕ ਕਮਰਾ ਮੱਲ ਲਿਆ। ਚੁਫੇਰੇ ਕੁਰਸੀਆਂ ਤੇ ਵਿਚਕਾਰ ਮੇਜ਼ ਸੀ। ਹਨੇਰਾ ਅਜੇ ਪੱਸਰਿਆ ਹੀ ਸੀ ਕਿ ਵਿਹੜੇ ’ਚੋਂ ਛੋਟੀ ਭੈਣ ਦੀ ਆਵਾਜ਼ ਆਈ- ਬਾਬੇ ਆਗੇ।
ਕੰਮ ਕਰਦੀਆਂ ਔਰਤਾਂ ਦੇ ਹੱਥੋਂ ਭਾਂਡੇ ਡਿੱਗਣ ਲੱਗੇ। ਸਭ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਪਤਾ ਨਹੀਂ ਅਗਲੇ ਪਲਾਂ ’ਚ ਕੀ ਬਣ ਜਾਊ, ਦੇ ਸਵਾਲ ਕਾਂਬਾ ਛੇੜਨ ਲੱਗੇ। ਥੋੜ੍ਹੇ ਦਿਨ ਪਹਿਲਾਂ ਤਤਕਾਲੀ ਕੇਂਦਰੀ ਮੰਤਰੀ ਦੇ ਜਲੰਧਰ ਜਿ਼ਲ੍ਹੇ ਦੇ ਪਿੰਡ ਰਹਿੰਦੇ ਰਿਸ਼ਤੇਦਾਰਾਂ ਦੇ ਘਰ ਵਿਆਹ ਮੌਕੇ ਕਤਲੇਆਮ ਹੋਇਆ ਸੀ। ਅਖਬਾਰਾਂ ’ਚ ਛਪੀਆਂ ਉਥੋਂ ਦੀਆਂ ਫੋਟੋਆਂ ਦੇ ਸੀਨ ਅੱਖਾਂ ਸਾਹਮਣੇ ਆਉਣ ਲੱਗੇ।
ਚਾਰ ਨੌਜੁਆਨ ਖੁੱਲ੍ਹਾ ਵਿਹੜਾ ਲੰਘ ਕੇ ਅੰਦਰ ਵੱਲ ਆਏ। ਇੱਕ ਏਕੇ-47 ਹੱਥ ਵਿੱਚ ਤੇ ਦੋ-ਦੋ ਮੋਢਿਆਂ ’ਤੇ ਟੰਗੀਆਂ ਹੋਈਆਂ। ਦੋ ਤਾਂ ਤਿਆਰ-ਬਰ-ਤਿਆਰ ਹਵੇਲੀ ’ਚ ਖੜ੍ਹ ਗਏ ਤੇ ਦੋ ਰਿਹਾਇਸ਼ ਵੱਲ ਅੱਗੇ ਆਏ। ਪਹਿਲੇ ਕਮਰੇ ਦੇ ਬੰਦ ਦਰਵਾਜ਼ੇ ਨੂੰ ਪੈਰ ਦੇ ਠੁੱਡੇ ਨਾਲ ਖੋਲ੍ਹਿਆ। ਅੰਦਰ ਬੈਠੇ ਪਿਆਕੜ ਕੁਰਸੀਆਂ ਤੋਂ ਉੱਠੇ ਤੇ ਉਦੋਂ ਦੇ ਰਿਵਾਜ ਅਨੁਸਾਰ ਫਤਿਹ ਬੁਲਾਈ। ਪਤਾ ਨਹੀਂ ਸ਼ਰਾਬੀ ਜਿ਼ਆਦਾ ਸੀ ਜਾਂ ਲੱਤਾਂ ਕੰਬਣ ਕਰ ਕੇ ਸਾਡਾ ਯੂਪੀ ਤੋਂ ਆਇਆ ਫੁੱਫੜ ਉੱਠਣ ਦਾ ਯਤਨ ਕਰਦਿਆਂ ਕੁਰਸੀ ਸਮੇਤ ਪਾਸੇ ਨੂੰ ਡਿੱਗ ਪਿਆ। ਮੂਹਰੇ ਖੜ੍ਹੇ ਬੰਦੂਕਧਾਰੀ ਨੇ ਉਨ੍ਹਾਂ ਨੂੰ ਸ਼ਰਾਬ ਬਾਰੇ ਬੁਰਾ ਭਲਾ ਬੋਲਿਆ ਤੇ ਅਗਲੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਕਿ ਅੰਦਰ ਔਰਤਾਂ ਹੀ ਨੇ, ਫਿਰ ਆਪੇ ਹੀ ਦਰਵਾਜ਼ਾ ਭੇੜ ਕੇ ਅੱਗੇ ਵਧ ਗਏ। ਰਸੋਈ ’ਚ ਜਾ ਕੇ ਕੜਾਹੀਆਂ ਤੋਂ ਢੱਕਣ ਲਾਹ ਕੇ ਦੇਖੇ, ਸ਼ਾਇਦ ਦੇਖਣਾ ਚਾਹੁੰਦੇ ਹੋਣ ਕਿ ਮੀਟ ਤਾਂ ਨਹੀਂ ਬਣਿਆ, ਪਰ ਦਾਲ ਸਬਜ਼ੀਆਂ ਦੇਖ ਕੇ ਅਗਲੇ ਵੱਡੇ ਕਮਰੇ ਦੇ ਦਰਵਾਜ਼ੇ ਨੂੰ ਧੱਕਾ ਮਾਰਿਆ। ਅੰਦਰ ਮੇਰੇ ਸਮੇਤ ਮਾਸੀ ਤੇ ਮਾਮੇ ਦੇ ਅੰਮ੍ਰਿਤਧਾਰੀ ਲੜਕੇ ਆਪਣੀ ਹੋਣੀ ਦੀ ਉਡੀਕ ’ਚ ਬੈਠੇ ਸੀ।
“ਵਾਹ, ਐਧਰ ਅੰਮ੍ਰਿਤਧਾਰੀ ਬੈਠੇ ਆ ਤੇ ਔਧਰ ਸ਼ਰਾਬਾਂ ਚੱਲ ਰਹੀਆਂ।” ਏਕੇ-47 ਵਾਲਾ ਮੱਸ ਫੁੱਟ ਗੁੱਸੇ ਨਾਲ ਬੋਲਿਆ। ਮੈਨੂੰ ਮੌਤ ਹੋਰ ਨੇੜੇ ਆ ਗਈ ਲੱਗੀ।
“ਜੀ ਉਹ ਸਾਡੇ ਫੁੱਫੜ ਨੇ ਯੂਪੀ ਤੋਂ, ਨਾਂਹ ਕਰਦੇ ਤਾਂ ਉਨ੍ਹਾਂ ਬਖੇੜਾ ਖੜ੍ਹਾ ਕਰ ਦੇਣਾ ਸੀ। ਤੁਸੀਂ ਆਪ ਸੋਚੋ, ਤੁਸੀਂ ਆਪਣੇ ਘਰ ਆਏ ਫੁੱਫੜ ਦੀ ਗੱਲ ਨਹੀਂ ਮੰਨੋਗੇ।” ਯਕੀਨ ਕਰਨਾ, ਅੱਜ ਤੱਕ ਹੈਰਾਨੀ ਹੈ ਕਿ ਅੱਖਾਂ ਮੂਹਰੇ ਖੜ੍ਹੀ ਮੌਤ ਦੇਖ ਕੇ ਅਜਿਹਾ ਮੋੜਵਾਂ ਜਵਾਬ ਕਿਵੇਂ ਤੇ ਕਿਉਂ ਅਹੁੜਿਆ! ਜਵਾਬ ਸੁਣ ਕੇ ਪਤਾ ਨਹੀਂ ਉਸ ਏਰੀਆ ਕਮਾਂਡਰ ਅਖਵਾਉਂਦੇ ਗੋਰੇ ਨਿਛੋਹ ਗੱਭਰੂ ਦੇ ਮਨ ਵਿੱਚ ਕੀ ਆਇਆ, ਹੱਥ ’ਚ ਫੜੀ ਸਟੇਨ ਦਾ ਘੋੜਾ ਨੱਪਣ ਦੀ ਥਾਂ ਬਿਨਾਂ ਹੋਰ ਗੱਲ ਕੀਤਿਆਂ ਦੋਵੇਂ ਵਾਪਸ ਮੁੜੇ ਤੇ ਬਿਨਾਂ ਕਿਸੇ ਹੋਰ ਨਾਲ ਕੋਈ ਗੱਲ ਕੀਤਿਆਂ ਵਾਪਸ ਚਲੇ ਗਏ।
ਸਾਡੀਆਂ ਧੜਕਣਾਂ ਅਜੇ ਵੀ ਟਿਕਾਣੇ ਨਹੀਂ ਸੀ ਆਈਆਂ। ਮੀਲ ਕੁ ਦੀ ਵਿੱਥ ਤੋਂ ਤਾੜ-ਤਾੜ ਸੁਣਾਈ ਦੇਣ ਲੱਗੀ ਤੇ ਗੋਲੀਆਂ ਹਨੇਰਾ ਚੀਰਨ ਲੱਗੀਆਂ। ਬਾਅਦ ਵਿੱਚ ਪਤਾ ਲੱਗਾ, ਉੱਥੇ ਸੀਆਰਪੀਐੱਫ ਦਾ ਨਾਕਾ ਸੀ ਜਿਸ ਨਾਲ ਉਨ੍ਹਾਂ ਦਾ ਟਾਕਰਾ ਹੋ ਗਿਆ ਸੀ। ਅੱਧੇ ਕੁ ਘੰਟੇ ਵਿੱਚ ਇਲਾਕਾ ਨੀਮ ਫੌਜੀ ਦਲਾਂ ਦੀ ਛਾਉਣੀ ਬਣ ਗਿਆ। ਉਹ ਚਾਰੋਂ ਬਚ ਨਿਕਲੇ ਸਨ, ਪਰ ਨਾਕੇ ’ਤੇ ਘਾਤ ਲਾ ਕੇ ਕੀਤੇ ਹਮਲੇ ਵਿੱਚ ਕੁਝ ਮੁਲਾਜ਼ਮਾਂ ਦੀ ਜਾਨ ਚਲੀ ਗਈ ਸੀ।
ਸਾਡੇ ਘਰ ਦੇ ਪਿਛਵਾੜੇ ਵਾਲਿਆਂ ਨੇ ਸਮਝਿਆ ਕਿ ਸਾਡੇ ਘਰ ਦੀ ਤਲਾਸ਼ੀ ਲਈ ਗਈ ਸੀ। ਇਸ ਗੱਲੋਂ ਵੀ ਬਚਾਅ ਰਿਹਾ ਕਿ ਕਿਤੇ ਇਹ ਭਿਣਕ ਨਾ ਪਈ ਕਿ ਟਾਕਰੇ ਤੋਂ ਪਹਿਲਾਂ ਉਹ ਸਾਡੇ ਘਰ ਹੋ ਕੇ ਗਏ ਸਨ। ਤਕਰੀਬਨ ਚਾਰ ਦਹਾਕਿਆਂ ਬਾਅਦ ਵੀ ਉਨ੍ਹਾਂ ਪਲਾਂ ਨੂੰ ਯਾਦ ਕਰ ਕੇ ਕੰਬਣੀ ਛਿੜ ਪੈਂਦੀ ਹੈ।
ਸੰਪਰਕ: +1-604-442-7676

Advertisement
Advertisement

Advertisement
Author Image

Jasvir Samar

View all posts

Advertisement