ਉਹ ਪਲ...
ਪ੍ਰੋ. ਕੇ ਸੀ ਸ਼ਰਮਾ
ਮਨੁੱਖ ਰੂਪੀ ਦੋਪਾਏ (ਹੋਮੋ ਸੇਪੀਅਨ) ਨੂੰ ਕੁਦਰਤ ਨੇ ਮਾਨਸਿਕ, ਬੌਧਿਕ, ਸਮਾਜਿਕ ਚੇਤਨਾ, ਬੋਲੀ ਆਦਿ ਬੇਸ਼ੁਮਾਰ ਸ਼ਕਤੀਆਂ ਦਿੱਤੀਆਂ ਜਿਨ੍ਹਾਂ ਕਰ ਕੇ ਅਸੀਂ ਸਾਰਿਆਂ ਦੇ ਸੁਆਮੀ ਬਣ ਗਏ। ਇਨ੍ਹਾਂ ’ਚੋਂ ਅੱਗੇ ‘ਮਨ’ ਦਾ ਵਰਦਾਨ ਹੋਰ ਅਨੇਕ ਫ਼ਾਇਦਿਆਂ ਤੋਂ ਇਲਾਵਾ ਸਾਡੇ ਸੁਖਾਵੇਂ, ਦੁਖਦਾਈ, ਯਾਦਗਾਰੀ ਘਟਨਾਵਾਂ ਤੇ ਪਲਾਂ ਦੀ ਵੀਡੀਓ ਰਿਕਾਰਡਿੰਗ ਕਰ ਕੇ ਅਨੰਤ ਭੰਡਾਰਨ ਦੀ ਸਮਰੱਥਾ ਰੱਖਦਾ ਹੈ। ਨਾ ਕਿਸੇ ਕੈਮਰੇ, ਨਾ ਤਾਰਾਂ, ਨਾ ਬਿਜਲੀ ਦੀ ਲੋੜ ਤੇ ਵਧੀਆ ਮੌਲਿਕ ਰੰਗ, ਧੁਨੀ, ਆਕਾਰ, ਕੁਦਰਤੀ ਹਾਵ-ਭਾਵ ਵਾਲੀ ਫਿਲਮ ਬਣ ਜਾਂਦੀ ਹੈ। ‘ਦਿਲ ਵਿੱਚ ਹੈ ਤਸਵੀਰੇ-ਯਾਰ; ਜ਼ਰਾ ਸੀ ਗਰਦਨ ਝੁਕਾਈ ਦੇਖ ਲੀ’। ਮੇਰੇ ਲਈ ਵੀ ਇਸ ਨੇ ਬੀਤੇ ਦਾ ਸੁਨਹਿਰੀ ਪਲ ਕੈਦ ਕੀਤਾ ਹੋਇਆ ਹੈ।
ਮਾਲਵੇ ਦੇ ਬਿਲਕੁਲ ਪਛੜੇ ਪਿੰਡ ਜਿੱਥੇ ਕੋਈ ਸਕੂਲ ਵੀ ਨਹੀਂ ਸੀ, ਵਿੱਚ ਜਨਮਿਆ ਅਤੇ ਆਸ-ਪਾਸ ਦੇ ਪਿੰਡਾਂ ਦੇ ਸਕੂਲਾਂ ਤੋਂ ਰੁੜ੍ਹ-ਖੁੜ੍ਹ ਕੇ ਦਸਵੀਂ ਪਾਸ ਕਰ ਲਈ। ਸਿਰ ਤੋਂ ਬਾਪੂ ਦਾ ਸਾਇਆ ਨੌਵੀਂ ਵਿੱਚ ਹੀ ਉੱਠ ਗਿਆ ਸੀ। ਪਿੰਡ ਜਾਂ ਸਾਕ-ਸਕੀਰੀ ਵਿੱਚ ਉਚੇਰੀ ਵਿੱਦਿਆ ਜਾਂ ਜੀਵਨ ਪੰਧ (ਕਰੀਅਰ) ਦੀ ਸੇਧ ਦੇਣ ਵਾਲਾ ਕੋਈ ਨਹੀਂ ਸੀ। ਦਸਵੀਂ ਵਧੀਆ ਨੰਬਰਾਂ ਵਿੱਚ ਪਾਸ ਕਰਨ ਤੋਂ ਬਾਅਦ ‘ਕੀ’ ਅਤੇ ‘ਕਿੱਥੇ’ ਦੀ ਅਗਿਆਨਤਾ ਕਾਰਨ ਇਕ ਸਾਲ ਭਰਾ ਨਾਲ ਖੇਤੀਬਾੜੀ ਵਿੱਚ ਮਾੜਾ-ਮੋਟਾ ਹੱਥ ਵਟਾ ਕੇ ਬਰਬਾਦ ਕਰ ਲਿਆ।
ਖੁਸ਼ਕਿਸਮਤੀ ਨੂੰ ਅਗਲੇ ਸਾਲ ਘਰੋਂ ਬਾਰਾਂ ਕਿਲੋਮੀਟਰ ਦੀ ਵਿੱਥ ’ਤੇ, ਪਿੰਡਾਂ ਤੋਂ ਦੂਰ ਚੌਰਾਹੇ ਵਿੱਚ ਛੋਟਾ ਜਿਹਾ ਕਾਲਜ ਖੁੱਲ੍ਹ ਗਿਆ। ਕੁੜਤੇ ਪਜਾਮੇ ਵਿੱਚ ਸਾਈਕਲ ’ਤੇ ਪਹੁੰਚ ਕੇ, ਚੰਗੇ ਨੰਬਰਾਂ ਵਿੱਚ ਬੀਏ ਪਾਸ ਕਰ ਲਈ। ਕੁਝ ਗੁਰੂਆਂ (ਪ੍ਰੋਫੈਸਰਾਂ) ਨੇ ਅੱਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਐੱਮਏ ਕਰਨ ਦੀ ਸਲਾਹ ਹੀ ਨਹੀਂ, ਪ੍ਰੇਰਨਾ ਵੀ ਦਿੱਤੀ। ਹੁਣ ਫਿਰ ਦੁਚਿੱਤੀ ਕਿ ਐੱਮਏ ਅੰਗਰੇਜ਼ੀ ਜਾਂ ਅਰਥ ਸ਼ਾਸਤਰ ਦੀ ਕੀਤੀ ਜਾਵੇ। ਅੰਗਰੇਜ਼ੀ ਦੇ ਪ੍ਰੋਫੈਸਰ ਧੀਰ (ਜਿਨ੍ਹਾਂ ਯੂਕੇ ਜਾ ਕੇ ਭਾਰਤ ਦਾ ਨਾਮ ਉੱਚਾ ਕੀਤਾ) ਨੇ ਅੰਗਰੇਜ਼ੀ ਦੀ ਸਲਾਹ ਦਿੱਤੀ। ਇਸੇ ਤਰ੍ਹਾਂ ਪ੍ਰੋਫੈਸਰ ਬੈਂਸ ਨੇ ਅਰਥ ਸ਼ਾਸਤਰ ਦੀ ਮਹਾਨਤਾ ਦਰਸਾਈ।
ਕਰ-ਕਰਾ ਕੇ ਵਿਰਾਸਤ ਵਿੱਚ ਮਿਲੀ ਕੁਝ ਜ਼ਮੀਨ ਗਹਿਣੇ ਕਰ ਕੇ ਯੂਨੀਵਰਸਿਟੀ ਪਹੁੰਚਿਆ ਅਤੇ ਦੋਵਾਂ ਵਿਸ਼ਿਆਂ ਦੇ ਦਾਖ਼ਲਾ ਫਾਰਮ ਭਰ ਦਿੱਤੇ। ਹੋਇਆ ਇੰਝ ਕਿ ਦੋਨਾਂ ਦੀ ਇੰਟਰਵਿਊ ਇਕੋ ਦਿਨ ਆ ਗਈ। ਮੈਂ ਅੰਗਰੇਜ਼ੀ ਨੂੰ ਪਹਿਲ ਦੇ ਕੇ ਇੰਟਰਵਿਊ ਦਿੱਤੀ ਅਤੇ ਚੁਣਿਆ ਗਿਆ। ਫੀਸ ਭਰ ਕੇ ਦਾਖ਼ਲਾ ਲੈ ਲਿਆ ਅਤੇ ਹੋਸਟਲ ਵਿੱਚ ਕਮਰਾ ਲੈ ਕੇ ਵਾਪਸ ਆ ਗਿਆ। ਵਾਪਸ ਕਾਲਜ ਜਾ ਕੇ ਦੱਸਿਆ ਤਾਂ ਪ੍ਰੋਫੈਸਰ ਬੈਂਸ ਨੇ ਝਾੜਿਆ। ਉਨ੍ਹਾਂ ਅਰਥ ਸ਼ਾਸਤਰ ਦੇ ਫਾਇਦਿਆਂ ਦੇ ਪੁਲ ਬੰਨ੍ਹੇ ਤੇ ਮੇਰੇ ਦਿਮਾਗ਼ ’ਚ ਪਛਤਾਵਾ ਪੈਦਾ ਹੋ ਗਿਆ। ਕਲਾਸਾਂ ਸ਼ੁਰੂ ਹੋਣ ’ਚ ਅਜੇ ਦੋ ਹਫ਼ਤੇ ਸਨ। ਮਨ ਪੱਕਾ ਕਰ ਲਿਆ ਕਿ ਜਾਂਦੇ ਹੀ ਅਰਥ ਸ਼ਾਸਤਰ ਵਿੱਚ ਦਾਖ਼ਲੇ ਦੀ ਕੋਸ਼ਿਸ਼ ਕਰਾਂਗਾ।
ਵਾਪਸ ਪਹੁੰਚ ਕੇ ਇਕ ਵਾਰ ਤਾਂ ਅੰਗਰੇਜ਼ੀ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਪਰ ਦਿਮਾਗ਼ ਵਿੱਚ ਅਫ਼ੋਸਸ ਅਤੇ ਅਰਥ ਸ਼ਾਸਤਰ ਵਿੱਚ ਦਾਖ਼ਲਾ ਉੱਚਕੋਟੀ ਦੀ ਪ੍ਰਾਪਤੀ ਲੱਗ ਰਿਹਾ ਸੀ। ਇਹ ਗੱਲ ਜੁਲਾਈ 1964 ਦੀ ਹੈ। ਇਹੀ ਸੋਚਦਾ ਕੁਝ ਦਿਨਾਂ ਬਾਅਦ ਰੰਗਨੇਕਰ ਸਾਹਿਬ ਦੇ ਵਿਭਾਗ ਪਹੁੰਚ ਗਿਆ। ਉਥੇ ਦਫ਼ਤਰ ਦੇ ਬਾਬੂ ਜਗਜੀਤ ਸਿੰਘ (ਅਸਲੀ ਨਾਮ ਨਹੀਂ) ਨੇ ਇਹ ਕਹਿੰਦਿਆਂ “ਕਿਉਂ ਜਾਰਜ ਬਰਨਾਰਡ ਸ਼ਾਅ ਨੇ ਡਰਾ ਦਿੱਤੈ, ਹੁਣ ਦਾਖ਼ਲੇ ਹੋ ਚੁੱਕੇ... ਤੂੰ ਮੂੰਹ ਚੁੱਕ ਕੇ ਇੱਧਰ ਆ ਗਿਆਂ” ਮਖੌਲ ਜਿਹਾ ਉਡਾਇਆ। ਬਹੁਤ ਉਦਾਸ ਹੋਇਆ ਅਤੇ ਐੱਮਏ ਅਰਥ ਸ਼ਾਸਤਰ ਹੋਰ ਵੀ ਅੱਛਾ ਲੱਗਣ ਲੱਗ ਪਿਆ। ਇੰਨੇ ਨੂੰ ਉਥੇ ਇਕ ਸਰਦਾਰ ਜੀ ਦਿਸੇ; ਪਤਾ ਲੱਗਾ ਕਿ ਉਹ ਪ੍ਰੋਫੈਸਰ ਹਨ। ਅੰਗਰੇਜ਼ੀ ਵਿੱਚ ਹੱਥ ਤੰਗ ਹੋਣ ਕਰ ਕੇ ਮੈਂ ਉਨ੍ਹਾਂ ਨੂੰ ‘ਸਤਿ ਸ੍ਰੀ ਅਕਾਲ’ ਬੁਲਾਈ ਅਤੇ ਆਪਣੀ ਕਹਾਣੀ ਪੰਜਾਬੀ ਵਿੱਚ ਸੁਣਾ ਦਿੱਤੀ। ਉਨ੍ਹਾਂ ਬਹੁਤ ਪਿਆਰ ਭਰੇ ਲਹਿਜੇ ਵਿੱਚ ਮੇਰੀ ਬੀਏ ਦੀ ਮੈਰਿਟ (ਬੀਏ ਵਿੱਚ ਸੈਕੰਡ ਕਲਾਸ; ਗਣਿਤ ਤੇ ਅਰਥ ਸ਼ਾਸਤਰ ਚੋਣਵੇਂ ਵਿਸ਼ੇ; ਅਰਥ ਸ਼ਾਸਤਰ ਵਿੱਚ ਫਸਟ ਕਲਾਸ) ਪੁੱਛੀ। ਮੇਰੇ ਦੱਸਣ ’ਤੇ ਹੌਸਲਾ ਦਿੰਦਿਆਂ ਸਮਝਾਇਆ ਕਿ ਅੰਗਰੇਜ਼ੀ ਦੇ ਹੈੱਡ ਤੋਂ ‘ਨੋ ਔਬਜੈਕਸ਼ਨ’ ਲੈ ਕੇ ਡੀਯੂਆਈ ਨੂੰ ਅਰਜ਼ੀ ਭੇਜਾਂ, ਮੇਰਾ ਉਸੇ ਫੀਸ ਵਿੱਚ ਕੰਮ ਬਣ ਜਾਵੇਗਾ।
ਹੋਇਆ ਵੀ ਇਵੇਂ ਹੀ। ਲਗਭਗ ਦਸ ਦਿਨਾਂ ਬਾਅਦ ਉਸੇ ਬਾਬੂ ਦਾ ਸੁਨੇਹਾ ਆਇਆ ਕਿ ਮੈਂ ਅਰਥ ਸ਼ਾਸਤਰ ਦੀਆਂ ਕਲਾਸਾਂ ਵਿੱਚ ਬੈਠਣਾ ਸ਼ੁਰੂ ਕਰਾਂ। ਇਹ ਗੱਲ ਵੱਖਰੀ ਹੈ ਕਿ ਉਦੋਂ ਤੱਕ ਅੰਗਰੇਜ਼ੀ ਵਿੱਚ ਹੀ ਅੱਗੇ ਵਧਣ ਦਾ ਮਨ ਬਣਾ ਲਿਆ ਸੀ। ਉਂਝ, ਉਸ ਪ੍ਰੋਫੈਸਰ ਨਾਲ ਮੀਟਿੰਗ ਹੀ ਮੇਰੇ ਬੀਤੇ ਦਾ ਸੁਨਹਿਰੀ ਪਲ ਹੈ। ਮਸ਼ਹੂਰ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਨੇ ‘ਡੈਫੋਡਿਲਜ਼’ ਫੁੱਲਾਂ ਦੇ ਦ੍ਰਿਸ਼ ਤੋਂ ਅਸੀਮ ਖੁਸ਼ੀ ਮਾਣੀ ਸੀ ਅਤੇ ਉਸ ਸਮੇਂ ਉਨ੍ਹਾਂ ਇਹ ਨਹੀਂ ਸੀ ਸੋਚਿਆ ਕਿ ਇਹ ਦ੍ਰਿਸ਼ ਭਵਿੱਖ ਲਈ ਖੁਸ਼ੀ ਦਾ ਅਨੰਤ ਸੋਮਾ ਬਣ ਜਾਵੇਗਾ। ਮੈਨੂੰ ਵੀ ਉਸ ਸਮੇਂ ਕੁਝ ਐਸਾ ਹੀ ਅਹਿਸਾਸ ਸੀ।
ਹੁਣ ਬਹੁਮੁੱਲਾ ਸਵਾਲ- ਉਸ ਪ੍ਰੋਫੈਸਰ ਨਾਲ ਮੇਰਾ ਦਸ ਮਿੰਟ ਦਾ ਮੇਲ ਅਨਮੋਲ ਪਲ ਕਿਉਂ ਅਤੇ ਕਿਵੇਂ ਬਣ ਗਿਆ। ਉਸ ਸਮੇਂ ਮੈਂ ਨਹੀਂ ਸੀ ਜਾਣਦਾ ਕਿ ਜਿਸ ਪ੍ਰੋਫੈਸਰ ਨਾਲ ਇਹ ਪਲ ਬੀਤੇ ਸਨ, ਉਹ ਭਵਿੱਖ ਵਿੱਚ ਕੌਮਾਂਤਰੀ ਸੰਸਥਾਵਾਂ ਵਿੱਚ ਮੁਹਾਰਤ ਹਾਸਲ ਕਰਨਗੇ। 1990ਵਿਆਂ ਵਿੱਚ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੇ ਉਨ੍ਹਾਂ ਦੀ ਪ੍ਰਤਿਭਾ ਪਛਾਣ ਲਈ ਸੀ ਅਤੇ ਉਹ ਰਾਤੋ-ਰਾਤ ਦੇਸ਼ ਦੇ ਵਿੱਤ ਮੰਤਰੀ ਬਣ ਗਏ ਸਨ। ਫਿਰ ਇਸ ਵਿੱਤ ਮੰਤਰੀ ਨੇ ਆਪਣੀ ਦੂਰਅੰਦੇਸ਼ੀ ਅਤੇ ਆਰਥਿਕ ਨੀਤੀਆਂ ਰਾਹੀਂ ਦੇਸ਼ ਦੀ ਨਿਘਰੀ (ਸੋਨਾ ਗਹਿਣੇ ਰੱਖਣ ਦੀ ਨੌਬਤ ਆ ਚੁੱਕੀ ਸੀ) ਆਰਥਿਕਤਾ ਨੂੰ ਚਮਕਾ ਦਿੱਤਾ। ਬਾਅਦ ਵਿੱਚ ਉਨ੍ਹਾਂ ਦਸ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕੀਤੀ। ਇਹ ਕ੍ਰਿਸ਼ਮਾ ਪਿਛਲੇ ਦਿਨੀਂ ਵਿਛੜੇ ਡਾਕਟਰ ਮਨਮੋਹਨ ਸਿੰਘ ਦਾ ਸੀ।
ਸੰਪਰਕ: 95824-28184