For the best experience, open
https://m.punjabitribuneonline.com
on your mobile browser.
Advertisement

ਉਹ ਕਦੋਂ ਮਰਨਗੇ ?

04:01 AM May 18, 2025 IST
ਉਹ ਕਦੋਂ ਮਰਨਗੇ
Advertisement

ਜੋਗਿੰਦਰ ਕੌਰ ਅਗਨੀਹੋਤਰੀ
ਕਥਾ ਪ੍ਰਵਾਹ

Advertisement

ਬਚਨੋ ਦੀ ਉਮਰ 75 ਵਰ੍ਹਿਆਂ ਦੀ ਹੋ ਚੁੱਕੀ ਸੀ ਪਰ ਅਜੇ ਵੀ ਸਰੀਰਕ ਪੱਖੋਂ ਤਕੜੀ ਪਈ ਸੀ। ਉਹ ਘਰ ਦੇ ਕੰਮ ਕਰਦੀ ਰਹਿੰਦੀ ਕਿਉਂਕਿ ਉਸ ਨੇ ਆਪਣੇ ਜੀਵਨ ਵਿੱਚ ਬਹੁਤ ਕੰਮ ਕੀਤਾ ਸੀ। ਉਸ ਨੇ ਆਪਣੇ ਪਤੀ ਕਰਮ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਅਤੇ ਇਉਂ ਪੰਜ ਕਿੱਲਿਆਂ ਤੋਂ ਦਸ ਕਿੱਲੇ ਬਣਾ ਲਏ। ਕਰਮ ਸਿੰਘ ਖੇਤ ਵਿੱਚ ਕੰਮ ਕਰਦਾ ਤਾਂ ਉਹ ਰੋਟੀ ਲੈ ਕੇ ਜਾਂਦੀ ਤੇ ਆਉਂਦੀ ਹੋਈ ਖਾਲੀ ਨਾ ਆਉਂਦੀ ਸਗੋਂ ਚਰੀ ਦੀ ਭਰੀ ਲੈ ਕੇ ਆਉਂਦੀ। ਉਹ ਪਸ਼ੂਆਂ ਨੂੰ ਸੰਭਾਲਦੀ, ਚੌਂਕੇ ਚੁੱਲ੍ਹੇ ਦਾ ਕੰਮ ਕਰਦੀ ਪਰ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਪੀਣ ਵਾਲਾ ਪਾਣੀ ਬਾਹਰੋਂ ਭਰ ਕੇ ਲਿਆਉਣਾ ਪੈਂਦਾ ਤਾਂ ਵੀ ਉਹ ਕਦੇ ਨਿਰਾਸ਼ ਨਹੀਂ ਸੀ ਹੋਈ। ਖਾਣ ਪਕਾਉਣ ਵਿੱਚ ਕਦੇ ਵੀ ਉਸ ਨੇ ਸੁਸਤੀ ਨਹੀਂ ਸੀ ਕੀਤੀ। ਜਦੋਂ ਕਰਮ ਸਿੰਘ ਤੇ ਉਸ ਦਾ ਪੁੱਤਰ ਖੇਤ ਵਿੱਚ ਕੰਮ ਕਰਕੇ ਆਉਂਦੇ ਤਾਂ ਉਹ ਉਨ੍ਹਾਂ ਲਈ ਕਦੇ ਦੁੱਧ ਵਾਲੀਆਂ ਸੇਵੀਆਂ ਬਣਾਉਂਦੀ ਤੇ ਕਦੇ ਘਿਓ ਵਾਲੀਆਂ। ਜਦੋਂ ਪਿਓ ਪੁੱਤ ਹਾੜ੍ਹੀ ਵੱਢ ਕੇ ਆਉਂਦੇ ਤਾਂ ਉਨ੍ਹਾਂ ਲਈ ਚੂਰੀ ਕੁੱਟਦੀ। ਉਹ ਹਮੇਸ਼ਾ ਇਹੀ ਕਹਿੰਦੀ ਕਿ ਘਿਓ ਖਾ ਕੇ ਕੰਮ ਕਰੋ ਨਾ ਕਿ ਕੋਈ ਨਸ਼ਾ ਕਰਕੇ। ਸੋ ਬਚਨੋ ਕਰਕੇ ਘਰ ਵਿੱਚ ਦੋਵੇਂ ਪਿਓ ਪੁੱਤਾਂ ਨੇ ਕਦੇ ਵੀ ਕਿਸੇ ਨਸ਼ੇ ਦਾ ਮੂੰਹ ਨਹੀਂ ਸੀ ਦੇਖਿਆ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਖੇਤ ਹਾੜ੍ਹੀ ਵੱਢਦੇ ਕਾਮਿਆਂ ਨੂੰ ਕਦੇ ਨਸ਼ੇ ਦਾ ਲਾਲਚ ਦਿੱਤਾ ਸੀ। ਉਹ ਦਾਲ ਸਬਜ਼ੀ ਵਿੱਚ ਵੀ ਦੇਸੀ ਘਿਓ ਹੀ ਵਰਤਦੀ। ਦਸ ਕਿੱਲਿਆਂ ਦੇ ਮਾਲਕ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਕਾਮੇ ਨੂੰ ਨਹੀਂ ਰਲਾਇਆ ਸੀ। ਗੁਰਚਰਨ ਦੇ ਵਿਆਹ ਪਿੱਛੋਂ ਵੀ ਕੰਮ ਵਧੀਆ ਚੱਲਣ ਲੱਗਿਆ। ਬਚਨੋ ਦੋ ਬੱਚਿਆਂ ਦੀ ਦਾਦੀ ਬਣ ਗਈ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਸੋ ਬਚਨੋ ਨੇ ਬੜੇ ਹੀ ਸ਼ੌਕ ਨਾਲ ਆਪਣੇ ਪੋਤੇ ਤੇ ਪੋਤੀ ਦੋਵਾਂ ਦਾ ਨਾਂ ਰੱਖਿਆ। ਆਪਣੇ ਪੋਤੇ ਦਾ ਨਾਂ ਉਸ ਨੇ ਗੁਰਪ੍ਰੀਤ ਅਤੇ ਪੋਤੀ ਦਾ ਨਾਂ ਸੁਖਪ੍ਰੀਤ ਰੱਖਿਆ। ਦੋਵਾਂ ਨੂੰ ਸਕੂਲ ਵਿੱਚ ਪੜ੍ਹਨ ਲਾ ਦਿੱਤਾ। ਗੁਰਪ੍ਰੀਤ ਵੱਡਾ ਸੀ ਤੇ ਸੁਖਪ੍ਰੀਤ ਛੋਟੀ। ਬਾਰ੍ਹਵੀਂ ਜਮਾਤ ਪਾਸ ਕਰਨ ਮਗਰੋਂ ਗੁਰਪ੍ਰੀਤ ਨੂੰ ਕਾਲਜ ਵਿੱਚ ਪੜ੍ਹਨ ਲਾ ਦਿੱਤਾ ਅਤੇ ਸੁਖਪ੍ਰੀਤ ਬਾਰ੍ਹਵੀਂ ਜਮਾਤ ਪਾਸ ਕਰਕੇ ਵਿਦੇਸ਼ ਜਾਣ ਲਈ ਆਇਲਜ਼ ਕਰਨ ਲੱਗੀ। ਸੁਖਪ੍ਰੀਤ ਨੇ ਮਿਹਨਤ ਕਰਕੇ ਟੈਸਟ ਪਾਸ ਕਰ ਲਿਆ ਅਤੇ ਕੈਨੇਡਾ ਚਲੀ ਗਈ। ਕਰਮ ਸਿੰਘ ਦੀ ਮੌਤ ਤੋਂ ਮਗਰੋਂ ਘਰ ਦਾ ਕੰਮ ਭਾਵੇਂ ਗੁਰਚਰਨ ਤੇ ਬਲਜੀਤ ਨੇ ਸੰਭਾਲ ਲਿਆ ਸੀ ਪਰ ਬਚਨੋ ਫਿਰ ਵੀ ਬਾਹਰ ਦੇ ਕੰਮ ਆਪ ਹੀ ਕਰਦੀ।
ਬਚਨੋ ਦੀ ਉਮਰ ਦਾ ਤੀਜਾ ਪੜਾਅ ਚੱਲ ਰਿਹਾ ਸੀ। ਉਸ ਦੇ ਪਤੀ ਸਮੇਤ ਘਰ ਦੀ ਤੀਜੀ ਪੀੜ੍ਹੀ ਸੀ ਤੇ ਹੁਣ ਉਸ ਦਾ ਪੋਤਾ ਗੱਭਰੂ ਹੋ ਚੁੱਕਿਆ ਸੀ।
ਬਾਹਰ ਦੇ ਕੰਮਾਂ ਦੀ ਜ਼ਿੰਮੇਵਾਰੀ ਉਸੇ ਦੀ ਹੀ ਸੀ। ਇੱਕ ਦਿਨ ਜਦੋਂ ਉਹ ਪਿੰਡ ਵਿੱਚ ਜਾ ਰਹੀ ਸੀ ਤਾਂ ਭੂਰੋ ਨੇ ਉਸ ਨੂੰ ਬਾਰ ਅੱਗੋਂ ਲੰਘਦਿਆਂ ਦੇਖ ਕੇ ਬੋਲ ਮਾਰਿਆ, ‘‘ਕਿੱਧਰ ਭੱਜੀ ਫਿਰਦੀ ਐਂ? ਦਮ ਲੈ ਲੈ ਦਮ। ਐਂ ਨੀਂ ਪਤਾ ਕਿਹੜੇ ਵੇਲੇ ਫੂਕ ਨਿਕਲ’ਜੇ।’’
‘‘ਭੂਰੋ, ਫੂਕ ਤਾਂ ਇੱਕ ਦਿਨ ਨਿਕਲੂਗੀ ਪਰ ਅਜੇ ਨਹੀਂ ਨਿਕਲਦੀ। ਅਜੇ ਦਮ ਹੈਗਾ।’’ ਬਚਨੋ ਨੇ ਹੱਸ ਕੇ ਕਿਹਾ।
‘‘ਚੰਗਾ ਭੈਣੇ, ਸੁੱਖ ਨਾਲ ਤਕੜੀ ਰਹੇਂ। ਨਾਲੇ ਰੰਗਲੀ ਦੁਨੀਆ ਛੱਡਣ ਨੂੰ ਕੀਹਦਾ ਜੀ ਕਰਦੈ?’’
‘‘ਨਾ ਭੈਣੇ ਜਮਾਂ ਨਹੀਂ ਕਰਦਾ।’’
‘‘ਮੈਂ ਤਾਂ ਕਹਿਨੀ ਆਂ ਸਾਰੇ ਹੀ ਬੁੜ੍ਹੇ ਹੋ ਕੇ ਮਰਨ!’’
‘‘ਜਿਵੇਂ ਓਹਦੀ ਰਜ਼ਾ।’’
‘‘ਬਚਨੋ, ਤੂੰ ਕੁਸ਼ ਸੁਣਿਐਂ?’’
‘‘ਨਾ, ਮੈਂ ਤਾਂ ਕੁਸ਼ ਨਹੀਂ ਸੁਣਿਆ।’’
‘‘ਪਤਾ ਨਹੀਂ ਕੁੜੇ?’’
‘‘ਕੁੜੇ, ਕੀ ਖੂਹ ਪੱਟਿਆ ਗਿਆ?’’
‘‘ਨੀਂ ਆਪਣਾ ਪਿੰਡ ਤਾਂ ਜਮਾਂ ਈ ਗਰਕ ਗਿਆ।’’
‘‘ਨੀਂ ਕਿਵੇਂ ਜਾਇ-ਵੱਢੀ ਦੀਏ?’’
‘‘ਕਹਿੰਦੇ, ਆਪਣੇ ਤਾਂ ਪਿੰਡ ਦੇ ਜਵਾਕ ਨਸ਼ਿਆਂ ’ਤੇ ਲੱਗ’ਗੇ।’’
‘‘ਇਹ ਤਾਂ ਬਹੁਤ ਮਾੜੀ ਗੱਲ ਐ। ਤੈਨੂੰ ਕਿਵੇਂ ਪਤਾ ਲੱਗਿਆ?’’
‘‘ਪਰਸੋਂ ਲੱਖੇ ਨੇ ਆਵਦਾ ਮੁੰਡਾ ਬਲਾਈਂ ਕੁੱਟਿਆ।’’
‘‘ਕਿਹੜਾ ਕੁੜੇ?’’
‘‘ਛੋਟਾ, ਜਗਤਾਰ।’’
‘‘ਬੂਅ ਨੀਂ, ਮੈਂ ਮਰ ਜਾਂ। ਕੱਲ੍ਹ ਦਾ ਚੀਚਲਾ... ਉਹ ਤਾਂ ਮੁੰਡਾ ਪੜ੍ਹਦੈ?’’
‘‘ਹਾਹੋ ਪੜ੍ਹਦੈ, ਇਹ ਪੜ੍ਹਨ ਆਲੇ ਵੀ ਪੱਟੇ ਗਏ। ਇਹ ਅਗਾਂਹ ਇੱਕ ਦੂਜੇ ਨੂੰ ਲਾਈ ਜਾਂਦੇ ਨੇ।’’
‘‘ਨਸ਼ਾ ਆਉਂਦਾ ਕਿੱਥੋਂ ਐ?’’
‘‘ਨਸ਼ਾ ਤਾਂ ਬਾਹਰੋਂ ਆਉਂਦੈ ਪਰ ਪਿੰਡ ’ਚ ਵੀ ਕੋਈ ਭਾਈਵਾਲ ਤਾਂ ਹੋਊਗਾ।’’
‘‘ਹਾਂ, ਕਿਹੜਾ ਕਿਸੇ ਦੇ ਮੂੰਹ ’ਤੇ ਲਿਖਿਐ!’’
‘‘ਦੇਖੀਂ ਭੈਣੇ, ਕਿਸੇ ਕੋਲ ਗੱਲ ਨਾ ਕਰੀਂ। ਸਾਡਾ ਸ਼ਰੀਕੇ ਦਾ ਕੰਮ ਹੈ।’’
‘‘ਨਾ ਨਾ, ਮੈਨੂੰ ਕੀ ਲੋੜ ਐ।’’ ਭੂਰੋ ਦੀ ਗੱਲ ਸੁਣ ਕੇ ਬਚਨੋ ਉਦਾਸ ਹੋ ਗਈ ਅਤੇ ਉਸ ਦੀ ਸੁਰਤ ਆਪਣੇ ਕਾਲਜ ’ਚ ਪੜ੍ਹਦੇ ਪੋਤੇ ਵੱਲ ਹੋ ਗਈ। ਇੱਕ ਵਾਰ ਤਾਂ ਉਸ ਨੂੰ ਉਹ ਕੰਮ ਵੀ ਭੁੱਲ ਗਿਆ ਜਿਸ ਕੰਮ ਨੂੰ ਉਹ ਹੌਸਲੇ ਨਾਲ ਕਰਨ ਜਾ ਰਹੀ ਸੀ। ਪਲ ਭਰ ਭੂਰੋ ਕੋਲ ਰੁਕ ਕੇ ਉਹ ਆਪਣੇ ਕੰਮ ਚਲੀ ਗਈ ਅਤੇ ਕੁਝ ਚਿਰ ਪਿੱਛੋਂ ਵਾਪਸ ਘਰ ਆ ਗਈ। ਘਰ ਆ ਕੇ ਪਹਿਲਾਂ ਉਹ ਆਪਣੇ ਪੋਤੇ ਨੂੰ ਬੈਠਕ ਵਿੱਚ ਦੇਖਣ ਗਈ ਤਾਂ ਮੁੰਡਾ ਉੱਥੇ ਨਹੀਂ ਸੀ। ਉਸ ਨੇ ਆਪਣੀ ਨੂੰਹ ਬਲਜੀਤ ਤੋਂ ਪੁੱਛਿਆ, ‘‘ਬਲਜੀਤ, ਗੁਰਪ੍ਰੀਤ ਕਿੱਥੇ ਐ?’’
‘‘ਐਥੇ ਈ ਹੋਊ ਬੇਬੇ, ਕਿਸੇ ਮੁੰਡੇ ਕੋਲੇ ਖੜ੍ਹਾ ਹੋਊ।’’
ਬਚਨੋ ਕੁਝ ਨਾ ਬੋਲੀ।
‘‘ਕਿਉਂ, ਕੋਈ ਕੰਮ ਸੀ?’’
‘‘ਨਹੀਂ, ਕੰਮ ਤਾਂ ਕੋਈ ਨਹੀਂ ਸੀ।’’
‘‘ਫਿਰ ਕੋਈ ਹੋਰ ਗੱਲ ਐ?’’
‘‘ਗੱਲ ਤਾਂ ਕੋਈ ਨਹੀਂ ਪਰ...’’
‘‘ਬੇਬੇ, ਤੂੰ ਗੱਲ ਤਾਂ ਦੱਸ?’’
‘‘ਕੁੜੇ, ਕੀ ਦੱਸਾਂ? ਕਹਿੰਦੇ ਆਪਣੇ ਪਿੰਡ ’ਚ ਨਸ਼ਾ ਬਾਹਲਾ ਵਿਕਦੈ।’’
‘‘ਇਹ ਕੀ ਵੱਡੀ ਗੱਲ ਐ! ਅੱਗੇ ਅਫ਼ੀਮ ਵੇਚਦੇ ਸੀ, ਫਿਰ ਭੁੱਕੀ ’ਤੇ ਆ ਗਏ ਤੇ ਹੁਣ ਕੈਪਸੂਲ ਹੋ ਗਏ।’’
‘‘ਫਿਟੇ ਮੂੰਹ ਤੇਰੇ!’’ ਬਚਨੋ ਨੇ ਖਿਝ ਕੇ ਕਿਹਾ ਤੇ ਪਰ੍ਹੇ ਜਾ ਕੇ ਬੈਠ ਗਈ।
ਇੰਨੇ ਨੂੰ ਬਾਹਰੋਂ ਕੁੰਡਾ ਖੜਕਿਆ ਤਾਂ ਬਚਨੋ ਨੇ ਪੁੱਛਿਆ, ‘‘ਵੇ ਕਿਹੜੈਂ ਭਾਈ?’’
‘‘ਮੈਨੂੰ ਤਾਂ ਜੀ ਫੋਨ ਗਿਆ ਸੀ ਥੋਡੇ ਘਰੋਂ, ਕੱਪੜੇ ਧੋਣ ਵਾਲੀ ਮਸ਼ੀਨ ਠੀਕ ਕਰਨ ਵਾਸਤੇ।’’
‘‘ਆ ਜਾ ਪੁੱਤ ਲੰਘ ਆ,’’ ਬਚਨੋ ਨੇ ਮਕੈਨਿਕ ਮੁੰਡੇ ਨੂੰ ਕਿਹਾ।
ਪਿੰਡ ਦਾ ਮੁੰਡਾ ਹੋਣ ਕਰਕੇ ਬਚਨੋ ਉਸ ਦੇ ਕੋਲ ਕੁਰਸੀ ਡਾਹ ਕੇ ਬੈਠ ਗਈ। ਮੁੰਡਾ ਵਾਸ਼ਿੰਗ ਮਸ਼ੀਨ ਨੂੰ ਚੈੱਕ ਕਰਨ ਲੱਗਾ। ਬਚਨੋ ਦੇ ਅੰਦਰ ਉੱਬਲਾ-ਚੁੱਭਲੀ ਹੋ ਰਹੀ ਸੀ। ਉਹ ਭੂਰੋ ਦੀ ਆਖੀ ਗਈ ਗੱਲ ਦਾ ਨਿਤਾਰਾ ਕਰਨਾ ਚਾਹੁੰਦੀ ਸੀ ਕਿ ਉਸ ਦੀ ਗੱਲ ਕਿੰਨੀ ਕੁ ਸੱਚ ਅਤੇ ਕਿੰਨੀ ਕੁ ਝੂਠ ਹੈ। ਉਸ ਨੂੰ ਇਹ ਪਤਾ ਸੀ ਕਿ ਬਾਹਰ ਤੁਰਨ ਫਿਰਨ ਵਾਲਾ ਵਿਅਕਤੀ ਪਿੰਡ ਬਾਰੇ ਵੀ ਬਹੁਤ ਜਾਣਕਾਰੀ ਰੱਖਦਾ ਹੁੰਦਾ ਹੈ ਕਿਉਂਕਿ ਉਸ ਦਾ ਵਾਹ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਪੈਂਦਾ ਹੈ। ਪਹਿਲਾਂ ਤਾਂ ਬਚਨੋ ਨੇ ਉਸ ਤੋਂ ਉਨ੍ਹਾਂ ਦੇ ਪਰਿਵਾਰ ਦੀ ਸੁੱਖ-ਸਾਂਦ ਪੁੱਛੀ ਅਤੇ ਫਿਰ ਅਸਲੀ ਮੁੱਦੇ ’ਤੇ ਆਉਂਦਿਆਂ ਪੁੱਛਿਆ, ‘‘ਵੇ ਪੁੱਤ, ਤੂੰ ਮੈਨੂੰ ਇੱਕ ਗੱਲ ਦੱਸ ਬਈ ਆਪਣੇ ਪਿੰਡ ’ਚ ਵੀ ਜਵਾਕ ਨਸ਼ਾ ਨੁਸ਼ਾ ਕਰਦੇ ਨੇ?’’
‘‘ਆਪਣੇ ਪਿੰਡ ’ਚ ਤਾਂ ਬਾਹਲ਼ਾ ਨਸ਼ੈ ਬੇਬੇ। ਐਂ ਸਮਝ ਬਈ ਚੌਥੇ ਹਿੱਸੇ ਦੇ ਮੁੰਡੇ ਹੀ ਮਸਾਂ ਬਚੇ ਨੇ। ਬਾਕੀ ਸਾਰੇ ਖਾਂਦੇ ਨੇ।’’
‘‘ਹਾਏ ਵੇ ਚੰਦਰਿਓ!’’
‘‘ਪੁੱਛ ਨਾ ਬੇਬੇ, ਬਾਹਲਾ ਬੁਰਾ ਹਾਲ ਐ। ਮੈਨੂੰ ਲੱਗਦੈ ਤੂੰ ਕਦੇ ਘਰੋਂ ਬਾਹਰ ਨੀਂ ਨਿਕਲੀ।’’
ਆਪਣੇ ਮਨ ਦਾ ਤੌਖ਼ਲਾ ਮਿਟਾਉਂਦੀ ਮਿਟਾਉਂਦੀ ਉਹ ਹੋਰ ਨਵੀਂ ਬਿਪਤਾ ਵਿੱਚ ਫਸ ਗਈ। ਉਸ ਦਾ ਤੌਖ਼ਲਾ ਹੋਰ ਵਧ ਗਿਆ। ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਧਰਤੀ ਵਿੱਚ ਗਰਕ ਹੋ ਰਹੀ ਹੋਵੇ। ਉਸ ਦਾ ਜੀ ਘਬਰਾਉਣ ਲੱਗਾ। ਉਹ ਇੱਕ ਵਾਰ ਫਿਰ ਆਪਣੇ ਪੋਤੇ ਨੂੰ ਬੈਠਕ ਵਿੱਚ ਦੇਖਣ ਗਈ ਪਰ ਮੁੰਡਾ ਅਜੇ ਤੱਕ ਵੀ ਨਹੀਂ ਆਇਆ ਸੀ। ਉਸ ਨੂੰ ਅੱਚਵੀ ਲੱਗ ਗਈ। ਉਹ ਕਦੇ ਮਸ਼ੀਨ ਠੀਕ ਕਰਨ ਵਾਲੇ ਮੁੰਡੇ ਕੋਲੇ ਆ ਬੈਠਦੀ ਅਤੇ ਕਦੇ ਬੈਠਕ ਵੱਲ ਜਾ ਖੜ੍ਹਦੀ। ਉਸ ਦੀ ਇਸ ਹਰਕਤ ਨੂੰ ਦੇਖਦਿਆਂ ਉਸ ਦੀ ਨੂੰਹ ਬਲਜੀਤ ਨੂੰ ਸ਼ੱਕ ਪੈ ਗਿਆ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ। ਬੇਗਾਨੇ ਮੁੰਡੇ ਦੇ ਘਰ ਹੁੰਦਿਆਂ ਉਸ ਨੇ ਆਪਣੀ ਸੱਸ ਨੂੰ ਕੁਝ ਵੀ ਨਾ ਪੁੱਛਿਆ ਪਰ ਉਹ ਉਸ ਦੀ ਬੇਚੈਨੀ ਨੂੰ ਸਮਝ ਰਹੀ ਸੀ ਤੇ ਉਹ ਖ਼ੁਦ ਵੀ ਬੇਚੈਨ ਹੋ ਗਈ। ਬਚਨੋ ਨੇ ਵੀ ਆਪਣੀ ਨੂੰਹ ਨੂੰ ਕੁਝ ਨਾ ਪੁੱਛਿਆ।
ਮਕੈਨਿਕ ਮਸ਼ੀਨ ਠੀਕ ਕਰਕੇ ਚਲਾ ਗਿਆ।
ਬਚਨੋ ਉਦਾਸ ਬੈਠੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ। ਸੁਰਜੀਤ ਕੌਰ ਨੇ ਅੰਦਰ ਆਉਂਦੇ ਹੌਲੀ ਜਿਹੀ ਬਚਨੋ ਨੂੰ ਪੁੱਛਿਆ, ‘‘ਬਚਨ ਕੁਰੇ, ਤੈਨੂੰ ਕਿਸੇ ਗੱਲ ਦਾ ਪਤੈ?’’
‘‘ਕਿਹੜੀ ਗੱਲ ਦਾ?’’
‘‘ਲੈ ਕੁੜੇ, ਤੈਨੂੰ ਪਤਾ ਨ੍ਹੀਂ, ਨੀ ਮੁੰਡਾ ਮੁੱਕ ਗਿਆ ਦੇਬੇ ਦਾ।’’
‘‘ਨੀ ਬੂਅ ਨੀ ਮੈਂ ਮਰ ਜਾਂ! ਕਿਵੇਂ ਮੁੱਕ ਗਿਆ?’’
‘‘ਬਸ ਇਹੋ ਜਿਹੇ ਭਾਣੇ ਵਰਤਦੇ ਨੇ ਜਿਹੜੇ ਨਾ ਵਰਤਣੇ ਹੋਣ। ਨਸ਼ਾ ਕਰਦਾ ਸੀ ਚੰਦਰਾ। ਕਦੇ ਚੁੱਪਚਾਪ ਅੰਦਰ ਬਹਿ ਜਾਂਦਾ, ਕਦੇ ਬਾਹਰ ਨੂੰ ਤੁਰ ਜਾਂਦਾ। ਘਰੇ ਕਿਸੇ ਨੂੰ ਵੀ ਪਤਾ ਨਾ ਲੱਗਿਆ। ਜਦੋਂ ਮਾੜਾ ਮੋਟਾ ਪਤਾ ਲੱਗਿਆ ਤਾਂ ਘੂਰ ਘੱਪ ਕੀਤੀ। ਤੇ ਮੁੰਡਾ ਕਣਕ ਆਲੀਆਂ ਗੋਲੀਆਂ ਖਾ ਗਿਆ।’’
ਬਚਨੋ ਦੇ ਸਰੀਰ ਵਿੱਚੋਂ ਝਰਨਾਹਟ ਜਿਹੀ ਨਿਕਲ ਗਈ। ਉਸ ਨੂੰ ਲੱਗਿਆ ਜਿਵੇਂ ਉਸ ਦੀ ਜਾਨ ਹੁਣੇ ਨਿਕਲ ਜਾਵੇਗੀ। ਰਤਾ ਕੁ ਸੰਭਲ ਕੇ ਉਸ ਨੇ ਪੁੱਛਿਆ, ‘‘ਸਸਕਾਰ ਹੋ ਗਿਆ?’’
‘‘ਕਿਹੜਾ ਸਸਕਾਰ, ਸਗੋਂ ਮਿੱਟੀ ਬਦੀਨ ਹੋਣ ਵਾਲੀ ਗੱਲ ਹੋਗੀ। ਹਸਪਤਾਲ ਲੈ ’ਗੇ।’’
‘‘ਓ... ਹੋ, ਲੋਹੜਾ ਆ ਗਿਆ।’’
‘‘ਆਪਾਂ ਚੱਲੀਏ ਉਨ੍ਹਾਂ ਦੇ ਘਰੇ।’’
‘‘ਚੱਲ ਚੱਲੀਏ।’’
ਬਚਨੋ ਨੇ ਆਪਣੀ ਨੂੰਹ ਬਲਜੀਤ ਨੂੰ ਦੱਸਿਆ ਕਿ ਉਹ ਦੇਬੇ ਦੇ ਘਰ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਦਾ ਮੁੰਡਾ ਮੁੱਕ ਗਿਆ ਹੈ। ਜਦੋਂ ਉਹ ਦੇਬੇ ਕੇ ਘਰ ਨੂੰ ਜਾ ਰਹੀਆਂ ਸਨ ਤਾਂ ਭੂਰੋ ਵੀ ਉਨ੍ਹਾਂ ਦੇ ਨਾਲ ਹੀ ਰਲ ਗਈ। ਉਹ ਦੇਬੇ ਦੇ ਘਰ ਪਹੁੰਚ ਗਈਆਂ। ਘਰ ਦਾ ਚੁਫ਼ੇਰਾ ਹਉ ਕੁਰਲਾਪ ਨਾਲ ਹਾਲੋਂ ਬੇਹਾਲ ਸੀ। ਮੁੰਡੇ ਦੀ ਦਾਦੀ, ਮਾਂ ਅਤੇ ਭੂਆ ਦੁਹੱਥੜੀਂ ਪਿੱਟ ਰਹੀਆਂ ਸਨ। ਦਰਦਨਾਕ ਕੀਰਨੇ ਕਾਲਜੇ ’ਚੋਂ ਰੁੱਗ ਭਰਦੇ ਸਨ। ਜਦੋਂ ਦੇਬੇ ਦੀ ਮਾਂ ਨੇ ਦੁਹੱਥੜ ਮਾਰ ਕੇ ਕਿਹਾ, ‘‘ਫੁੱਟ ਗਿਆ ਨੀ ਮੇਰੇ ਘਰ ਦਾ ਦੀਵਾ’’ ਤਾਂ ਬਚਨੋ ਦੀਆਂ ਲੇਰਾਂ ਨਿਕਲ ਗਈਆਂ। ਭੂਰੋ ਅਤੇ ਸੁਰਜੀਤ ਕੌਰ ਵੀ ਰੋਣ ਲੱਗ ਪਈਆਂ। ਇੰਨੇ ਨੂੰ ਦੇਬੇ ਦੀ ਘਰਵਾਲੀ ਨੂੰ ਦੰਦਲ ਪੈ ਗਈ ਤਾਂ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੋਈ ਉੱਠਿਆ ਤੇ ਪਿੰਡ ਵਿੱਚ ਪ੍ਰੈਕਟਿਸ ਕਰਦੇ ਡਾਕਟਰ ਨੂੰ ਬੁਲਾ ਕੇ ਲੈ ਆਇਆ। ਦੇਬੇ ਦੀ ਘਰਵਾਲੀ ਨੂੰ ਦਵਾਈ ਦੇਣ ਤੋਂ ਬਾਅਦ ਕਿਸੇ ਸਮਝਦਾਰ ਨੇ ਦੇਬੇ ਦੀ ਮਾਂ ਧੰਨੋ ਨੂੰ ਦਵਾਈ ਦੇਣ ਲਈ ਕਿਹਾ। ਜਦੋਂ ਡਾਕਟਰ ਧੰਨੋ ਨੂੰ ਦਵਾਈ ਦੇਣ ਲੱਗਾ ਤਾਂ ਧੰਨੋ ਨੇ ਡਾਕਟਰ ਅੱਗੇ ਤਰਲਾ ਪਾਇਆ, ‘‘ਵੇ ਜਿਊਣ ਜੋਗਿਆ, ਵੇ ਮੈਂ ਕੀ ਲੈਣੈਂ ਜਿਊਂ ਕੇ।ਵੇ ਤੂੰ ਮੇਰੇ ਵਿਹੁ ਦਾ ਸੂਆ ਲਾ ਦੇ।’’
ਇਹ ਸੁਣ ਕੇ ਸਭ ਪ੍ਰੇਸ਼ਾਨ ਹੋ ਗਏ। ਡਾਕਟਰ ਵੀ ਚੁੱਪਚਾਪ ਚਲਾ ਗਿਆ।
ਘਰ ਵਿੱਚ ਬੈਠੇ ਆਦਮੀ ਦੂਜਿਆਂ ਨਾਲ ਸੰਪਰਕ ਕਰ ਰਹੇ ਸਨ ਜੋ ਮੁੰਡੇ ਦੀ ਲਾਸ਼ ਨਾਲ ਹਸਪਤਾਲ ਵਿੱਚ ਸਨ। ਕੋਈ ਰਿਸ਼ਵਤ ਦੇਣ ਦਾ ਸੁਝਾਅ ਦੇ ਰਿਹਾ ਸੀ ਤੇ ਕੋਈ ਸਿਫ਼ਾਰਿਸ਼ ਦਾ। ਗੱਲ ਪਤਾ ਨਹੀਂ ਕਿਵੇਂ ਮੁੱਕੀ ਪਰ ਸਸਕਾਰ ਦੀ ਤਿਆਰੀ ਕਰਨ ਲਈ ਕਹਿ ਦਿੱਤਾ। ਸੱਥਰ ’ਤੇ ਬੈਠੇ ਆਦਮੀ ਅੱਡੋ ਅੱਡੀ ਕੰਮ ਲੱਗ ਗਏ।
ਲਗਭਗ ਡੇਢ ਘੰਟੇ ਮਗਰੋਂ ਮੁੰਡੇ ਦੀ ਲਾਸ਼ ਘਰ ਆ ਗਈ। ਘਰ ਵਿੱਚ ਮਾਂ, ਭੈਣ, ਭੂਆ ਅਤੇ ਦਾਦੀ ਲਾਸ਼ ’ਤੇ ਡਿੱਗ ਡਿੱਗ ਜਾਂਦੀਆਂ ਸਨ। ਭਿਆਨਕ ਚੀਕਾਂ ਪੱਥਰਾਂ ਨੂੰ ਵੀ ਪਾੜਦੀਆਂ ਸਨ। ਆਖ਼ਰ ਸਭ ਨੂੰ ਪਰ੍ਹੇ ਕਰਕੇ ਮੁੰਡੇ ਨੂੰ ਨਵ੍ਹਾਉਣ ਲੱਗੇ। ਨਵ੍ਹਾਉਣ ਪਿੱਛੋਂ ਕੱਪੜੇ ਪਾਉਣ ਤੋਂ ਬਾਅਦ ਇੱਕ ਔਰਤ ਨੇ ਸਿਹਰਾ ਫੜਾਉਂਦੇ ਹੋਏ ਕਿਹਾ, ‘‘ਲੈ ਭਾਈ ਆਹ ਵੀ ਬੰਨ੍ਹ ਦਿਓ। ਅੰਦਰ ਹੀ ਲੈ ਗਿਆ ਸਾਰੇ ਚਾਅ!’’
ਸਿਹਰੇ ਬੰਨ੍ਹੇ ਦੇਖ ਕੇ ਕੁਝ ਚੁੱਪ ਸਨ ਅਤੇ ਕੁਝ ਚਬਾਚਬੀ ਕਰ ਰਹੇ ਸਨ। ਅਰਥੀ ਨੂੰ ਸ਼ਮਸ਼ਾਨਘਾਟ ਲਿਜਾਣ ਤੋਂ ਪਹਿਲਾਂ ਮੂੰਹ ਦੇਖਣ ਲੱਗੇ ਤਾਂ ਫਿਰ ਕੁਰਲਾਹਟ ਮੱਚ ਗਿਆ। ਸਭ ਨੇ ਭਰੀਆਂ ਅੱਖਾਂ ਨਾਲ ਮੂੰਹ ਦੇਖਿਆ ਅਤੇ ਅਰਥੀ ਸ਼ਮਸ਼ਾਨ ਨੂੰ ਲੈ ਗਏ।
ਸਸਕਾਰ ਹੋਏ ਤੋਂ ਸਭ ਵਾਪਸ ਆ ਗਏ। ਕਿਸੇ ਨੇ ਤਿਣਕਾ ਤੋੜਿਆ ਤੇ ਕਿਸੇ ਨੇ ਪੱਲੇ ਧੋਤੇ। ਜੇਕਰ ਇਹ ਕੁਝ ਨਾ ਵੀ ਕਰਦੇ ਤਾਂ ਕਿਹੜਾ ਉਸ ਨੇ ਆ ਕੇ ਕਿਸੇ ਨੂੰ ਕੁਝ ਕਹਿਣਾ ਸੀ। ਘਰ ਆ ਕੇ ਪਰਿਵਾਰ ਨੂੰ ਰੋਟੀ ਖਵਾ ਕੇ ਭੂਰੋ ਤੇ ਬਚਨੋ ਘਰਾਂ ਨੂੰ ਮੁੜ ਪਈਆਂ ਜਦੋਂਕਿ ਸੁਰਜੀਤ ਕੌਰ ਰਾਹ ਵਿੱਚੋਂ ਹੀ ਮੁੜ ਪਈ ਸੀ। ਬਚਨੋ ਨੇ ਭੂਰੋ ਨੂੰ ਕਿਹਾ, ‘‘ਕੁੜੇ, ਆਹ ਸਿਹਰੇ ਬੰਨ੍ਹਦਿਆਂ ਨੂੰ ਸ਼ਰਮ ਨਾ ਆਈ?’’
‘‘ਆਹੋ ਇਹ ਹੁਣ ਰਿਵਾਜ ਐ।’’
‘‘ਹੈਅ ਥੋਡਾ ਬੇੜਾ ਬਹਿ ਜੇ! ਸ਼ਰਮ ਦਾ ਘਾਟੈ। ਘਰ ਉੱਜੜ ਗਿਆ ਤੇ ਇਨ੍ਹਾਂ ਨੂੰ ਸਿਹਰੇ ਬੰਨ੍ਹਣ ਦੀ ਬਣਗੀ।’’
‘‘ਖ਼ਬਰੈ, ਕਿੱਥੋਂ ਸਿੱਖਦੇ ਨੇ ਇਹੇ ਜਿਹੀਆਂ ਗੱਲਾਂ।’’
‘‘ਭਾਣਾ ਵਰਤ ਗਿਆ। ਘਰ ਪੱਟਿਆ ਗਿਆ। ਜੇ ਕੋਈ ਹੋਰ ਹੀਲਾ ਕਰਨਗੇ ਤਾਂ ਨਵਾਂ ਜੰਮਿਆ ਜਵਾਕ ਕਦੋਂ ਗੱਭਰੂ ਹੋਇਆ।’’
ਬਚਨੋ ਨੂੰ ਕੁਝ ਨਾ ਔੜ੍ਹਿਆ। ਉਹ ਬੋਲ ਹੀ ਨਾ ਸਕੀ। ਉਹ ਤਾਂ ਕਿਸੇ ਹੋਰ ਹੀ ਦੁਨੀਆ ਵਿੱਚ ਪਹੁੰਚ ਗਈ। ਭੂਰੋ ਦਾ ਘਰ ਨੇੜੇ ਸੀ ਤੇ ਉਹ ਆਪਣੇ ਘਰ ਵੜ ਗਈ। ਬਚਨੋ ਆਪਣੀ ਬੀਹੀ ਨੂੰ ਮੁੜ ਪਈ। ਉਹ ਅਤਿਅੰਤ ਉਦਾਸ ਹੋਈ ਆਪਣੇ ਘਰ ਪਹੁੰਚੀ ਅਤੇ ਦੂਰ ਵਿਹੜੇ ਵਿੱਚ ਜਾ ਕੇ ਬੈਠ ਗਈ। ਉਸ ਨੂੰ ਦੂਰ ਬੈਠੀ ਦੇਖ ਕੇ ਬਲਜੀਤ ਨੇ ਕੋਲ ਆ ਕੇ ਪੁੱਛਿਆ, ‘‘ਬੇਬੇ, ਸਸਕਾਰ ਹੋ ਗਿਆ?’’
‘‘ਹੋ ਗਿਆ ਮਾੜੇ ਕਰਮਾਂ ਵਾਲੇ ਦਾ। ਉਹਤੋਂ ਵੱਧ ਟੱਬਰ ਦੇ ਜੀਆਂ ਦਾ ਮਾੜਾ ਲਿਖਿਆ ਜਿਹੜੇ ਤੜਫ਼ਦੇ ਨੇ।’’
‘‘ਬਹੁਤ ਮਾੜਾ ਹੋਇਆ। ’ਕੱਲਾ ਜਵਾਕ ਸੀ ਘਰ ਪੱਟਿਆ ਗਿਆ।’’
ਬਚਨੋ ਕੁਝ ਨਾ ਬੋਲੀ।
ਬਲਜੀਤ ਨੇ ਫਿਰ ਕਿਹਾ, ‘‘ਚੰਦਰਿਆ, ਕਿਉਂ ਕੁਸ ਖਾਨੈ। ਜੇ ਗੁੱਸਾ ਐ ਤਾਂ ਨਾ ਬੁਲਾ ਕਿਸੇ ਨੂੰ। ਜਾਨੋਂ ਗਿਆ।’’
‘‘ਉਹ ਤਾਂ ਉਸੇ ਦੇ ਭਲੇ ਵਾਸਤੇ ਕਹਿੰਦੇ ਸੀ। ਆਵਦਾ ਘਰ ਪੱਟਣ ਨੂੰ ਕੀਹਦਾ ਜੀ ਕਰਦੈ!’’
‘‘ਬੇਬੇ ਵਿੱਚੋਂ ਗੱਲ ਕੀ ਸੀ?’’
‘‘ਨਸ਼ਾ ਕਰਦਾ ਸੀ, ਪਿਓ ਨੇ ਘੂਰ’ਤਾ।’’
ਗੱਲ ਸੁਣ ਕੇ ਬਲਜੀਤ ਚੁੱਪ ਕਰ ਗਈ। ਬਚਨੋ ਤੋਂ ਰਿਹਾ ਨਾ ਗਿਆ। ਉਸ ਨੇ ਬਲਜੀਤ ਨੂੰ ਕਿਹਾ, ‘‘ਦੇਖ ਮੇਰੀ ਗੱਲ ਦਾ ਗੁੱਸਾ ਨਾ ਕਰੀਂ। ਤੂੰ ਆਪਣੇ ਮੁੰਡੇ ਦੀ ਬਿੜਕ ਰੱਖਿਆ ਕਰ। ਆਹ ਛੋਟੇ ਦਾ ਮੁੰਡਾ ਦੱਸ ਕੇ ਗਿਆ ਕਿ ਆਪਣੇ ਪਿੰਡ ਦੇ ਮੁੰਡੇ ਬਾਹਲੇ ਵਿਗੜੇ ਪਏ ਨੇ। ਕਹਿੰਦਾ ਪੌਣੇ ਪਿੰਡ ਦੇ ਮੁੰਡੇ ਨਸ਼ਾ ਕਰਦੇ ਨੇ।’’
‘‘ਹੈਂਅ ਸੱਚੀਂ?’’
‘‘ਹਾਂ, ਤਾਂ ਹੀ ਤਾਂ ਮੈਂ ਕਹਿਨੀ ਆਂ ਤੈਨੂੰ।’’
‘‘ਚੰਗਾ, ਤੂੰ ਨਾ ਕੁਸ਼ ਕਹੀਂ। ਮੈਂ ਆਪ ਬਿੜਕ ਲਊਂ।’’
‘‘ਇਹ ਤੋਂ ਵੀ ਪੁੱਛੀਂ ਤੇ ਉਨ੍ਹਾਂ ਤੋਂ ਵੀ ਪੁੱਛੀਂ ਜਿਨ੍ਹਾਂ ਨਾਲ ਇਹਦਾ ਮੁਲਾਹਜ਼ੈ।’’
‘‘ਕੋਈ ਨੀ ਬੇਬੇ, ਮੈਂ ਸਾਰੀ ਗੌਰ ਰੱਖੂੰ।’’
‘‘ਸਾਰਾ ਟੱਬਰ ਰੋਂਦਾ ਧਾਹ ਨੀਂ ਧਰਦਾ। ਹੁਣ ਕੀ ਬਣਦੈ...’’
‘‘ਕਰਮ ਫੁੱਟ’ਗੇ।’’
‘‘ਕਰਮ ਤਾਂ ਮਾੜੀ ਔਲਾਦ ਨੇ ਭੰਨ’ਤੇ। ਨਾਲੇ ਘਰ ਗਿਆ, ਨਾਲੇ ਬਦਨਾਮੀ।’’
ਬਲਜੀਤ ਹਉਕਾ ਲੈ ਕੇ ਚੁੱਪ ਕਰ ਗਈ। ਆਪਣੀ ਨੂੰਹ ਨੂੰ ਜ਼ਿੰਮੇਵਾਰੀ ਸੌਂਪ ਕੇ ਵੀ ਬਚਨੋ ਅਵੇਸਲੀ ਨਾ ਹੋਈ ਅਤੇ ਉਹ ਆਪਣੇ ਪੋਤੇ ਦੀ ਨਿਗਰਾਨੀ ਕਰਨ ਲੱਗੀ। ਉਸ ਦੀਆਂ ਹਰਕਤਾਂ ਅਤੇ ਤੋਰ ਪਛਾਣਨ ਲੱਗੀ। ਬੈਠਕ ਵਿੱਚ ਮੁੰਡੇ ਦਾ ਇਕੱਲਾ ਬੈਠਣਾ ਭਾਵੇਂ ਨਾਜਾਇਜ਼ ਨਹੀਂ ਸੀ ਪਰ ਫਿਰ ਵੀ ਜਦੋਂ ਆਪਣੀ ਮਾਂ ਨੂੰ ਇੰਜ ਕਹਿੰਦਾ ਸੁਣਿਆ ਕਿ ਮੈਂ ਆਪਣੇ ਕਮਰੇ ਦੀ ਸਫ਼ਾਈ ਆਪੇ ਹੀ ਕਰ ਲਊਂ ਤਾਂ ਬਚਨੋ ਦੇ ਦਿਲ ਵਿੱਚ ਚੋਰ ਵੜ ਗਿਆ। ਉਸ ਨੇ ਆਪਣੀ ਨੂੰਹ ਨੂੰ ਕਿਹਾ, ‘‘ਜਦੋਂ ਇਹ ਆਪਣੇ ਕਮਰੇ ’ਚ ਨਾ ਹੋਇਆ ਨਾ ਤਾਂ ਤੂੰ ਉਦੋਂ ਜਾ ਕੇ ਦੇਖੀਂ। ਮੈਨੂੰ ਤਾਂ ਆਪਣੇ ਮੁੰਡੇ ’ਤੇ ਸ਼ੱਕ ਐ।’’
‘‘ਬੇਬੇ, ਇਹਦੇ ਪਿਓ ਕੋਲੇ ਨਾ ਦੱਸੀਂ। ਮੈਂ ਆਪੇ ਗੌਰ ਕਰੂੰ।’’
‘‘ਚੰਗਾ, ਤੇਰੀ ਮਰਜ਼ੀ ਐ।’’
ਕੁਝ ਦਿਨ ਬਾਅਦ ਬਲਜੀਤ ਆਪਣੇ ਲੜਕੇ ਗੁਰਪ੍ਰੀਤ ਦੇ ਕਮਰੇ ਵਿੱਚ ਗਈ ਤਾਂ ਉਸ ਨੇ ਉਸ ਨੂੰ ਦੇਖ ਕੇ ਫਟਾਫਟ ਕੁਝ ਲੁਕੋ ਲਿਆ। ਉਸ ਨੂੰ ਸ਼ੱਕ ਪੈ ਗਿਆ ਅਤੇ ਉਹ ਬਿਨਾਂ ਬੋਲੇ ਚੁੱਪਚਾਪ ਵਾਪਸ ਆ ਗਈ। ਮੁੰਡਾ ਵੀ ਮਾਂ ਨੂੰ ਸਮਝ ਗਿਆ ਤੇ ਬਾਹਰ ਆ ਕੇ ਕਹਿਣ ਲੱਗਾ, ‘‘’ਮੰਮੀ ਆਜਾ ਆਜਾ।’’
‘‘ਚਲ ਤੂੰ ਬੈਠ ਕੇ ਜੋ ਕਰਨਾ ਕਰ ਲੈ। ਮੈਂ ਤਾਂ ਫੇਰ ਹੀ ਆਊਂ।’’
ਜ਼ਿੰਦਗੀ ਦੇ ਤਜਰਬੇ ਮਨੁੱਖ ਦੀ ਬੁੱਧੀ ਨੂੰ ਤੇਜ਼ ਕਰਦੇ ਹਨ ਅਤੇ ਉਹ ਦੂਜਿਆਂ ਨੂੰ ਪੜ੍ਹਨ ਤੇ ਸਮਝਣ ਲੱਗ ਪੈਂਦਾ ਹੈ। ਵਿਹੜੇ ਵਿੱਚ ਬੈਠੀ ਬਚਨੋ ਬਿਨਾਂ ਕੁਝ ਪੁੱਛੇ ਹੀ ਸਭ ਕੁਝ ਸਮਝ ਗਈ ਅਤੇ ਉਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ। ਉਸ ਨੇ ਆਪਣੇ ਪੋਤੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਅਜਿਹੇ ਢੰਗ ਨਾਲ ਜਿਸ ਨਾਲ ਉਸ ਨੂੰ ਸ਼ੱਕ ਨਾ ਪਵੇ। ਉਹ ਗੁਰਪ੍ਰੀਤ ਦੇ ਕਮਰੇ ਵਿੱਚ ਤਾਂ ਨਾ ਜਾਂਦੀ ਪਰ ਉਸ ਦੇ ਬਿਨਾਂ ਕੰਮ ਤੂੜੀ ਵਾਲੇ ਕਮਰੇ ਵਿੱਚ ਵਾਰ ਵਾਰ ਜਾਣ ਕਰਕੇ, ਉਸ ਦਾ ਸ਼ੱਕ ਪਕੇਰਾ ਹੋ ਗਿਆ। ਉਸ ਨੂੰ ਇਹ ਵੀ ਤਜਰਬਾ ਸੀ ਕਿ ਤੂੜੀ ਵਿੱਚ ਦੱਬੀ ਹੋਈ ਚੀਜ਼ ਵਾਲੀ ਥਾਂ ਕਿਹੋ ਜਿਹੀ ਹੁੰਦੀ ਹੈ। ਬਚਪਨ ਵਿੱਚ ਤੂੜੀ ਵਿੱਚ ਦੱਬੀਆਂ ਚੀਜ਼ਾਂ ਨੂੰ ਲੱਭਣਾ ਵੀ ਇੱਕ ਚਤੁਰਾਈ ਹੁੰਦੀ ਸੀ। ਗੁੱਡੀਆਂ ਪਟੋਲੇ ਜਾਂ ਫਲ ਜਿਵੇਂ ਅੰਬ, ਅਮਰੂਦ ਜਾਂ ਕੇਲੇ ਦੱਬਣ ਦੇ ਤਜਰਬਿਆਂ ਤੋਂ ਉਸ ਨੇ ਸਿੱਖ ਲਿਆ ਸੀ। ਉਸ ਨੇ ਸ਼ੱਕ ਵਾਲੀ ਥਾਂ ਨੂੰ ਫਰੋਲਿਆ। ਉਸ ਥਾਂ ਵਿੱਚੋਂ ਉਸ ਨੂੰ ਕੁਝ ਸ਼ੀਸ਼ੀਆਂ ਅਤੇ ਸਰਿੰਜਾਂ ਮਿਲੀਆਂ। ਉਸ ਨੇ ਉੱਥੋਂ ਕੱਢ ਕੇ ਉੱਥੇ ਹੀ ਦੱਬ ਦਿੱਤੀਆਂ ਤਾਂ ਕਿ ਉਸ ਨੂੰ ਪਤਾ ਨਾ ਲੱਗੇ। ਉਹ ਕਾਹਲੀ ਨਾਲ ਬਲਜੀਤ ਕੋਲ ਗਈ ਤੇ ਆਸਾ-ਪਾਸਾ ਦੇਖ ਕੇ ਮੁੰਡੇ ਬਾਰੇ ਪੁੱਛਿਆ, ‘‘ਬਲਜੀਤ, ਤੈਨੂੰ ਮੁੰਡੇ ਬਾਰੇ ਕੁਝ ਪਤਾ ਲੱਗਿਆ?’’
‘‘ਬੇਬੇ, ਮੈਨੂੰ ਕੋਈ ਚੀਜ਼ ਥ੍ਹਿਆਈ ਨ੍ਹੀਂ ਪਰ ਮੈਨੂੰ ਸ਼ੱਕ ਜ਼ਰੂਰ ਐ।’’
‘‘ਤੂੰ ਉਸ ਨੂੰ ਕੁਸ਼ ਪੁੱਛਿਆ?’’
‘‘ਮੈਂ ਪੁੱਛਿਆ ਤਾਂ ਸੀ ਪਰ ਉਹ ਮੇਰੇ ਸਿਰ ’ਤੇ ਹੱਥ ਰੱਖ ਕੇ ਸਹੁੰ ਖਾ ਗਿਆ।’’
‘‘ਖਾ ਗਿਆ ਸਹੁੰ, ਜੰਮਣ ਵਾਲਿਆਂ ਦਾ ਸਿਰ! ਨਸ਼ੇ ਵਾਲੇ ਸੱਚ ਨ੍ਹੀਂ ਬੋਲਦੇ ਹੁੰਦੇ। ਜਾਹ, ਬੀਹੀ ਦਾ ਬਾਰ ਅੜਾ ਕੇ ਆ। ਚਲ ਤੈਨੂੰ ਦਿਖਾਵਾਂ।’’
ਜਦੋਂ ਬਲਜੀਤ ਬੀਹੀ ਦਾ ਬਾਰ ਅੜਾ ਕੇ ਆਈ ਤਾਂ ਬਚਨੋ ਉਸ ਨੂੰ ਤੂੜੀ ਵਾਲੀ ਸਬ੍ਹਾਤ ਵਿੱਚ ਲੈ ਗਈ। ਉਹੀ ਚੀਜ਼ਾਂ ਕੱਢ ਕੇ ਦਿਖਾਈਆਂ ਤਾਂ ਬਲਜੀਤ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ।
‘‘ਹੈ ਵੇ ਕੁ-ਬੀਆ’’
‘‘ਕਿਉਂ ਦੇਖ ਲਿਆ?’’
‘‘ਦੇਖ ਲਿਆ ਬੇਬੇ ਪਰ ਤੂੰ ਇਹਦੇ ਪਿਓ ਕੋਲ ਨਾ ਦੱਸੀਂ। ਕਿਤੇ ਆਪਣੇ ਨਾਲ ਵੀ ਦੇਬੇ ਕਿਆਂ ਵਾਲੀ ਨਾ ਹੋ ਜੇ।’’
ਨੂੰਹ ਦੀ ਗੱਲ ਸੁਣ ਕੇ ਅਤੇ ਭਵਿੱਖ ਬਾਰੇ ਸੋਚ ਕੇ ਬਚਨੋ ਵੀ ਡਰ ਗਈ।
ਕੁਝ ਦਿਨ ਬੀਤੇ ਤਾਂ ਗੁਰਚਰਨ ਨੂੰ ਵੀ ਪਤਾ ਲੱਗ ਗਿਆ ਕਿਉਂਕਿ ਪਿੰਡ ਵਿੱਚ ਅਜਿਹੀਆਂ ਗੱਲਾਂ ਕਿਤੋਂ ਨਾ ਕਿਤੋਂ ਬਾਹਰ ਨਿਕਲ ਹੀ ਜਾਂਦੀਆਂ ਹਨ ਅਤੇ ਕੋਈ ਹਮਦਰਦ ਘਰ ਸੰਭਾਲਣ ਲਈ ਕਹਿ ਵੀ ਦਿੰਦਾ ਹੈ। ਗੁਰਚਰਨ ਨੇ ਆਪਣੀ ਘਰਵਾਲੀ ਬਲਜੀਤ ਅਤੇ ਆਪਣੀ ਮਾਂ ਦੇ ਸਾਹਮਣੇ ਸਾਰੀ ਗੱਲ ਰੱਖੀ ਤਾਂ ਉਨ੍ਹਾਂ ਨੇ ਕਿਹਾ ਕਿ ਮੁੰਡੇ ਨੂੰ ਪਿਆਰ ਨਾਲ ਸਮਝਾਇਆ ਜਾਵੇ ਤਾਂ ਗੁਰਚਰਨ ਨੇ ਉਸ ਨੂੰ ਪਿਆਰ ਨਾਲ ਹੀ ਸਮਝਾਇਆ ਤੇ ਕਿਹਾ ਕਿ ਤੂੰ ਸ਼ਰਾਬ ਪੀ ਲੈ ਪਰ ਟੀਕਿਆਂ ਵਾਲੀ ਆਦਤ ਛੱਡ ਦੇ। ਆਪਣੇ ਪਿਓ ਦੀ ਗੱਲ ਸੁਣ ਕੇ ਮੁੰਡੇ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ ਅਤੇ ਘਰ ਵਿੱਚ ਉਸ ਨੇ ਸਾਰੇ ਟਿਕਾਣੇ ਖ਼ਤਮ ਕਰ ਦਿੱਤੇ ਜੋ ਉਸ ਨੇ ਨਸ਼ਾ ਲੁਕਾਉਣ ਲਈ ਬਣਾਏ ਸਨ ਤਾਂ ਕਿ ਉਹ ਤਲਾਸ਼ੀ ਲੈਣ ਤਾਂ ਕੁਝ ਮਿਲੇ ਨਾ। ਉਸ ਨੇ ਨਵਾਂ ਟਿਕਾਣਾ ਬਣਾ ਲਿਆ ਜਿੱਥੇ ਘਰਦਿਆਂ ਨੂੰ ਕੋਈ ਸ਼ੱਕ ਨਹੀਂ ਸੀ ਪੈਣਾ। ਘਰਦਿਆਂ ਦੇ ਅੱਖੀਂ ਘੱਟਾ ਪਾਉਣ ਲਈ ਉਸ ਨੇ ਸ਼ਾਮ ਦੀ ਸੈਰ ਕਰਨੀ ਸ਼ੁਰੂ ਕਰ ਦਿੱਤੀ।
ਗੁਰਪ੍ਰੀਤ ਨੇ ਭਾਵੇਂ ਸ਼ੱਕ ਦੇ ਸਾਰੇ ਸਬੂਤ ਮਿਟਾ ਦਿੱਤੇ ਪਰ ਘਰਦਿਆਂ ਦੇ ਅੰਦਰੋਂ ਸ਼ੱਕ ਨਾ ਨਿਕਲਿਆ। ਅਜੇ ਵੀ ਕਾਇਮ ਸੀ।
ਇੱਕ ਦਿਨ ਗੁਰਪ੍ਰੀਤ ਸ਼ਾਮ ਨੂੰ ਘਰੋਂ ਬਾਹਰ ਨਿਕਲਿਆ ਤਾਂ ਬਚਨੋ ਨੇ ਉਸ ਨੂੰ ਵਡਿਆਉਂਦਿਆਂ ਕਿਹਾ, ‘‘ਪੁੱਤ ਬਾਹਲਾ ਚਿਰ ਨਾ ਲਾਈਂ। ਮੈਂ ਤੇਰੇ ਵਾਸਤੇ ਚੂਰੀ ਕੁੱਟੂੰਗੀ ਤੇ ਤੂੰ ਆ ਕੇ ਤੱਤੀ ਤੱਤੀ ਖਾ ਲੀਂ।’’
‘‘ਬਸ ਬੇਬੇ ਮੈਂ ਛੇਤੀ ਆਊਂ’’ ਕਹਿ ਕੇ ਉਹ ਘਰੋਂ ਚਲਾ ਗਿਆ।
ਕਿੰਨਾ ਚਿਰ ਹੀ ਹੋ ਗਿਆ ਪਰ ਗੁਰਪ੍ਰੀਤ ਵਾਪਸ ਨਾ ਮੁੜਿਆ। ਬਚਨੋ ਦੇ ਹੌਲ ਪੈ ਗਿਆ ਤਾਂ ਉਸ ਨੇ ਬਲਜੀਤ ਨੂੰ ਕਿਹਾ, ‘‘ਕੁੜੇ, ਰੋਟੀ ਫੇਰ ਪਕਾ ਲੀਂ ਪਹਿਲਾਂ ਉਹਨੂੰ ਫੋਨ ਕਰ।’’
ਬਲਜੀਤ ਨੇ ਫੋਨ ਮਿਲਾਇਆ। ਰਿੰਗ ਜਾ ਰਹੀ ਸੀ ਪਰ ਫੋਨ ਨਾ ਚੁੱਕਿਆ। ਉਸ ਨੇ ਫਿਰ ਫੋਨ ਮਿਲਾਇਆ ਤਾਂ ਵੀ ਨਾ ਚੁੱਕਿਆ। ਉਹ ਵਾਰ ਵਾਰ ਫੋਨ ਮਿਲਾ ਰਹੀ ਸੀ।
ਬਚਨੋ ਭੱਜ ਕੇ ਬੀਹੀ ਦੇ ਬਾਰ ਵਿੱਚ ਜਾ ਕੇ ਦੇਖਣ ਗਈ ਤਾਂ ਕਿ ਕੀ ਪਤਾ ਉਹ ਆਉਂਦਾ ਹੀ ਹੋਵੇ। ਦੂਰ ਤੱਕ ਉਸ ਨੂੰ ਕੋਈ ਮੁੰਡਾ ਨਾ ਦਿਸਿਆ। ਉਹ ਖੇਤ ਵੱਲ ਨੂੰ ਤੁਰ ਪਈ ਤਾਂ ਇੱਕ ਮੁੰਡਾ ਉਸ ਨੂੰ ਮੋਟਰਸਾਈਕਲ ’ਤੇ ਮਿਲਿਆ। ਬਚਨੋ ਨੇ ਉਸ ਨੂੰ ਰੋਕ ਕੇ ਪੁੱਛਿਆ, ‘‘ਭਾਈ, ਸਾਡਾ ਗੁਰਪ੍ਰੀਤ ਨਹੀਂ ਦੇਖਿਆ ਕਿਤੇ?’’
‘‘ਪਤਾ ਨਹੀਂ ਅੰਬੋ, ਤੂੰ ਘਰੇ ਚੱਲ ਮੈਂ ਤੈਨੂੰ ਉਹਦਾ ਪਤਾ ਲਿਆ ਦੂੰਗਾ,’’ ਬਚਨੋ ਨੂੰ ਉਸ ਦੀ ਗੱਲ ਦੀ ਸਮਝ ਨਾ ਆਈ ਅਤੇ ਉਹ ਉਸ ਨੂੰ ਘਰ ਛੱਡ ਗਿਆ।
ਬਚਨੋ ਨੂੰ ਤਾਂ ਅੱਚਵੀ ਲੱਗੀ ਹੋਈ ਸੀ। ਉਹ ਕਦੇ ਇਧਰ ਜਾਂਦੀ, ਕਦੇ ਉਧਰ ਜਾਂਦੀ। ਬਲਜੀਤ ਨੇ ਗੁਰਚਰਨ ਨੂੰ ਵੀ ਫੋਨ ਕੀਤਾ ਪਰ ਉਸ ਨੇ ਵੀ ਨਾ ਚੁੱਕਿਆ। ਦੋਵੇਂ ਸੱਸ ਨੂੰਹ ਗਹਿਰੀ ਚਿੰਤਾ ਵਿੱਚ ਡੁੱਬ ਗਈਆਂ।
ਇੰਨੇ ਨੂੰ ਬਾਹਰ ਰੌਲਾ ਸੁਣਾਈ ਦਿੱਤਾ ਤਾਂ ਬਲਜੀਤ ਬਾਹਰ ਗਈ। ਸ਼ਰੀਕੇ ਕਬੀਲੇ ਵਾਲੇ ਉਨ੍ਹਾਂ ਦੇ ਘਰ ਵੱਲ ਆ ਰਹੇ ਸਨ। ਉਸ ਦਾ ਮੱਥਾ ਠਣਕਿਆ ਤੇ ਉਹ ਅੰਦਰ ਆ ਗਈ। ਇੰਨੇ ਨੂੰ ਭੂਰੋ ਨੇ ਆ ਕੇ ਬਚਨੋ ਨੂੰ ਪੁੱਛਿਆ, ‘‘ਬਚਨੋ, ਮੁੰਡੇ ਦੇ ਸੱਟ ਵਾਹਵਾ ਵੱਜੀ? ਕਹਿੰਦੇ ਸ਼ਹਿਰ ਲੈ ਕੇ ਗਏ ਨੇ।’’
‘‘ਨੀਂ ਕਿਤੇ ਮੈਂ ਊਂਈ ਤਾਂ ਨੀਂ ਪੱਟੀ ਗਈ?’’
‘‘ਸੰਭਲ! ਬਚਨੋ ਸੰਭਲ!’’
‘‘ਸੱਟਾਂ ਵੱਜੀਆਂ ਤੋਂ ਸੰਭਲਿਆ ਨਹੀਂ ਜਾਂਦਾ ਭੂਰੋ। ਸੱਟ ਵੱਜਣ ਤੋਂ ਪਹਿਲਾਂ ਸੰਭਲਿਆ ਜਾਵੇ ਤਾਂ ਹੀ ਬਚਦੈ।’’
ਘਰ ਵਿੱਚ ਆਉਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ ਤੇ ਘਰ ਵਿੱਚ ਰੋਣ ਕੁਰਲਾਉਣ ਮੱਚ ਗਿਆ। ਗੁਰਚਰਨ ਵਿਹੜੇ ਵਿੱਚ ਪੁੱਤ ਦੀ ਲਾਸ਼ ’ਤੇ ਡਿੱਗ ਡਿੱਗ ਪੈਂਦਾ, ਉੱਚੀ ਉੱਚੀ ਧਾਹਾਂ ਮਾਰ ਰਿਹਾ ਸੀ। ਇਹੀ ਹਾਲ ਬਚਨੋ ਅਤੇ ਬਲਜੀਤ ਦਾ ਸੀ। ਬਚਨੋ ਦੁਹੱਥੜੀਂ ਪਿੱਟ ਰਹੀ ਸੀ। ਕਦੇ ਉਹ ਹਿੱਕ ‘ਚ ਮੁੱਕੀਆਂ ਮਾਰਦੀ ਅਤੇ ਕਦੇ ਢਿੱਡ ’ਚ। ਡਾਕਟਰ ਨੂੰ ਬੁਲਾਇਆ, ਉਸ ਨੇ ਸਾਰੇ ਟੱਬਰ ਨੂੰ ਦਵਾਈ ਦੇ ਦਿੱਤੀ। ਬਚਨੋ ਤੇ ਬਲਜੀਤ ਦੇ ਕੀਰਨੇ ਸਭ ਦੇ ਦਿਲਾਂ ਨੂੰ ਵਿੰਨ੍ਹ ਰਹੇ ਸਨ। ਕੋਈ ਭਾਰ ਹੋਵੇ ਤਾਂ ਸਭ ਫੜ ਲੈਣ ਪਰ ਇਸ ਅਸਹਿ ਘਟਨਾ ਦਾ ਕੋਈ ਬਦਲ ਨਹੀਂ ਸੀ।
ਅਗਲੇ ਦਿਨ ਗੁਰਪ੍ਰੀਤ ਦਾ ਸਸਕਾਰ ਹੋ ਗਿਆ। ਬਚਨੋ ਦੇ ਕੀਰਨੇ ਕਿਸੇ ਤੋਂ ਝੱਲੇ ਨਹੀਂ ਸਨ ਜਾਂਦੇ। ਉਹ ਕਮਲਿਆਂ ਵਾਂਗ ਉਸ ਨੂੰ ਬੋਲ ਮਾਰਦੀ। ਜੇ ਕੋਈ ਉਸ ਨੂੰ ਦਵਾਈ ਦਿਵਾਉਂਦਾ ਤਾਂ ਉਹ ਉਸ ਨੂੰ ਇਹੀ ਕਹਿੰਦੀ ਕਿ ਕੋਈ ਉਸ ਨੂੰ ਵਿਹੁ ਦੇ ਦੇਵੇ।
ਮਿਥੇ ਦਿਨ ’ਤੇ ਗੁਰਪ੍ਰੀਤ ਨਮਿਤ ਰੱਖੇ ਸਹਿਜ ਪਾਠ ਦੀ ਅੰਤਿਮ ਅਰਦਾਸ ਹੋ ਗਈ ਪਰ ਬਚਨੋ ਮੁੜ ਉਸ ਹਾਲਤ ਵਿੱਚ ਨਾ ਆਈ। ਗੁਰਚਰਨ ਅਤੇ ਬਲਜੀਤ ਨੇ ਖੇਤੀਬਾੜੀ ਵਾਲੀਆਂ ਕੀਟਨਾਸ਼ਕ ਦਵਾਈਆਂ ਲੁਕੋ ਦਿੱਤੀਆਂ ਤਾਂ ਕਿ ਬਚਨੋ ਕਿਤੇ ਕੋਈ ਜ਼ਹਿਰੀਲੀ ਚੀਜ਼ ਨਾ ਪੀ ਲਵੇ।
ਬਚਨੋ ਹੁਣ ਨੀਮ ਪਾਗਲ ਹੋ ਗਈ ਸੀ। ਗੁਰਪ੍ਰੀਤ ਦੇ ਹਾਣੀ ਮੁੰਡਿਆਂ ਨੂੰ ਬੋਲ ਮਾਰਦੀ, ‘‘ਵੇ ਤੁਸੀਂ ਸਾਡਾ ਗੁਰਪ੍ਰੀਤ ਨਹੀਂ ਦੇਖਿਆ ਕਿਤੇ?’’ ਕੋਈ ਵੀ ਇਸ ਦਾ ਜਵਾਬ ਨਾ ਦਿੰਦਾ। ਸਿਆਣੇ ਅਤੇ ਨਿਆਣੇ ਬਚਨੋ ਕੋਲੋਂ ਪਾਸਾ ਵੱਟ ਕੇ ਲੰਘਣ ਲੱਗੇ। ਉਹ ਘਰ ਦੀ ਕੋਈ ਵੀ ਚੀਜ਼ ਖਰਾਬ ਨਹੀਂ ਸੀ ਕਰਦੀ ਅਤੇ ਨਾ ਹੀ ਕਿਸੇ ਦਾ ਕੋਈ ਨੁਕਸਾਨ ਕਰਦੀ ਸੀ ਪਰ ਜਦੋਂ ਉਸ ਦੇ ਅੰਦਰੋਂ ਕੁਝ ਉੱਠਦਾ ਤਾਂ ਉਹ ਇੱਕ ਲੰਮੀ ਚੀਕ ਮਾਰ ਕੇ ਕਹਿੰਦੀ, ‘‘ਵੇ ਉਹ ਕਦੋਂ ਮਰਨਗੇ?’’
ਸਿਆਣੇ ਅਤੇ ਸਮਝਦਾਰ ਬੰਦੇ ਉਸ ਦੀ ਹਾਲਤ ਨੂੰ ਸਮਝਦੇ ਹੋਏ, ਦੁਖੀ ਹੋ ਕੇ ਬੈਠ ਜਾਂਦੇ। ਇੱਕ ਦਿਨ ਸੁਰਜੀਤ ਮੈਂਬਰ ਉਸ ਦੇ ਕੋਲ ਦੀ ਲੰਘ ਰਿਹਾ ਸੀ ਤਾਂ ਬਚਨੋ ਨੇ ਉਸ ਦੇ ਅੱਗੇ ਹੋ ਕੇ ਪੁੱਛਿਆ, ‘‘ਵੇ ਪੁੱਤਾ, ਉਹ ਕਦੋਂ ਮਰਨਗੇ?’’
‘‘ਕੌਣ ਕਦੋਂ ਮਰਨਗੇ, ਚਾਚੀ?’’
‘‘ਜਿਹੜੇ ਲੋਕਾਂ ਦੇ ਘਰ ਪੱਟਦੇ ਨੇ, ਨਸ਼ਾ ਵੇਚ ਕੇ।’’
‘‘ਛੇਤੀ ਮਰ ਜਾਣਗੇ ਚਾਚੀ।’’
‘‘ਚੰਗਾ ਪੁੱਤ ਜਿਊਂਦਾ ਰਹਿ।’’
ਸੰਪਰਕ: 94178-40323

Advertisement
Advertisement

Advertisement
Author Image

Ravneet Kaur

View all posts

Advertisement