For the best experience, open
https://m.punjabitribuneonline.com
on your mobile browser.
Advertisement

ਉਰਦੂ ਜ਼ਬਾਨ ਦੀ ਵਲਦੀਅਤ

04:08 AM May 18, 2025 IST
ਉਰਦੂ ਜ਼ਬਾਨ ਦੀ ਵਲਦੀਅਤ
Advertisement

ਬੂਟਾ ਸਿੰਘ ਬਰਾੜ
ਕਿਸੇ ਵੀ ਜ਼ਬਾਨ ਦੀ ਵਲਦੀਅਤ ਨਿਸ਼ਚਿਤ ਕਰਨੀ ਬੜੀ ਔਖੀ ਹੈ। ਖ਼ਾਸ ਕਰਕੇ ਉਸ ਜ਼ਬਾਨ ਦੀ ਜੋ ਦੁਭਾਸ਼ੀ ਜਾਂ ਬਹੁ-ਭਾਸ਼ੀ ਸਥਿਤੀਆਂ ਦੇ ਅਮਲ ਰਾਹੀਂ ਵਿਕਸਿਤ ਹੋਈ ਹੋਵੇ। ਭਾਵੇਂ ਅਸੀਂ ਜ਼ਬਾਨ ਦਾ ਆਰੰਭ-ਬਿੰਦੂ ਮਿੱਥ ਜ਼ਰੂਰ ਲੈਂਦੇ ਹਾਂ ਪਰ ਕਿਸੇ ਵੀ ਜ਼ਬਾਨ ਦਾ ਕੋਈ ਨਿਸ਼ਚਿਤ ਆਰੰਭ-ਬਿੰਦੂ ਨਹੀਂ ਹੁੰਦਾ। ਦਰਅਸਲ, ਕੋਈ ਵੀ ਜ਼ਬਾਨ ਖਲਾਅ ਵਿੱਚੋਂ ਪੈਦਾ ਨਹੀਂ ਹੁੰਦੀ ਬਲਕਿ ਇਸ ਦਾ ਵਿਕਾਸ ਹੁੰਦਾ ਹੈ। ਕਿਸੇ ਵੀ ਨਿਵੇਕਲੀ ਜ਼ਬਾਨ ਦੇ ਨੈਣ-ਨਕਸ਼ ਲਗਾਤਾਰ ਵਿਕਾਸ-ਪੜਾਵਾਂ ਵਿੱਚੋਂ ਗੁਜ਼ਰ ਕੇ ਬਣਦੇ-ਸੰਵਰਦੇ ਹਨ। ਇਹ ਵਿਕਾਸ ਇੱਕੋ ਜ਼ਬਾਨ ਦਾ ਵੀ ਹੋ ਸਕਦਾ ਹੈ ਅਤੇ ਇੱਕ ਤੋਂ ਵੱਧ ਜ਼ਬਾਨਾਂ ਦੇ ਪਰਸਪਰ ਮੇਲ-ਜੋਲ ਕਾਰਨ ਵੀ ਹੋ ਜਾਂਦਾ ਹੈ। ਜ਼ਬਾਨ ਦਾ ਇਹ ਵਿਕਾਸ ਬੜੀ ਲੰਮੀ ਇਤਿਹਾਸਕ ਵਿਕਾਸ-ਪ੍ਰਕਿਰਿਆ ਦੌਰਾਨ ਹੁੰਦਾ ਹੈ। ਜ਼ਬਾਨ ਦੇ ਵਿਕਾਸ ਵਿੱਚ ਸਮਾਂ, ਸਥਾਨ ਅਤੇ ਸਥਿਤੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਆਮ ਤੌਰ ’ਤੇ ਕਿਸੇ ਵੀ ਨਵੀਂ ਜ਼ਬਾਨ ਦਾ ਨਿਕਾਸ ਤਦ ਹੁੰਦਾ ਹੈ ਜਦ ਵੱਖ-ਵੱਖ ਕੌਮਾਂ, ਅੱਡ-ਅੱਡ ਨਸਲਾਂ, ਵਿਦੇਸ਼ੀ ਹਮਲਾਵਰ, ਵਪਾਰੀ, ਯਾਤਰੀ, ਫ਼ਕੀਰ, ਦਰਵੇਸ਼ ਅਤੇ ਸੰਤ-ਭਗਤ ਆਦਿ ਕਿਸੇ ਦੂਜੇ ਮੁਲਕ ਵਿੱਚ ਆ ਵਸਦੇ ਹਨ। ਇਹ ਲੋਕ ਆਪਣੇ ਪਿਤਰੀ ਵਤਨ ਤੋਂ ਆ ਕੇ, ਦੂਜੇ ਮੁਲਕ ਦੀ ਪ੍ਰਚੱਲਿਤ ਜ਼ਬਾਨ ਵਿੱਚ ਆਪਣੀ ਮਾਦਰੀ ਜ਼ਬਾਨ ਦੇ ਲਫ਼ਜ਼, ਮੁਹਾਵਰੇ, ਅਖਾਣ, ਤਸ਼ਬੀਹਾਂ ਅਤੇ ਹੋਰ ਭਾਸ਼ਾਈ ਤਰਕੀਬਾਂ ਆਦਿ ਸ਼ਾਮਲ ਕਰਦੇ ਹਨ। ਲੰਮੇ ਅਰਸੇ ਮਗਰੋਂ ਇਨ੍ਹਾਂ ਦੋ ਜਾਂ ਦੋ ਤੋਂ ਵੱਧ ਤਹਿਜ਼ੀਬਾਂ ਅਤੇ ਜ਼ਬਾਨਾਂ ਦੇ ਇਤਫ਼ਾਕੀ ਜਾਂ ਟਕਰਾਵੇਂ ਮੇਲ-ਜੋਲ ਨਾਲ ਪਹਿਲਾਂ ਵਰਤੀਂਦੀ ਜ਼ਬਾਨ ਇੱਕ ਨਵੇਂ ਸਰੂਪ ਦਾ ਮਿਲਗੋਭਾ ਬਣ ਜਾਂਦੀ ਹੈ। ਸਹਿਜੇ-ਸਹਿਜੇ ਇਹ ਮਿਸ਼ਰਿਤ ਜ਼ਬਾਨ ਇੱਕ ਨਵੀਂ ਜ਼ਬਾਨ ਦਾ ਰੂਪ ਧਾਰ ਲੈਂਦੀ ਹੈ। ਨਵੀਂ ਜ਼ਬਾਨ, ਨਵੇਂ ਸਰੂਪ ਅਤੇ ਭਾਸ਼ਾਈ ਸਮਾਜ-ਸਭਿਆਚਾਰ ਦੇ ਅੰਗ-ਸੰਗ ਹੋ ਕੇ ਅੱਗੇ ਤੁਰਦੀ ਹੋਈ, ਨਿੱਤ ਨਵੇਂ ਲਫ਼ਜ਼ਾਂ ਨਾਲ ਭਰਪੂਰ ਹੋ ਜਾਂਦੀ ਹੈ। ਪਹਿਲਾਂ ਇਹ ਅਵਾਮ ਦੀ ਜ਼ਬਾਨ ਦੇ ਰੂਪ ਵਿੱਚ ਵਿਗਸਦੀ ਹੈ ਅਤੇ ਫਿਰ ਹੌਲੀ-ਹੌਲੀ ਸਾਹਿਤ ਦੀ ਸਾਣ ’ਤੇ ਚੜ੍ਹਨ ਲਗਦੀ ਹੈ। ਇਹ ਭਾਸ਼ਾਈ ਨਿਰੰਤਰਤਾ ਹਮੇਸ਼ਾ ਚਲਾਇਮਾਨ ਰਹਿੰਦੀ ਹੈ। ਕੋਈ ਵੀ ਜ਼ਬਾਨ ਕਦੇ ਵੀ ਮੁਕੰਮਲ ਨਹੀਂ ਹੁੰਦੀ ਸਗੋਂ ਜ਼ਮਾਨੇ ਦੀ ਧਾਰਾ ਵਿੱਚ ਵਹਿੰਦੀ ਹੋਈ, ਅੰਦਰੂਨੀ ਅਤੇ ਬਹਿਰੂਨੀ ਪ੍ਰਭਾਵਾਂ ਤੋਂ ਅਸਰ-ਅੰਦਾਜ਼ ਹੁੰਦੀ ਰਹਿੰਦੀ ਹੈ। ਅਵਾਮ ਇਸ ਮਿਸ਼ਰਿਤ ਜ਼ਬਾਨ ਨੂੰ ਬੜੇ ਸਹਿਜ ਨਾਲ ਕਬੂਲ ਕਰ ਲੈਂਦੀ ਹੈ।
ਉਰਦੂ ਜ਼ਬਾਨ ਦਾ ਨਿਕਾਸ-ਵਿਕਾਸ ਵੀ ਇਸੇ ਭਾਸ਼ਾਈ ਨਿਰੰਤਰਤਾ ਦਾ ਹੀ ਸਿੱਟਾ ਹੈ। ਮੁਸਲਮਾਨ ਜਦ ਭਾਰਤ ਆਏ ਤਾਂ ਇਨ੍ਹਾਂ ਦੇ ਨਾਲ ਹੀ ਇਨ੍ਹਾਂ ਦੀ ਜ਼ਬਾਨ ਫ਼ਾਰਸੀ ਵੀ ਪਹੁੰਚੀ। ਉਹ ਆਪਣੀ ਬੋਲਚਾਲ ਅਤੇ ਪੱਤਰ-ਵਿਹਾਰ ਵਿੱਚ ਫ਼ਾਰਸੀ ਜ਼ਬਾਨ ਹੀ ਵਰਤਦੇ ਰਹੇ। ਪਰ ਜਦ ਮੁਕਾਮੀ ਅਵਾਮ ਨਾਲ ਸੰਚਾਰ ਕਰਨ ਦੀ ਲੋੜ ਪੈਂਦੀ ਤਾਂ ਉਹ ਰਲ਼ੀ-ਮਿਲੀ ਜ਼ਬਾਨ ਦੀ ਵਰਤੋਂ ਕਰਦੇ। ਜਿਵੇਂ ਪੰਜਾਬ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਸੂਬਿਆਂ ਤੋਂ ਆਏ ਕਾਮਿਆਂ ਨਾਲ ਪੰਜਾਬੀ ਲੋਕ ਮਿਸ਼ਰਿਤ ਜ਼ਬਾਨ ਵਿੱਚ ਗੱਲਬਾਤ ਕਰਦੇ ਹਨ। ਇਹ ਸੁਭਾਵਿਕ ਹੀ ਸੀ ਕਿ ਸ਼ਾਸਕਾਂ ਦੀ ਜ਼ਬਾਨ ਦਾ ਪੱਲੜਾ ਮੁਕਾਮੀ ਜ਼ਬਾਨ ਨਾਲੋਂ ਭਾਰੀ ਰਿਹਾ। ਕਾਰੋਬਾਰੀ ਲੋੜਾਂ ਦੀ ਪੂਰਤੀ ਹਿਤ ਸਥਾਨਕ ਲੋਕਾਈ ਨੂੰ ਵੀ ਸ਼ਾਸਕ ਵਰਗ ਦੀ ਜ਼ਬਾਨ ਸਿੱਖਣੀ ਪਈ। ਦੂਜੇ ਪਾਸੇ ਇਨ੍ਹਾਂ ਜੇਤੂ ਹਮਲਾਵਰਾਂ ਨੂੰ ਵੀ ਆਪਣੇ ਰਾਜ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਥਾਨਕ ਲੋਕਾਂ ਦੀ ਜ਼ਬਾਨ ਨੂੰ ਸਿੱਖਣਾ ਪਿਆ। ਸਿੱਟੇ ਵਜੋਂ ਦੋ ਅਜਨਬੀ ਜ਼ਬਾਨਾਂ ਆਪਸ ਵਿੱਚ ਘੁਲਮਿਲ ਗਈਆਂ ਤੇ ਇਸ ਸੰਪਰਕ ਵਿੱਚੋਂ ਇੱਕ ਨਵੀਂ ਜ਼ਬਾਨ ਵਿਕਸਿਤ ਹੋਈ। ਅਮੀਰ ਖੁਸਰੋ ਨੇ ਇਸ ਮਿਸ਼ਰਿਤ ਜ਼ਬਾਨ ਨੂੰ ‘ਹਿੰਦਵੀ’ ਨਾਮ ਦਿੱਤਾ, ਪਰ ਸ਼ਾਹਜ਼ਹਾਂ ਵੇਲੇ ਇਸ ਜ਼ਬਾਨ ਦਾ ਨਾਮ ‘ਉਰਦੂ’ ਮਕਬੂਲ ਹੋ ਗਿਆ। ਸਮਾਜ-ਭਾਸ਼ਾ ਵਿਗਿਆਨ ਵਿੱਚ ਇਸ ਤਰ੍ਹਾਂ ਵਿਕਸਿਤ ਹੋਈ ਜ਼ਬਾਨ ਲਈ ਪਿਜਿਨ ਅਤੇ ਕ੍ਰਿਓਲ ਟਰਮਾਂ ਵਰਤੀਆਂ ਜਾਂਦੀਆਂ ਹਨ। ਪਿਜਿਨ (Pidgin) ਭਾਸ਼ਾ ਦੁਭਾਸ਼ੀ ਸਥਿਤੀਆਂ ਵਿੱਚ ਪੈਦਾ ਹੁੰਦੀ ਹੈ, ਪਰ ਇਹ ਕਿਸੇ ਦੀ ਵੀ ਮਾਤ-ਭਾਸ਼ਾ ਨਹੀਂ ਬਣਦੀ। ਪਰ ਜੇਕਰ ਕਿਸੇ ਖੇਤਰ ਵਿੱਚ ਬਤੌਰ ਮਾਦਰੀ ਜ਼ਬਾਨ ਪ੍ਰਵਾਨ ਹੋ ਜਾਵੇ ਤਾਂ ਉਸ ਨੂੰ ਕ੍ਰਿਓਲ (Creole) ਕਿਹਾ ਜਾਂਦਾ ਹੈ। ਭਾਰਤੀ ਬਰੇ-ਸਗ਼ੀਰ ਵਿੱਚ ਉਰਦੂ ਅਜਿਹੀ ਹੀ ਜ਼ਬਾਨ ਜੋ ਪਿਜਿਨ ਵਜੋਂ ਉੱਭਰ ਕੇ ਕ੍ਰਿਓਲ ਤਕ ਅੱਪੜੀ। ਹੁਣ ਇਹ ਮੁਕਾਮੀ, ਕੌਮੀ ਅਤੇ ਸੱਭਿਆਚਾਰਕ ਜ਼ਬਾਨ ਵਜੋਂ ਸਵੀਕ੍ਰਿਤ, ਸਥਾਪਿਤ ਅਤੇ ਪ੍ਰਫੁੱਲਿਤ ਹੈ।
ਉਰਦੂ ਲਫ਼ਜ਼ ਦਾ ਮੂਲ ਕਈ ਭਾਸ਼ਾ-ਸ਼ਾਸਤਰੀ ਤੁਰਕੀ ਅਤੇ ਕਈ ਚੀਨੀ ਮੰਨਦੇ ਹਨ। ਇਸ ਦੇ ਕਈ ਅਰਥ ਹਨ। ਜਿਵੇਂ ਤੰਬੂ, ਖੇਮਾ, ਫ਼ੌਜੀ ਪੜਾਉ, ਛਾਉਣੀ, ਲਸ਼ਕਰੀ ਬਾਜ਼ਾਰ ਆਦਿ। ਭੋਲਾ ਨਾਥ ਤਿਵਾੜੀ (ਭਾਸ਼ਾ ਵਿਗਿਆਨ ਕੋਸ਼) ਮੁਤਾਬਿਕ ਉਰਦੂ ਸ਼ਬਦ ਚੀਨ ਤੋਂ ਚੱਲ ਕੇ, ਮੰਗੋਲੀਆ ਅਤੇ ਤੁਰਕੀ ਤੋਂ ਹੁੰਦਾ ਹੋਇਆ ਤੁਰਕਾਂ ਦੇ ਨਾਲ ਭਾਰਤ ਆਇਆ। ਵਾਸਤਵ ਵਿੱਚ ਸ਼ੁਰੂ ਵਿੱਚ ਕਿਉਂਕਿ ਸ਼ਾਹੀ ਫ਼ੌਜਾਂ ਦਾ ਹੀ ਬਾਜ਼ਾਰਾਂ ਵਿੱਚ ਮੁਕਾਮੀ ਅਵਾਮ ਨਾਲ ਮੇਲ-ਜੋਲ ਹੁੰਦਾ ਸੀ, ਇਸ ਲਈ ਲਸ਼ਕਰੀ ਲੋਕਾਂ ਦੀ ਮਿਲੀ-ਜੁਲੀ ਜ਼ਬਾਨ ਨੂੰ ‘ਉਰਦੂ’ ਕਿਹਾ ਜਾਣ ਲੱਗ ਪਿਆ। ਇਉਂ ਉਰਦੂ ਜ਼ਬਾਨ ਦੋ ਸੱਭਿਆਚਾਰਾਂ ਦੇ ਮੇਲ-ਮਿਲਾਪ ਦੌਰਾਨ ਮੁਖ਼ਤਲਿਫ਼ ਜ਼ਬਾਨਾਂ ਬੋਲਣ ਵਾਲੇ ਲੋਕਾਂ ਦੇ ਆਪਸ ਵਿੱਚ ਆਸਾਨੀ ਨਾਲ ਗੁਫ਼ਤਗੂ ਕਰਨ ਲਈ ਸਾਂਝੀ ਅਤੇ ਸੰਪਰਕ ਭਾਸ਼ਾ (ਲਿੰਗੂਆ ਫ੍ਰੈਂਕਾ) ਵਜੋਂ ਵਜੂਦ ਵਿੱਚ ਆਈ। ਇਹ ਕਿਸੇ ਕੌਮ, ਫ਼ਿਰਕੇ ਜਾਂ ਮੁਲਕ ਦੀ ਜ਼ਬਾਨ ਨਹੀਂ। ਕਾਲੀ ਦਾਸ ਗੁਪਤਾ ਰਿਜ਼ਾ ਨੇ ਲਿਖਿਆ ਹੈ;
ਹਿੰਦੂ ਹੈ ਨਾ ਮੁਸਲਿਮ ਹੈ, ਰਿਜ਼ਾ ਮਜ਼ਹਬ-ਏ-ਉਰਦੂ, ਦੋਨੋਂ ਕੇ ਆਗੋਸ਼ ਮੇ ਯੇ ਫੂਲੀ ਫਲੀ ਹੈ। ਇਸ ਨਵੀਂ ਜ਼ਬਾਨ ਦਾ ਢਾਂਚਾ ਤਾਂ 712 ਈਸਵੀ ਤੋਂ ਹੀ ਬਣਨਾ ਸ਼ੁਰੂ ਹੋ ਗਿਆ ਸੀ ਪਰ ਬੋਲਚਾਲ ਦੇ ਲਾਇਕ ਕੋਈ ਨੌਵੀਂ-ਦਸਵੀਂ ਸਦੀ ਵਿੱਚ ਆ ਕੇ ਬਣੀ। ਇਸ ਦਾ ਮੁੱਢਲਾ ਰੂਪ ਲਾਹੌਰ ਅਤੇ ਇਸ ਦੇ ਆਸ-ਪਾਸ ਵਾਲੇ ਇਲਾਕੇ ਵਿੱਚ ਪ੍ਰਚਲਿਤ ਹੋਇਆ। ਪ੍ਰੋ. ਹਾਫ਼ਿਜ਼ ਮਹਿਮੂਦ ਸ਼ੀਰਾਨੀ ਆਪਣੀ ਕਿਤਾਬ ‘ਪੰਜਾਬ ਮੇਂ ਉਰਦੂ’ ਵਿੱਚ ਲਿਖਦਾ ਹੈ, ‘ਇਹ ਉਹ ਲਾਹੌਰੀ ਜ਼ਬਾਨ ਸੀ, ਜਿਹੜੀ ਕਿ ਆਧੁਨਿਕ ਪੰਜਾਬੀ ਅਤੇ ਉਰਦੂ ਦਾ ਸਾਂਝਾ ਮੁੱਢਲਾ ਰੂਪ ਸੀ।’ ਜ਼ਬਾਨ ਦਾ ਇਹ ਮੁੱਢਲਾ ਰੂਪ ਅੱਗੇ ਜਾ ਕੇ ਦੋ ਭਾਗਾਂ ਵਿੱਚ ਵੰਡਿਆ ਗਿਆ। ਇੱਕ ਭਾਗ ਤਾਂ ਪੰਜਾਬ ਵਿੱਚ ਹੀ ਵਿਗਸਦਾ ਰਿਹਾ ਅਤੇ ਦੂਜਾ ਭਾਗ ਮੁਸਲਮਾਨ ਹਾਕਮਾਂ ਦੇ ਨਾਲ ਹੀ ਦਿੱਲੀ ਅਤੇ ਇਸ ਦੇ ਆਸ-ਪਾਸ ਪੁੱਜਾ। ਇੱਥੇ ਪਹੁੰਚ ਕੇ ਇਸ ਨੇ ਮੁਕਾਮੀ ਅਵਾਮ ਦੀ ਜ਼ਬਾਨ ਨਾਲ ਮਿਲ ਕੇ ਇੱਕ ਨਵਾਂ ਭਾਸ਼ਾ-ਰੂਪ ਅਖ਼ਤਿਆਰ ਕੀਤਾ। ਜ਼ਬਾਨ ਦੇ ਇਸ ਨਵੇਂ ਸਰੂਪ ਨੂੰ ਹਿੰਦੂਆਂ ਨੇ ਖੜੀ-ਬੋਲੀ, ਮੁਸਲਮਾਨਾਂ ਨੇ ਉਰਦੂ ਅਤੇ ਅੰਗਰੇਜ਼ਾਂ ਨੇ ਹਿੰਦੋਸਤਾਨੀ ਕਿਹਾ। ਮੁਸਲਮਾਨਾਂ ਰਾਹੀਂ ਜਦ ਇਹ ਜ਼ਬਾਨ ਦੱਖਣ ਵਾਲੇ ਪਾਸੇ ਪੁੱਜੀ ਤੇ ਉੱਥੋਂ ਦੀ ਸਥਾਨਕ ਜ਼ਬਾਨ ’ਤੇ ਆਪਣਾ ਅਸਰ ਪਾਇਆ ਤਾਂ ਇਸ ਨੂੰ ਰੇਖਤਾ/ਦੱਖਣੀ ਨਾਮ ਦਿੱਤਾ ਗਿਆ। ਰੇਖਤਾ ਮੂਲ ਰੂਪ ਵਿੱਚ ਫ਼ਾਰਸੀ ਦੇ ‘ਰੇਖਤਨ’ ਮਸਦਰ ਤੋਂ ਬਣਿਆ ਹੈ ਜਿਸ ਦਾ ਅਰਥ ਰਚਨਾ, ਬਣਾਉਣਾ ਜਾਂ ਮਿਲਾਉਣਾ ਆਦਿ ਹੈ। ਹਿੰਦੀ ਦੇ ਬਹੁਤ ਸਾਰੇ ਕਵੀਆਂ ਨੇ ਇਸ ਦੀ ਵਰਤੋਂ ਮਿਸ਼ਰਿਤ ਭਾਸ਼ਾ ਦੇ ਅਰਥਾਂ ਵਿੱਚ ਕੀਤੀ ਹੈ।
ਇਉਂ ਉਰਦੂ ਜ਼ਬਾਨ ਹਿੰਦੋਸਤਾਨੀ ਬਰੇ-ਸਗ਼ੀਰ ਦੇ ਵੱਖ-ਵੱਖ ਖਿੱਤਿਆਂ ਵਿੱਚ ਵਿਕਸਿਤ ਹੋਈ। ਪੰਜਾਬ ਇਸ ਦੀ ਵਿਕਾਸ-ਅਵਸਥਾ ਦਾ ਪਹਿਲਾ ਪੜਾਅ ਸੀ। ਆਪਣੇ ਵਿਕਾਸ-ਅਵਸਥਾ ਦੇ ਦੂਜੇ ਪੜਾਅ ’ਤੇ ਇਹ ਦੁਆਬਾ, ਗੁਜਰਾਤ ਅਤੇ ਦੱਖਣ ਪਹੁੰਚ ਗਈ। ਦਿੱਲੀ ਵਿੱਚ ਉਰਦੂ ਜ਼ਬਾਨ ਕੋਈ ਡੇਢ ਸੌ ਸਾਲ ਤਕ ਰਹਿਣ ਮਗਰੋਂ ਗੁਜਰਾਤ ਅਤੇ ਦੱਖਣ ਵੱਲ ਜਾਂਦੀ ਹੈ। ਇਸ ਸਮੇਂ ਤਕ ਹਰਿਆਣਵੀ ਅਤੇ ਕਿਸੇ ਹੱਦ ਤਕ ਬ੍ਰਿਜ ਭਾਸ਼ਾ ਅਤੇ ਖੜੀ ਬੋਲੀ (ਹਿੰਦੀ) ਦੇ ਪ੍ਰਭਾਵ ਵੀ ਇਸ ਉੱਤੇ ਪੈ ਚੁੱਕੇ ਸਨ। ਗੁਜਰਾਤ ਅਤੇ ਦੱਖਣ ਵਿੱਚ ਇਸ ਦਾ ਵਿਸਤਾਰ ਹੋਣ ਲੱਗਾ ਤਾਂ ਉੱਤਰ, ਦੱਖਣ ਅਤੇ ਗੁਜਰਾਤ ਸਿਆਸੀ ਕਾਰਨਾਂ ਸਦਕਾ ਇੱਕ ਦੂਜੇ ਤੋਂ ਵੱਖ ਹੋ ਗਏ ਸਨ। ਇਸ ਦੇ ਸਿੱਟੇ ਵਜੋਂ ਉਰਦੂ ਜ਼ਬਾਨ ਤਿੰਨ ਵੱਖ-ਵੱਖ ਸ਼ਾਖਾਵਾਂ ਵਿੱਚ ਵੰਡੀ ਗਈ। ਇਹ ਤਿੰਨੋਂ ਸ਼ਾਖਾਵਾਂ (ਉੱਤਰੀ, ਦੱਖਣੀ ਅਤੇ ਗੁਜਰਾਤੀ) ਸਦੀਆਂ ਤੱਕ ਨਾ ਕੇਵਲ ਸੁਤੰਤਰ ਅਤੇ ਵੱਖ ਰਹੀਆਂ ਸਗੋਂ ਉਨ੍ਹਾਂ ਦਾ ਵਿਕਾਸ ਵੀ ਵੱਖ-ਵੱਖ ਰੂਪਾਂ ਵਿੱਚ ਹੋਇਆ। ਸਭ ਤੋਂ ਵੱਧ ਵਿਕਾਸ ਉੱਤਰੀ ਸ਼ਾਖਾ ਦਾ ਹੋਇਆ। ਇਸ ਦੀ ਵਜ੍ਹਾ ਇਹ ਸੀ ਕਿ ਉੱਤਰੀ ਸ਼ਾਖਾ ਉਤਪਤੀ-ਸ੍ਰੋਤ ਦੇ ਲਿਹਾਜ਼ ਨਾਲ ਉਰਦੂ ਦੇ ਨੇੜੇ ਸੀ। ਇਸ ਦੇ ਉਲਟ ਦੱਖਣ ਅਤੇ ਗੁਜਰਾਤ ਦੀਆਂ ਜ਼ਬਾਨਾਂ ਉਰਦੂ ਤੋਂ ਦੂਰ ਸਨ। ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਉਰਦੂ ਜ਼ਬਾਨ ਅਤੇ ਇਸ ਦੀ ਲਿਪੀ ਦਾ ਪਿਛੋਕੜ ਫ਼ਾਰਸੀ-ਨੁਮਾ ਹੈ। ਜਦੋਂ ਜ਼ਬਾਨ ਦੀ ਲਿਪੀ ਬਦਲ ਜਾਂਦੀ ਹੈ ਤਾਂ ਆਮ ਲੋਕਾਂ ਵਾਸਤੇ ਉਸ ਨੂੰ ਪੜ੍ਹਨਾ ਮੁਸ਼ਕਲ ਹੋ ਜਾਂਦਾ ਹੈ।
ਉਰਦੂ ਜ਼ਬਾਨ ਕੋਈ ਦੋ ਕੁ ਸਦੀਆਂ ਤਕ ਸਾਡੇ ਮੁਲਕ ਦੇ ਕੁਝ ਹਿੱਸਿਆਂ ਵਿੱਚ ਦਫਤਰੀ ਭਾਸ਼ਾ ਅਤੇ ਸਿੱਖਿਆ ਦੇ ਮਾਧਿਅਮ ਵਜੋਂ ਵਰਤੀ ਜਾਂਦੀ ਰਹੀ ਹੈ। ਮੁਸਲਮਾਨ ਬਾਦਸ਼ਾਹਾਂ ਦੇ ਰਾਜ ਵਿੱਚ ਹੀ ਨਹੀਂ ਬਲਕਿ ਅੰਗਰੇਜ਼ੀ ਰਾਜ ਦੌਰਾਨ ਵੀ ਉਰਦੂ ਜ਼ਬਾਨ ਨੂੰ ਚੰਗੀ ਸਰਪ੍ਰਸਤੀ ਮਿਲਦੀ ਰਹੀ ਹੈ। ਵਰਤਮਾਨ ਸਮੇਂ ਵਿੱਚ ਉਰਦੂ ਜ਼ਬਾਨ ਨੂੰ ਪਾਕਿਸਤਾਨ ਵਿੱਚ ਕੌਮੀ ਜ਼ਬਾਨ ਦਾ ਰੁਤਬਾ ਹਾਸਲ ਹੈ। ਦਿਲਚਸਪ ਤੱਥ ਇਹ ਹੈ ਕਿ ਹਿੰਦੀ ਭਾਸ਼ਾ ਵਾਂਗ ਪਾਕਿਸਤਾਨ ਵਿੱਚ ਕੋਈ ਵੀ ਸੂਬਾ ਜੱਦੀ ਤੌਰ ’ਤੇ ਉਰਦੂ-ਭਾਸ਼ੀ ਨਹੀਂ ਹੈ। ਭਾਵ ਉਰਦੂ ਪਾਕਿਸਤਾਨ ਦੀ ਕੋਈ ਜੱਦੀ ਜ਼ਬਾਨ ਨਹੀਂ ਹੈ ਅਤੇ ਨਾ ਹੀ ਭਾਰਤ ਵਿੱਚ ਕੋਈ ਸੂਬਾ ਜਾਂ ਖੇਤਰ ਉਰਦੂ-ਭਾਸ਼ੀ ਨਿਸ਼ਚਿਤ ਹੈ। ਦਿਲਚਸਪ ਤੱਥ ਇਹ ਵੀ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਹਿੰਦੀ, ਉਰਦੂ ਅਤੇ ਅੰਗਰੇਜ਼ੀ ਆਦਿ ਤਿੰਨਾਂ ਜ਼ਬਾਨਾਂ ਨੂੰ ਹੀ ਵੱਖ-ਵੱਖ ਭਾਈਚਾਰਿਆਂ ਵੱਲੋਂ ਰਾਜ ਭਾਸ਼ਾ ਜਾਂ ਕੌਮੀ ਜ਼ਬਾਨ ਬਣਾਉਣ ਦੀ ਸਿਫ਼ਾਰਸ਼ ਕੀਤੀ ਜਾਣ ਲੱਗੀ ਜਦੋਂਕਿ ਇਹ ਤਿੰਨੇ ਜ਼ਬਾਨਾਂ ਹੀ ਭਾਰਤ ਦੇ ਕਿਸੇ ਵੀ ਭਾਈਚਾਰੇ ਦੀਆਂ ਮਾਦਰੀ ਜ਼ਬਾਨਾਂ ਨਹੀਂ ਸਨ। ਇਹ ਵੱਖਰੀ ਗੱਲ ਹੈ ਕਿ ਭਾਸ਼ਾ ਦੀ ਸਿਆਸਤ ਨੇ ਇਨ੍ਹਾਂ ਨੂੰ ਕੁਝ ਖੇਤਰਾਂ, ਜਾਤੀਆਂ ਅਤੇ ਧਰਮਾਂ ਨਾਲ ਜੋੜ ਦਿੱਤਾ। ਇਸੇ ਕਾਰਨ ਅੱਜ ਤੱਕ ਭਾਰਤ ਵਿੱਚ ਬਹੁ-ਭਾਸ਼ੀ ਸੰਤੁਲਨ ਨਹੀਂ ਬਣ ਰਿਹਾ।
ਇਸ ਵੇਲੇ ਹਿੰਦੀ ਅਤੇ ਉਰਦੂ ਦੋਵਾਂ ਜ਼ਬਾਨਾਂ ਦੀ ਹੀ ਭਾਰਤ ਵਿੱਚ ਬਰਾਬਰ ਦੀ ਮਾਣ-ਮਰਿਆਦਾ ਅਤੇ ਸਤਿਕਾਰ ਕਾਇਮ ਹੈ। ਦੋਵੇਂ ਹੀ ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਦਰਜ ਕੀਤੀਆਂ 22 ਜ਼ਬਾਨਾਂ ਵਿੱਚ ਸ਼ਾਮਲ ਹਨ। ਅਦਬ ਦੇ ਪੱਖ ਤੋਂ ਤਾਂ ਉਰਦੂ ਭਾਰਤ ਦੀਆਂ ਸਿਰਕੱਢ ਜ਼ਬਾਨਾਂ ਨਾਲ ਸਾਵੀਂ ਉਤਰਦੀ ਹੈ। ਉਰਦੂ ਅਦਬ ਅੱਜ ਵੱਡੀਆਂ ਬੁਲੰਦੀਆਂ ’ਤੇ ਪਹੁੰਚਿਆ ਹੋਇਆ ਹੈ। ਇਸ ਵਿੱਚ ਸ਼ਾਇਰੀ, ਅਫ਼ਸਾਨਾਨਿਗਾਰੀ, ਤਨਜ਼ ਅਤੇ ਹੋਰ ਸਿਨਫ਼ਾਂ ਵਿੱਚ ਉੱਚੇ ਪੱਧਰ ਦਾ ਅਦਬ ਰਚਿਆ ਗਿਆ ਹੈ। ਚੌਦ੍ਹਵੀਂ ਸਦੀ ਦੇ ਚਿਸ਼ਤੀ ਸੂਫ਼ੀ ਸਿਲਸਿਲੇ ਦੇ ਸ਼ਾਇਰ ਅਮੀਰ ਖੁਸਰੋ ਦੀ ਹਿੰਦਵੀ ਜ਼ਬਾਨ ਵਿੱਚ ਲਿਖੀ ਗ਼ਜ਼ਲ ਅਤੇ ਮਸਨਵੀ ‘ਛਾਪ ਤਿਲਕ ਸਭ ਛੀਨੀ ਰੇ, ਮੋਸੇ ਨੈਨਾ ਮਿਲਾਇ ਕੇ...’ ਨਾ ਸਿਰਫ਼ ਹਿੰਦੋਸਤਾਨ ਬਲਕਿ ਪੂਰੇ ਬਰੇ-ਸਗ਼ੀਰ ’ਚ ਮਸ਼ਹੂਰ ਹੋਈ। ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਤਰਾਨਾ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ...’ ਲਿਖਣ ਵਾਲਾ ਕੌਮੀ ਕਵੀ ਅਲਾਮਾ ਇਕਬਾਲ ਹੈ। ਅਲਾਮਾ ਸ਼ਿਬਲੀ ਨੇ ਕਿਹਾ ਸੀ ਕਿ ਹਿੰਦੋਸਤਾਨੀ ਮੁਸਲਮਾਨਾਂ ਵਿੱਚੋਂ ਕੋਈ ਵੀ ਮੁਨਸ਼ੀ ਪ੍ਰੇਮ ਚੰਦ ਵਰਗੀ ਸਾਫ਼ ਸੁਥਰੀ ਉਰਦੂ ਨਹੀਂ ਲਿਖ ਸਕਦਾ। ਉਰਦੂ ਜ਼ਬਾਨ ਵਿੱਚ ਪਹਿਲੀ ਵਾਰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਫ਼ਿਰਾਕ ਗੋਰਖਪੁਰੀ ਨੂੰ ਸ਼ਾਇਰੀ ਦੇ ਖੇਤਰ ਵਿੱਚ ਉੱਚਾ ਮੁਕਾਮ ਹਾਸਲ ਹੈ। ਅੰਗਰੇਜ਼ੀ ਅਧਿਆਪਕ ਹੋਣ ਦੇ ਬਾਵਜੂਦ ਫ਼ਿਰਾਕ ਨੇ ਉਰਦੂ ਅਤੇ ਹਿੰਦੀ ਦੋਹਾਂ ਜ਼ਬਾਨਾਂ ਵਿੱਚ ਹੀ ਅਦਬ ਦੀ ਸਿਰਜਣਾ ਕੀਤੀ। ਇਸ ਤੋਂ ਇਲਾਵਾ ਉਰਦੂ ਅਦਬ ਦੀ ਦੁਨੀਆ ਵਿੱਚ ਫ਼ੈਜ਼ ਅਹਿਮਦ ਫ਼ੈਜ਼, ਕੈਫੀ ਆਜ਼ਮੀ, ਜਿਗਰ ਮੁਰਾਦਾਬਾਦੀ ਅਤੇ ਸਾਹਿਰ ਲੁਧਿਆਣਵੀ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਆਦਿ ਅਨੇਕਾਂ ਅਦੀਬਾਂ ਦੀ ਡੂੰਘੀ ਛਾਪ ਹੈ।
ਦਰਅਸਲ ਜਦ ਅੰਗਰੇਜ਼ੀ ਬਸਤੀਵਾਦ ਨੇ ਭਾਰਤੀ ਜ਼ਬਾਨਾਂ ਨੂੰ ਫ਼ਿਰਕੂ ਰੰਗ ਦਿੱਤਾ ਤਾਂ ਭਾਰਤੀ ਲੋਕ ਕਈ ਮੁਗਾਲਤਿਆਂ ਦਾ ਸ਼ਿਕਾਰ ਹੋਏ। ਹੁਣ ਫੇਰ ਪਿਛਲੇ ਕੁਝ ਵਰ੍ਹਿਆਂ ਤੋਂ ਮੁਲਕ ਅੰਦਰ ਤੰਗਨਜ਼ਰੀਆਂ ਦੀ ਹਨੇਰੀ ਚੱਲ ਰਹੀ ਹੈ ਅਤੇ ਵਾਰ-ਵਾਰ ਭਾਸ਼ਾ ਦੀ ਸਿਆਸਤ ਕੀਤੀ ਜਾ ਰਹੀ ਹੈ। ਜਾਪਦਾ ਹੈ ਅਸੀਂ ਜਿੱਥੋਂ ਚੱਲੇ ਸੀ, ਫਿਰ ਉੱਥੇ ਹੀ ਪਹੁੰਚ ਗਏ ਹਾਂ। ਪਹਿਲਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਉਰਦੂ ਨੂੰ ਵਿਦੇਸ਼ੀ ਭਾਸ਼ਾ ਗਰਦਾਨਿਆ ਗਿਆ। ਫਿਰ ਉੱਤਰਾਖੰਡ ਵਿੱਚ ਪੈਂਦੇ ਰੇਲਵੇ ਸਟੇਸ਼ਨਾਂ ਦੇ ਬੋਰਡਾਂ ਉੱਪਰੋਂ ਉਰਦੂ ਹਟਾ ਕੇ ਸੰਸਕ੍ਰਿਤ ਦੇ ਬੋਰਡ ਲਿਖੇ ਗਏ, ਜਿਸ ਦਾ ਵਿਰੋਧ ਸਭ ਲੋਕਾਂ ਵੱਲੋਂ ਕੀਤਾ ਗਿਆ। ਹੁਣ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਵਿੱਚ ਸਾਈਨਬੋਰਡਾਂ ’ਤੇ ਉਰਦੂ ਲਿਖੇ ਜਾਣ ਖ਼ਿਲਾਫ਼ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ। ਸ਼ੁਕਰ ਹੈ; ਸੁਪਰੀਮ ਕੋਰਟ ਨੇ ਫ਼ੈਸਲਾ ਉਰਦੂ ਦੇ ਹੱਕ ਵਿੱਚ ਸੁਣਾਇਆ। ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਜ਼ਬਾਨ ਦਾ ਕਿਸੇ ਦੂਸਰੀ ਜ਼ਬਾਨ ਨਾਲ ਕੋਈ ਝਗੜਾ ਨਹੀਂ ਹੁੰਦਾ। ਇਹ ਤਾਂ ਸਾਡਾ ਫ਼ਿਰਕੂ ਭਾਸ਼ਾਈ ਤੰਗ ਨਜ਼ਰੀਆ ਹੈ। ਨਾਲੇ ਜ਼ਬਾਨ ਤਾਂ ਕਿਸੇ ਖ਼ਿੱਤੇ ਵਿੱਚ ਵਸਦੀ ਅਵਾਮ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਵਜੂਦ ਵਿੱਚ ਆਉਂਦੀ ਹੈ। ਭਾਸ਼ਾ ਸ਼ਾਸਤਰੀ ਨਜ਼ਰੀਏ ਤੋਂ ਉਰਦੂ ਅਤੇ ਹਿੰਦੀ ਦੋਵੇਂ ਹੀ ਇੱਕੋ ਮੂਲ ਭਾਵ ਭਾਰਤੀ-ਆਰੀਅਨ ਜ਼ਬਾਨਾਂ ਹਨ। ਦੋਹਾਂ ਦੇ ਵਾਲਦੈਨ ਦਾ ਤਾਅਲੁਕ ਭਾਰਤੀ-ਆਰੀਆ ਭਾਸ਼ਾ ਘਰਾਣੇ ਨਾਲ ਹੈ। ਇਸੇ ਕਾਰਨ ਇਨ੍ਹਾਂ ਵਿੱਚ ਵਿਆਕਰਨਿਕ, ਸ਼ਬਦਾਵਲੀ ਅਤੇ ਭਾਵ-ਜੁਗਤ ਦੀ ਸਾਂਝ ਹੈ। ਇਨ੍ਹਾਂ ਵਿੱਚ ਬਾਹਰੀ ਦਿਸਦਾ ਅੰਤਰ ਇਨ੍ਹਾਂ ਦੀਆਂ ਵੱਖੋ-ਵੱਖ ਲਿਪੀਆਂ ਕਾਰਨ ਹੈ। ਹੋਰ ਵੀ ਪਿੱਛੇ-ਮੁੜ ਖੋਜ ਕੀਤਿਆਂ ਮਾਲੂਮ ਹੁੰਦਾ ਹੈ ਕਿ ਸੰਸਕ੍ਰਿਤ ਅਤੇ ਫ਼ਾਰਸੀ ਵਿੱਚ ਵੀ ਪੈਤ੍ਰਿਕ ਸਮਾਨਤਾ ਹੈ। ਦੋਵੇਂ
ਇੱਕੋ ਭਾਸ਼ਾ-ਪਰਿਵਾਰ ਭਾਵ ਭਾਰੋਪੀ ਪਰਿਵਾਰ ਦੀਆਂ ਜ਼ਬਾਨਾਂ ਹਨ। ਅੱਜ ਉਰਦੂ ਬਗੈਰ ਭਾਰਤ ਦੀ ਸਾਂਝੀ ਅਦਬੀ ਅਤੇ ਤਹਿਜ਼ੀਬੀ ਵਿਰਾਸਤ ਨੂੰ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ। ਸੋ ਹੋਰਨਾਂ ਆਧੁਨਿਕ
ਭਾਰਤੀ ਆਰੀਆ ਭਾਸ਼ਾਵਾਂ ਦੀ ਤਰ੍ਹਾਂ ਉਰਦੂ ਵੀ ਇੰਡੋ-ਆਰੀਅਨ ਜ਼ਬਾਨ ਹੈ। ਉਰਦੂ ਅੱਜ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਬੋਲੀ ਤੇ ਸਮਝੀ ਜਾਣ ਵਾਲੀ ਜ਼ਬਾਨ ਹੈ ਅਤੇ ਇਹ ਹਿੰਦੋਸਤਾਨੀਅਤ ਦੇ ਵਿਰਾਟ ਵਰਤਾਰੇ ਦਾ ਇੱਕ ਜੁਜ਼ ਹੈ। ਇਹ ਕਿਸੇ ਤਰ੍ਹਾਂ ਵੀ ਵਿਦੇਸ਼ੀ ਜ਼ਬਾਨ ਨਹੀਂ ਹੈ। ਇਸ ਤਰ੍ਹਾਂ ਦੀ ਸੌੜੀ ਸੋਚ ਦਾ ਪ੍ਰਚਾਰ ਕਰਨਾ ਖ਼ਤਰਨਾਕ ਰੁਝਾਨ ਹੈ। ਇਸ ਦੇ ਸਿੱਟੇ ਸਾਡਾ ਦੇਸ਼ ਪਹਿਲਾਂ ਹੀ ਭੁਗਤ ਚੁੱਕਾ ਹੈ। ਇਹ ਅੱਗ ਨਾਲ ਖੇਡਣ ਵਾਲਾ ਵਰਤਾਰਾ ਹੈ।

Advertisement

Advertisement
Advertisement
Advertisement
Author Image

Ravneet Kaur

View all posts

Advertisement