ਉਪ ਰਾਜਪਾਲ ਤੇ ਮੁੱਖ ਮੰਤਰੀ ਵੱਲੋਂ ਭਲਸਵਾ ‘ਲੈਂਡਫਿਲ’ ਦਾ ਦੌਰਾ
ਨਵੀਂ ਦਿੱਲੀ, 4 ਮਾਰਚ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਇੱਥੇ ਭਲਸਵਾ ‘ਲੈਂਡਫਿਲ’ ਦਾ ਦੌਰਾ ਕੀਤਾ ਅਤੇ ਬਾਂਸ ਦੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਦੋਵਾਂ ਆਗੂਆਂ ਨੇ ਕਿਹਾ ਕਿ ਜਲਦੀ ਹੀ ਇਹ ਖੇਤਰ ਹਰਿਆ ਭਰਿਆ ਦਿਖਾਈ ਦੇਵੇਗਾ। ਇਸ ਦੌਰਾਨ ਸ੍ਰੀ ਸਕਸੈਨਾ ਨੇ ਕਿਹਾ ਕਿ ਇੱਥੇ ਜਿਹੜੇ ਕੂੜੇ ਦੇ ਢੇਰ ਲੱਗੇ ਸਨ, ਇਨ੍ਹਾਂ ਨੂੰ ਹਟਾਉਣ ਲਈ ਦੋ ਸਾਲ ਪਹਿਲਾਂ ਕਾਰਜ ਸ਼ੁਰੂ ਹੋ ਗਏ ਸਨ। ਹੁਣ ਪੌਦਾ ਲਾਉਣ ਦੀ ਮੁਹਿੰਮ ਤਹਿਤ ਇਸ ਥਾਂ ਨੂੰ ਹਰਿਆਲੀ ਵਿੱਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਪ ਰਾਜਪਾਲ ਸਕਸੈਨਾ ਨੇ ਕਿਹਾ ਕਿ ਅੱਜ ਇੱਥੇ ਬਾਂਸ ਦੇ 200 ਪੌਦੇ ਲਗਾਏ ਗਏ ਹਨ। ਆਉਣ ਵਾਲੇ ਮਹੀਨਿਆਂ ਵਿੱਚ 54,000 ਹੋਰ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਇਹ ਮੁਹਿੰਮ ਪੂਰੀ ਹੋ ਜਾਵੇਗੀ ਤਾਂ ਇੱਥੇ ਲੋਕਾਂ ਨੂੰ ਉੱਚੇ-ਉੱਚੇ ਕੂੜੇ ਦੇ ਢੇਰਾਂ ਦੀ ਥਾਂ ਹਰਿਆਲੀ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਰਾਜਧਾਨੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਹੈ ਅਤੇ ਇਹ ਵਾਅਦਾ ਜਲਦੀ ਹੀ ਪੂਰਾ ਹੋਵੇਗਾ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੌਦਾ ਮੁਹਿੰਮ ਤਹਿਤ ਬਾਂਸ ਦੇ ਬੂਟੇ ਨੂੰ ਤਾਂ ਚੁਣਿਆ ਗਿਆ ਹੈ ਕਿਉਂਕਿ ਇਹ 30 ਫ਼ੀਸਦ ਵੱਧ ਆਕਸੀਜਨ ਛੱਡਦਾ ਹੈ ਅਤੇ ਇਸ ਨੂੰ ਲਾਉਣ ਲਈ ਘੱਟ ਪਾਣੀ ਦੀ ਲੋੜ ਪੈਂਦੀ ਹੈ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਹੋਰ ਮੰਤਰੀ ਵੀ ਮੌਜੂਦ ਸਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਉਪ ਰਾਜਪਾਲ ਅਤੇ ਕੇਂਦਰ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਨੇ ‘ਲੈਂਡਫਿਲ’ ਮੁੱਦੇ ਤੋਂ ਨਿਪਟਣ ਲਈ ਕੇਵਲ ਵੱਡੇ ਵੱਡੇ ਦਾਅਵੇ ਕੀਤੇ ਹਨ ਪਰ ਠੋਸ ਕਾਰਵਾਈ ਕਰਨ ਵਿੱਚ ਅਸਫ਼ਲ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਲਸਵਾ ਲੈਂਡਫਿਲ ਸਥਾਨ ’ਤੇ ਸ਼ੁਰੂ ਕੀਤੀ ਪੌਦਾ ਮੁਹਿੰਮ ਦੀ ਪ੍ਰਗਤੀ ਦੀ ਹਰ ਮਹੀਨੇ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਸਾਲ ਵਿੱਚ ਇਹ ਥਾਂ ਪੂਰੀ ਤਰ੍ਹਾਂ ਹਰਵਾਲੀ ਵਿੱਚ ਬਦਲ ਜਾਵੇਗਾ। ਸਾਡਾ ਉਦੇਸ਼ ਰਾਜਧਾਨੀ ਨੂੰ ਸਾਫ਼ ਅਤੇ ਸੁੰਦਰ ਬਣਾਉਣਾ ਹੈ ਅਤੇ ਡਬਲ ਇੰਜਣ ਵਾਲੀ ਸਰਕਾਰ ਨਾਲ ਅਸੀਂ ਇਸ ਟੀਚੇ ਨੂੰ ਦੁੱਗਣੀ ਗਤੀ ਨਾਲ ਹਾਸਲ ਕਰਾਂਗੇ। -ਪੀਟੀਆਈ
ਭਲਸਵਾ ’ਚ ਕੂੜੇ ਦਾ ਪਹਾੜ ਅਗਲੇ ਸਾਲ ਹੋਵੇਗਾ ਸਾਫ਼: ਸਿਰਸਾ
ਨਵੀਂ ਦਿੱਲੀ: ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇੱਥੇ ਕਿਹਾ ਕਿ ਭਲਸਵਾ ਲੈਂਡਫਿਲ ਨੂੰ ਮਾਰਚ 2026 ਤੱਕ ਸਾਫ਼ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਭਾਜਪਾ ਆਗੂ ਨੇ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਰਾਜਧਾਨੀ ਵਿੱਚ ਕੋਈ ਕੂੜੇ ਦਾ ਨਵਾਂ ਪਹਾੜ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੈਂਡਫਿਲ ਤੋਂ 35 ਫ਼ੀਸਦ ਕੂੜਾ ਪਹਿਲਾਂ ਹੀ ਸਾਫ਼ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਭਲਸਵਾ, ਓਖਲਾ ਅਤੇ ਗਾਜੀਪੁਰ ਵਿੱਚ ਦਿੱਲੀ ਦੇ ਤਿੰਨਾਂ ਕੂੜੇ ਦੇ ਪਹਾੜਾਂ ਨੂੰ ਸਾਫ਼ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਲਸਵਾ ਲੈਂਡਫਿਲ ਕਦੇ 70 ਏਕੜ ਵਿੱਚ ਫੈਲਿਆ ਹੋਇਆ ਸੀ। ਜਦੋਂ ਤੋਂ ਉਪ ਰਾਜਪਾਲ ਨੇ ਇਸ ਯੋਜਨਾ ’ਤੇ ਕੰਮ ਸ਼ੁਰੂ ਕੀਤਾ ਉਦੋਂ ਤੋਂ ਲਗਪਗ 35 ਫ਼ੀਸਦ ਕੂੜਾ ਹਟਾ ਦਿੱਤਾ ਗਿਆ ਹੈ। ਸਿਰਸਾ ਨੇ ਕਿਹਾ ਕਿ ਹੁਣ 70 ਏਕੜ ਵਿੱਚੋਂ 25 ਏਕੜ ਥਾਂ ਨੂੰ ਫੇਰ ਤੋਂ ਵਰਤੋਂਯੋਗ ਬਣਾਇਆ ਜਾ ਚੁੱਕਿਆ ਹੈ। ਇਸ ਵਿੱਚੋਂ ਪੰਜ ਏਕੜ ਥਾਂ ’ਤੇ ਦੋ ਹਜ਼ਾਰ ਬਾਂਸ ਦੇ ਪੌਦੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦਸੰਬਰ ਤੱਕ ਇਹ ਕੂੜਾ ਇੰਨਾ ਘੱਟ ਹੋ ਜਾਵੇਗਾ ਕਿ ਉਹ ਦੂਰ ਤੋਂ ਦਿਖਾਈ ਨਹੀਂ ਦੇਵੇਗਾ। ਮਾਰਚ 2026 ਤੱਕ ਭਲਸਵਾ ਲੈਂਡਫਿਲ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਤਿੰਨਾਂ ਲੈਂਡਫਿਲ ਖੇਤਰਾਂ ਵਿੱਚ ਕੰਮ ਜਾਰੀ ਰਹੇ ਤਾਂ ਜੋ ਰਾਜਧਾਨੀ ਵਿੱਚ ਕੂੜੇ ਦੇ ਨਵੇਂ ਪਹਾੜ ਨਾ ਬਣਨ। -ਪੀਟੀਆਈ