ਉਪ ਕੁਲਪਤੀ ਦੀ ਨਿਯੁਕਤੀ ਦੇ ਮਸਲੇ ’ਤੇ ਬਡੂੰਗਰ ਵੱਲੋਂ ਰਾਜਪਾਲ ਨੂੰ ਪੱਤਰ
ਪੱਤਰ ਪ੍ਰੇਰਕ
ਪਟਿਆਲਾ, 16 ਫਰਵਰੀ
ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬੀ ਯੂਨੀਵਰਸਿਟੀ ਦੇ ਰੈਗੂਲਰ ਉਪ ਕੁਲਪਤੀ ਦੀ ਲੰਬੇ ਸਮੇਂ ਤੋਂ ਨਿਯੁਕਤੀ ਨਾ ਹੋਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਭੇਜਿਆ ਹੈ। ਉਨ੍ਹਾਂ ਇਸ ਮੁੱਦੇ ਪ੍ਰਤੀ ਧਿਆਨ ਕੇਂਦਰਿਤ ਕਰਨ ਅਤੇ ਜਲਦ ਯੂਨੀਵਰਸਿਟੀ ਦੇ ਭਵਿੱਖ ਦੀ ਬੇਹਤਰੀ ਨੂੰ ਲੈ ਕੇ ਰੈਗੂਲਰ ਵਾਈਸ ਚਾਂਸਲਰ ਦੀ ਜਲਦ ਨਿਯੁਕਤੀ ਕਰਨ ਦੀ ਮੰਗ ਚੁੱਕੀ ਹੈ। ਪੱਤਰ ਵਿਚ ਲਿਖਿਆ ਹੈ ਕਿ ਮਾਲਵਾ ਖਿੱਤੇ ਦੀ ਮਹਾਨ ਵਿਦਿਅਕ ਸੰਸਥਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੰਮੇ ਸਮੇਂ ਤੀ ਯੋਗ ਉਪ ਕੁਲਪਤੀ ਦੀ ਉਡੀਕ ਕਰ ਰਹੀ ਹੈ, ਪ੍ਰੰਤੂ ਇਹ ਮਸਲਾ ਸਿਆਸੀ ਅਤੇ ਉਚ ਸ਼ਖ਼ਸੀਅਤਾਂ ਦੀ ਆਪਸੀ ਖਹਿਬਾਜ਼ੀ ਦੀ ਭੇਟ ਚੜਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬੀ ਯੂਨੀਵਰਸਿਟੀ ਵਿਚ ਸਥਾਪਿਤ ਵੱਖ ਵੱਖ ਵਿਭਾਗਾਂ ਦੇ ਅਹਿਮ ਕਾਰਜਾਂ ਤੋਂ ਇਲਾਵਾ ਖੋਜ ਪੱਖ ਤੋਂ, ਅਧਿਆਪਕਾਂ, ਗੈਰ ਅਧਿਾਪਨ ਅਮਲੇ ਅਤੇ ਖ਼ਾਸ ਕਰਕੇ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।