For the best experience, open
https://m.punjabitribuneonline.com
on your mobile browser.
Advertisement

ਉਦਾਸ ਰੁੱਤ ਦਾ ਗੀਤ

04:13 AM Mar 26, 2025 IST
ਉਦਾਸ ਰੁੱਤ ਦਾ ਗੀਤ
Advertisement

Advertisement

ਡਾ. ਗੁਰਬਖ਼ਸ਼ ਸਿੰਘ ਭੰਡਾਲ
ਕਦੇ ਕਦੇ ਉਦਾਸੀ ਮਨ ਵਿੱਚ ਖ਼ਲਬਲੀ ਪੈਦਾ ਕਰਦੀ ਹੈ। ਚਿੱਤ ਵਿਆਕੁਲ ਹੋ ਉੱਠਦਾ ਹੈ ਅਤੇ ਇਸ ਵਿਆਕੁਲਤਾ ਵਿੱਚ ਸਿਰਫ਼ ਹੋਠਾਂ ’ਤੇ ਪਸਰੀ ਚੁੱਪ ਹੀ ਸਾਥ ਦਿੰਦੀ ਹੈ। ਇਸ ਚੁੱਪ ਵਿੱਚੋਂ ਉਦਾਸੀ ਦਾ ਇੱਕ ਨਗ਼ਮਾ, ਅੰਤਰੀਵ ਵਿੱਚ ਫੈਲ ਕੇ ਮੇਰੇ ਸਮੁੱਚ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਹ ਮੇਰੀ ਉਦਾਸੀ ਮੇਰੀ ਹੀ ਨਹੀਂ, ਇਹ ਤਾਂ ਚੌਗਿਰਦੇ ਦੀ ਉਦਾਸੀ ਹੈ, ਸਾਡੇ ਸਾਰਿਆਂ ਦੀ ਉਦਾਸੀ ਹੈ, ਜਿਸ ਵਿੱਚ ਅਸੀਂ ਜਿਊਂਦੇ ਅਤੇ ਇਸ ਵਿੱਚੋਂ ਹੀ ਜੀਵਨ ਪੈੜਾਂ ਨੂੰ ਸਿਰਜਦੇ ਹਾਂ।
ਉਦਾਸੀ ਸਿਰਫ਼ ਜਾਤੀ ਜਾਂ ਨਿੱਜ ਤੱਕ ਸੀਮਤ ਕੀਤੀ ਜਾਵੇ ਤਾਂ ਇਹ ਬੰਦੇ ਨੂੰ ਖਾ ਜਾਂਦੀ ਹੈ, ਪਰ ਜਦ ਇਹੀ ਉਦਾਸੀ ਸਮੂਹਿਕਤਾ ਵਿੱਚੋਂ ਪੈਦਾ ਹੁੰਦੀ ਹੈ ਤਾਂ ਇਸ ਵਿੱਚੋਂ ਰੋਹ ਵੀ ਉਪਜਦਾ ਹੈ। ਇਸ ਵਿੱਚੋਂ ਰੂਹ ਦੀ ਅਵੱਗਿਆ ਅਤੇ ਆਜ਼ਾਦੀ ਵੀ ਉਪਜਦੀ ਹੈ। ਇਸ ਵਿੱਚ ਹਨੇਰ ਵੀ ਹੈ, ਪਰ ਇਸ ਵਿੱਚੋਂ ਚਾਨਣ ਦੀ ਕਾਤਰ ਵੀ ਤੁਹਾਡੇ ਹਿੱਸੇ ਆਉਂਦੀ ਹੈ।
ਉਦਾਸੀ ਨੂੰ ਕਦੇ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਾਂ ਅਤੇ ਕਦੇ ਬੰਦ ਦੀਦਿਆਂ ਵਿੱਚੋਂ ਵੀ ਦੇਖ ਸਕਦੇ ਹਾਂ। ਕਦੇ ਸੁਣਦੇ ਅਤੇ ਕਦੇ ਅਣਸੁਣੀ ਵੀ ਕਰਦੇ ਹਾਂ। ਕਦੇ ਇਸ ਉਦਾਸੀ ਨੂੰ ਉਲਥਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਦੇ ਅਸੀਂ ਉਦਾਸੀ ਵਿੱਚ ਖ਼ੁਦ ਹੀ ਉਲਥਾਏ ਜਾਂਦੇ ਹਾਂ। ਇਹ ਉਦਾਸੀ ਕਦੇ ਸਾਡੇ ਸ਼ਬਦਾਂ ਵਿੱਚ ਸਿੰਮਦੀ ਹੈ ਅਤੇ ਕਦੇ ਅਰਥਾਂ ਦੀ ਲੋਅ ਬਣ ਕੇ ਵਰਕਿਆਂ ਨੂੰ ਚਾਨਣ ਨਾਲ ਭਰਦੀ ਹੈ। ਕਦੇ ਇਹ ਮਨ-ਮਸਤਕ ’ਤੇ ਚਲਚਿੱਤਰ ਬਣਦੀ ਹੈ ਅਤੇ ਕਦੇ ਕਿਸੇ ਫਰੇਮ ਵਿੱਚ ਜੜੀ ਸਾਡੀ ਮਾਨਸਿਕ ਕੰਧ ’ਤੇ ਜੜੀ ਜਾਂਦੀ ਹੈ।
ਉਦਾਸੀ ਨੂੰ ਮੁਖ਼ਾਤਬ ਹੋਣ ਲਈ ਜਿਗਰਾ ਚਾਹੀਦਾ ਹੈ। ਜ਼ਿੰਦਾਦਿਲੀ ਦੀ ਲੋੜ ਹੁੰਦੀ ਹੈ ਕਿਉਂਂਕਿ ਉਦਾਸੀ ਤੁਹਾਨੂੰ ਬਹੁਤ ਕੁਝ ਕਹਿਣਾ ਚਾਹੁੰਦੀ ਹੈ, ਪਰ ਤੁਸੀਂ ਉਦਾਸੀ ਵਿੱਚੋਂ ਹੀ ਨਵੀਆਂ ਸਿਖਰਾਂ ਦੀ ਬੁਲੰਦੀ ਬਣਨਾ ਚਾਹੁੰਦੇ ਹੋ। ਇਸ ਬੁਲੰਦਗੀ ਲਈ ਜ਼ਰੂਰੀ ਹੁੰਦਾ ਹੈ ਕਿ ਉਦਾਸ ਪਲਾਂ ਨੂੰ ਹੁਲਾਸ ਪਲਾਂ ਵਿੱਚ ਤਬਦੀਲ ਕਰਨ ਦੀ ਜੁਗਤ ਜਾਣੀਏ। ਹਤਾਸ਼ ਪਹਿਰ ਨੂੰ ਹਸਾਸ ਵਕਤ ਦੀ ਤਸ਼ਬੀਹ ਦੇਈਏ। ਮਨ-ਮਾਰੂ ਖ਼ਿਆਲਾਂ ਦੀ ਜੂਹ ਵਿੱਚ ਜਿਊਣ-ਜੋਗੇ ਖ਼ਾਬ ਧਰੀਏ।
ਆਪਣੀ ਉਦਾਸੀ ਨੂੰ ਹਿੱਕ ਵਿੱਚ ਲੁਕੋ ਕੇ, ਕਿਸੇ ਦੀ ਉਦਾਸ ਰੁੱਤ ਨੂੰ ਬਹਾਰ ਵਿੱਚ ਬਦਲਣ ਦੀ ਸੋਝੀ ਆ ਜਾਵੇ ਤਾਂ ਜ਼ਿੰਦਗੀ ਦੀ ਸਾਰਥਿਕਤਾ ਨੂੰ ਸਾਹਾਂ ਦੇ ਨਾਮ ਲਾਇਆ ਜਾ ਸਕਦਾ ਹੈ। ਉਦਾਸੀ ਦਾ ਗੀਤ ਲਿਖਣ ਲਈ ਜ਼ਰੂਰੀ ਹੈ ਕਿ ਖਿੱਲਰੇ ਵਾਲਾਂ ਵਾਲੇ ਹੱਥ ਅੱਡੀਂ ਨਿੱਕੇ ਜਿਹੇ ਬਾਲਕ ਦੀਆਂ ਅੱਖਾਂ ਵਿਚਲੀ ਤਰਾਸਦੀ ਨੂੰ ਸਮਝ ਸਕੀਏ। ਉਸ ਦੇ ਮਰ ਰਹੇ ਬਚਪਨ ਵੰਨੀਂ ਨੀਝ ਨਾਲ ਦੇਖਣਾ ਤਾਂ ਪਤਾ ਲੱਗੇਗਾ ਕਿ ਉਦਾਸੀ ਦਾ ਗੀਤ ਕਿੰਨਾ ਗ਼ਹਿਰਾ ਅਤੇ ਇਸ ਨੂੰ ਗਾਉਣਾ ਕਿੰਨਾ ਕਠਿਨ ਹੈ।
ਉਦਾਸੀ ਦੇ ਗੀਤ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਲੀਰਾਂ ਚੁਗ ਰਹੇ ਬੱਚੇ ਦੀ ਮਾਨਸਿਕਤਾ ਨੂੰ ਪੜ੍ਹਨਾ ਜੋ ਸਾਫ਼ ਸੁਥਰੀ ਵਰਦੀ ਵਿੱਚ ਸਕੂਲੇ ਜਾ ਰਹੇ ਬੱਚਿਆਂ ਨੂੰ ਦੇਖ ਕੇ ਮਨ-ਮਸੋਸ ਕੇ ਰਹਿ ਜਾਂਦਾ ਹੈ ਕਿ ਉਸ ਦੇ ਹਿੱਸੇ ਦੇ ਪੂਰਨੇ ਉਸ ਤੋਂ ਹੀ ਕਿਉਂ ਰੁੱਸ ਗਏ? ਉਦਾਸੀ ਦੀ ਗੀਤਕਾਰੀ ਲਈ ਅਤਿ ਜ਼ਰੂਰੀ ਹੈ ਕਿ ਸਿਰ ’ਤੇ ਪਰਨਾ ਵਲੇਟੇ, ਵੱਟ ’ਤੇ ਬੈਠੇ ਉਸ ਕਿਸਾਨ ਦੀ ਮਨੋਦਸ਼ਾ ਨੂੰ ਚੇਤਿਆਂ ਵਿੱਚ ਲਿਆਉਣਾ ਜਿਸ ਦੀ ਫ਼ਸਲ ਸੱਥਰ ਬਣ ਕੇ ਉਸ ਦੇ ਭਵਿੱਖੀ ਸੁਫ਼ਨਿਆਂ ਨੂੰ ਧੁਆਂਖ ਗਈ ਹੋਵੇ। ਇਨ੍ਹਾਂ ਸੁਫ਼ਨਿਆਂ ਦੇ ਸੇਕ ਵਿੱਚ ਉਸ ਦੇ ਪਰਿਵਾਰ ਅਤੇ ਬੱਚਿਆਂ ਦਾ ਬਹੁਤ ਕੁਝ ਰਾਖ਼ ਹੋ ਗਿਆ ਜਿਸ ਨੇ ਚੌਗਿਰਦੇ ਦੀ ਮਹਿਕ ਬਣਨਾ ਸੀ।
ਸੱਚ ਤਾਂ ਇਹ ਹੈ ਕਿ;
ਉਦਾਸੀ
ਰਿਸ਼ਤਿਆਂ ਨੂੰ ਘੇਰਦੀ
ਤਾਂ
ਸਕੀਰੀਆਂ ਸੁੰਗੜ ਜਾਂਦੀਆਂ।

Advertisement
Advertisement

ਉਦਾਸੀ
ਲਹੂ ਵਿੱਚ ਰਚਦੀ
ਤਾਂ ਆਪਣੇ ਹੱਥ ਹੀ
ਤੁਹਾਡੀ ਕਬਰ ਦੀ ਖੁਦਾਈ ਕਰਦੇ।

ਉਦਾਸੀ
ਮਿੱਤਰ-ਮੋਹ ਵਿੱਚ ਘੁਲਦੀ
ਤਾਂ
ਸੁਖਨ-ਸੁਨੇਹੇ ਖਾਮੋਸ਼ ਹੋ ਜਾਂਦੇ।

ਉਦਾਸੀ
ਹੋਠਾਂ ’ਤੇ ਜੰਮ ਜਾਵੇ
ਤਾਂ
ਬੋਲ ਸਹਿਮ ਜਾਂਦੇ।

ਉਦਾਸੀ
ਸ਼ਬਦਾਂ ’ਚੋਂ ਸਿੰਮਣ ਲੱਗ ਪਵੇ
ਤਾਂ
ਵਰਕਿਆਂ ’ਤੇ ਘਰਾਲਾਂ ਵਗਦੀਆਂ।

ਉਦਾਸੀ
ਕਦਮਾਂ ਵਿੱਚ ਉੱਗ ਆਵੇ
ਤਾਂ
ਸਫ਼ਰ ਸੋਗੀ ਹੋ ਜਾਂਦਾ।

ਉਦਾਸੀ
ਸ਼ੌਕ ਨੂੰ ਗਲੱਛ ਲਵੇ
ਤਾਂ
ਪੱਲੇ ’ਚ ਰਹਿ ਜਾਂਦੀ ਮਜਬੂਰੀ।

ਉਦਾਸੀ
ਤਾਂਘ ਵਿੱਚ ਪਨਪਣ ਲੱਗੇ
ਤਾਂ
ਤਮੰਨਾਵਾਂ
ਤੜਫ਼ਣ ਲੱਗਦੀਆਂ।

ਉਦਾਸੀ
ਆਸ ਨੂੰ ਬੇਆਸ ਕਰਦੀ
ਤਾਂ
ਉਮੀਦਾਂ ਦੇ ਚਿਰਾਗ
ਹਟਕੋਰੇ ਭਰਦੇ।

ਉਦਾਸੀ
ਗਲਵੱਕੜੀ ’ਚ ਪਨਾਹ ਲਵੇ
ਤਾਂ
ਨਿੱਘ
ਬਰਫ਼ ਹੋ ਜਾਂਦਾ।

ਉਦਾਸ ਤੱਕਣੀ ’ਚ
ਅਕਸਰ ਹੀ
ਝਾਉਲਿਆਂ ਦੀ
ਚਿੱਤਰਕਾਰੀ ਹੀ ਹੁੰਦੀ।

ਉਦਾਸ
ਦਰਿਆ
ਬਰੇਤਿਆਂ ਦੀ ਬਸਤੀ ਹੁੰਦੇ।
ਫਿਜ਼ਾ
ਉਦਾਸ ਹੁੰਦੀ
ਤਾਂ
ਪੌਣ ਦੀ ਘਿੱਗੀ ਬੱਝਦੀ।

ਰਾਤ
ਉਦਾਸ ਹੋ ਜਾਵੇ
ਤਾਂ
ਧਰਤੀ ’ਤੇ ਮੱਸਿਆ ਪਸਰਦੀ।
ਸੂਰਜ
ਉਦਾਸ ਹੋਵੇ
ਤਾਂ
ਸਮੁੱਚੀ ਕਾਇਨਾਤ ਗ੍ਰਹਿਣੀ ਜਾਂਦੀ।

ਉਦਾਸੀ
ਦਰਾਂ ’ਤੇ ਦਸਤਕ ਦੇਵੇ
ਤਾਂ
ਘਰ ਚੁੱਪ ਹੋ ਜਾਂਦਾ।
ਉਦਾਸ
ਦਿਨਾਂ ਵਿੱਚ
ਦਿਨ ਵੀ
ਰਾਤ ਵਰਗਾ ਹੀ ਹੁੰਦਾ।

ਉਦਾਸ
ਰਾਤ ਵਿੱਚ
ਪੁੰਨਿਆਂ ਵੀ
ਮਸੋਸੀ ਜਾਂਦੀ।
ਉਦਾਸ ਦਿਲਾਂ ਨੂੰ
ਹਮਦਰਦ ਤਾਂ ਮਿਲ ਜਾਂਦੇ
ਪਰ
ਹਮਸਫ਼ਰ ਨਹੀਂ ਮਿਲਦੇ।
ਉਦਾਸੀ ’ਚ
ਜ਼ਿੰਦਗੀ ਰੁਆਂਸੀ ਜਾਂਦੀ
ਸੋ
ਜ਼ਿੰਦਗੀ ’ਚ
ਮੁਸਕਰਾਹਟ ਵੰਡਦੇ ਰਹੋ।

ਉਦਾਸੀ
ਉਦਾਸੀਨਤਾ ਨਹੀਂ ਹੁੰਦੀ
ਸਗੋਂ
ਉੱਦਮਸ਼ੀਲਤਾ ਦਾ ਅਲਹਾਮ ਹੁੰਦੀ।
ਉਦਾਸੀ
ਸਦਾ ਸਰਾਪ ਨਹੀਂ ਹੁੰਦੀ
ਸਗੋਂ
ਇਹੀ ਤਾਂ ਵਰਦਾਨ ਹੁੰਦੀ।

ਉਦਾਸ ਮੌਸਮ
ਦਰਅਸਲ
ਬਿਰਖ਼-ਬੰਦਗੀ ਦਾ ਇਮਤਿਹਾਨ ਹੁੰਦਾ।
ਉਦਾਸ ਰੁੱਤ ਵਿੱਚ
ਅਕਸਰ ਹੀ
ਲੋਕ
ਉਦਾਸੀਆਂ ’ਤੇ ਨਿਕਲਦੇ।

ਮਨ ਦੀ ਉਦਾਸੀ
ਜਦ
ਸੋਚ ਦੇ ਸਫ਼ਰ ’ਤੇ ਨਿਕਲਦੀ
ਤਾਂ
ਤਹਿਰੀਕ ਸਿਰਜੀ ਜਾਂਦੀ।
ਉਦਾਸ ਰੁੱਤ ’ਚ
ਪੁੰਗਰਦੀਆਂ ਕਰੂੰਬਲਾਂ
ਪੱਤਝੜਾਂ ਦੇ ਵਿਹੜੇ
ਬਹਾਰ ਦਾ ਸੰਦੇਸ਼ ਹੁੰਦੀਆਂ।

ਉਦਾਸੀ ਤੋਂ
‘ਉਦਾਸੀ’ ਤੀਕ ਦੀ ਯਾਤਰਾ
ਸਿਰਫ਼
ਕਰਮਯੋਗੀ ਕਰਦੇ।
ਉਦਾਸੀ ਦੌਰਾਨ
ਵਜਦ ’ਚ ਆਈ ਰਬਾਬ
ਬਾਣੀ ਦਾ ਅਲਹਾਮ ਹੁੰਦਾ।

ਉਦਾਸੀ ਦੇ ਆਲਮ ’ਚ
ਹਾਕਮ ਨੂੰ ਵੰਗਾਰਿਆ
ਤੇ
ਰੱਬ ਨੂੰ ਉਲਾਹਮਾ ਦਿੱਤਾ ਜਾ ਸਕਦਾ।
ਉਦਾਸੀ
ਹਮੇਸ਼ਾਂ ਸਫ਼ਰ ’ਤੇ
ਕਦੇ
ਬਾਹਰੋਂ ਅੰਦਰ ਨੂੰ
ਤੇ ਕਦੇ
ਅੰਦਰੋਂ ਬਾਹਰ ਨੂੰ ਤੁਰਦੀ।

ਅੰਦਰ ਵਸਦੀ ਉਦਾਸੀ
ਜਦ
ਚਿਹਰੇ ’ਤੇ ਨਜ਼ਰ ਨਾ ਆਵੇ
ਤਾਂ
ਸਮਾਂ
ਸ਼ਰਮਸ਼ਾਰ ਹੋ ਜਾਂਦਾ।

ਉਦਾਸੀ
ਪੈਗੰਬਰ ਵੀ ਬਣਾਉਂਦੀ
ਤੇ ਪੀਰ ਵੀ।
ਫੱਕਰ ਵੀ ਹੁੰਦੀ
ਤੇ ਫਕੀਰ ਵੀ।
ਖ਼ੁਦ ਨਾਲ ਪਿਆਰ
ਤੇ ਖ਼ੁਦ ਤੋਂ ਦਿਲਗੀਰ ਵੀ।

ਕਦੇ ਤਿੜਕਦੀ ਆਸ
ਤੇ ਕਦੇ ਬੰਨ੍ਹਾਏ ਧੀਰ ਵੀ।
ਕਦੇ ਇਕੱਲ ਦੀ ਹਾਮੀ
ਤੇ ਕਦੇ ਉਮਰਾਂ ਦੀ ਸੀਰ ਵੀ।
ਕਦੇ ਸਿਰ ਦਾ ਤਾਜ਼
ਤੇ ਕਦੇ ਪਰਨੇ ਦੀ ਲੀਰ ਵੀ।
ਉਦਾਸੀ ਦਾ ਰੰਗ ਉਸ ਬਿਰਖ਼ ਦੇ ਪਿੰਡੇ ’ਤੇ ਉੱਘੜਵੇਂ ਰੂਪ ਵਿੱਚ ਜ਼ਰੂਰ ਦੇਖਣਾ ਜਿਹੜਾ ਪੱਤਹੀਣ ਹੋਇਆ ਵੀ, ਬਰਫ਼ਬਾਰੀ ਨੂੰ ਜੀਰਦਾ ਅਤੇ ਆਪਣੀ ਅੰਦਰਲੀ ਅੱਗ ਨੂੰ ਬਾਲੀ ਰੱਖਣ ਲਈ ਹੱਡਾਂ ਨੂੰ ਵੀ ਬਾਲਣ ਤੋਂ ਗੁਰੇਜ਼ ਨਹੀਂ ਕਰਦਾ। ਉਦਾਸੀ ਤਾਂ ਅੰਬਰ ਨੂੰ ਆਪਣੇ ਕਲਾਵੇ ਵਿੱਚ ਲੈ ਹੀ ਲੈਂਦੀ ਹੈ, ਜਦੋਂ ਸੂਰਜ ਦੀ ਅੱਖ ਵਿੱਚ ਤੀਲ੍ਹਾ ਪੈ ਜਾਵੇ, ਦਿਨ ਨੂੰ ਆਪਣੀ ਅਰਥੀ ਢੋਣ ਲਈ ਮਜਬੂਰ ਹੋਣਾ ਪੈ ਜਾਵੇ ਜਾਂ ਚਾਨਣ-ਲੋਚਾ, ਕਾਲ-ਕੋਠੜੀ ਵਿੱਚ ਦਮ ਤੋੜ ਰਹੀ ਹੋਵੇ। ਉਦਾਸੀ ਅੰਤਰੀਵ ਵਿੱਚ ਬਹੁਤ ਡੂੰਘੀ ਉਤਰ ਜਾਂਦੀ ਹੈ, ਜਦੋਂ ਆਪਣਿਆਂ ਦੀ ਤੱਕਣੀ ਤੁਹਾਡੇ ਮਨ ਵਿੱਚ ਭਵਿੱਖੀ ਕਹਿਰ ਦਾ ਖ਼ੌਫ ਪੈਦਾ ਕਰਦੀ ਹੈ। ਉਸ ਡਰ ਕਾਰਨ ਬੰਦਾ ਸਾਹਸਤ-ਹੀਣ ਹੋ ਕੇ ਮੌਤ-ਮੰਗਣ ਦੀ ਨੌਬਤ ਤੀਕ ਪਹੁੰਚ ਜਾਂਦਾ ਹੈ। ਉਦਾਸੀ ਦੀ ਰੁੱਤ ਹਰ ਬਿਰਖ਼ ’ਤੇ ਆਪਣਾ ਆਲ੍ਹਣਾ ਪਾਉਣਾ ਲੋਚਦੀ ਹੈ, ਪਰ ਇਹ ਬਿਰਖ਼ ਦਾ ਸਿਰੜ ਕਿ ਉਹ ਉਦਾਸ ਰੁੱਤ ਵਿੱਚ ਕੁਮਲਾ ਜਾਣ ਦੀ ਬਜਾਏ ਇਸ ਉਦਾਸੀ ਨੂੰ ਖ਼ੁਸ਼ਗਵਾਰ ਪਲਾਂ ਵਿੱਚ ਬਦਲ ਦਿੰਦਾ ਹੈ।
ਉਦਾਸੀ ਜੀਵਨ ਦਾ ਅੰਗ ਹੈ। ਜੀਵਨ ਵਿੱਚੋਂ ਇਸ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੀਵਨ ਕਦੇ ਵੀ ਇਕਸਾਰ ਨਹੀਂ ਹੁੰਦਾ, ਪਰ ਅਸੀਂ ਉਦਾਸੀ ਦੇ ਗਹਿਰੇ ਦਰਿਆ ਨੂੰ ਤਰ ਕੇ ਹੁਸੀਨ ਪਲਾਂ ਨੂੰ ਹਾਸਲ ਬਣਾ ਸਕਦੇ ਹਾਂ। ਉਦਾਸ ਵਕਤ ਦੀ ਕੁੱਖ ਵਿੱਚ ਵੀ ਅਣਮੁੱਲੇ ਰਤਨ ਹਨ, ਪਰ ਇਨ੍ਹਾਂ ਦੀ ਨਿਸ਼ਾਨਦੇਹੀ ਕਰਨ ਲਈ ਜ਼ਰੂਰੀ ਹੁੰਦਾ ਹੈ ਖ਼ੁਦ ਨੂੰ ਉਦਾਸੀ ਦੇ ਡੂੰਘੇ ਪਾਣੀਆਂ ਵਿੱਚ ਹੰਘਾਲਣਾ ਅਤੇ ਫਿਰ ਹੀ ਕੁਝ ਹਾਸਲ ਹੋ ਸਕਦਾ ਹੈ।
ਉਦਾਸੀ ਵਿੱਚ ਮੁਸਕਰਾਉਣ ਦੇ ਹੁਨਰ ਦੀ ਪ੍ਰਾਪਤੀ ਲਈ ਜ਼ਰੂਰੀ ਹੁੰਦਾ ਹੈ ਕਿ ਜੀਵਨ ਵਿਚਲੀਆਂ ਨਿਰਮੂਲ ਜਾਪਦੀਆਂ ਖ਼ੁਸ਼ੀਆਂ ਨੂੰ ਮਾਣਦੇ ਰਹੀਏ।
ਉਦਾਸ ਬਿਰਖ਼ ਤੇ ਉਦਾਸ ਰਾਹੀ ਜਦੋਂ ਇੱਕ ਦੂਜੇ ਦੇ ਗਲ਼ ਲੱਗ ਕੇ ਰੋਂਦੇ ਹਨ ਤਾਂ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਨੂੰ ਹੌਸਲਾ ਦੇ ਰਿਹਾ ਹੈ ਕਿਉਂਕਿ ਕੋਈ ਵੀ ਨਹੀਂ ਦੱਸਣਾ ਚਾਹੁੰਦਾ ਕਿ ਉਹ ਉਦਾਸ ਕਿਉਂ ਹੈ? ਦਰਅਸਲ, ਮੋਹਵੰਤੀ ਗਲਵੱਕੜੀ ਵਿੱਚ ਉਦਾਸ ਵਕਤ ਦਾ ਖ਼ਿਆਲ ਹੀ ਨਹੀਂ ਰਹਿੰਦਾ।
ਦਿਲ ਦੀ ਉਦਾਸੀ ਨੂੰ ਦੂਰ ਕਰਨ ਲਈ ਇੱਕ ਅਜਿਹੇ ਪਿਆਰੇ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਉਦਾਸੀ ਦੇ ਕਾਰਨ ਦੱਸੇ ਬਗੈਰ, ਉਸ ਦੇ ਮੋਢੇ ’ਤੇ ਸਿਰ ਰੱਖ ਕੇ ਦਿਲ ਦਾ ਬੋਝ ਹਲਕਾ ਕਰ ਸਕੀਏ।
ਕੁਝ ਲੋਕ ਇੰਨੀ ਪਰਦਾਦਾਰੀ ਨਾਲ ਮੁਸਕਰਾਉਂਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਵਿੱਚ ਉਤਰੀ ਉਦਾਸੀ ਕਦੇ ਨਜ਼ਰ ਨਹੀਂ ਆਉਂਦੀ। ਕੁਝ ਤਾਂ ਇੰਨੀ ਮੁਹਾਰਤ ਨਾਲ ਆਪਣਿਆਂ ਨਾਲ ਗੱਲਾਂ ਕਰਦੇ ਨੇ ਕਿ ਉਨ੍ਹਾਂ ਦੇ ਬੋਲਾਂ ਵਿੱਚ ਜਜ਼ਬ ਹੋਈ ਉਦਾਸੀ ਨੂੰ ਸੁਣਿਆ ਹੀ ਨਹੀਂ ਜਾ ਸਕਦਾ, ਪਰ ਉਦਾਸੀ ਤਾਂ ਉਦਾਸੀ ਹੈ, ਇਸ ਨੇ ਤਾਂ ਜੱਗ-ਜ਼ਾਹਰ ਹੋਣਾ ਹੀ ਹੋਇਆ, ਕਦੇ ਸੁਚੇਤ ਅਤੇ ਕਦੇ ਅਚੇਤ।
ਉਦਾਸੀ
ਕਦੇ ਬੇਵਜ੍ਹਾ ਨਹੀਂ ਹੁੰਦੀ
ਇਹ
ਅਦਿੱਖ ਚੀਸ
ਅਸਹਿ ਸਦਮਾ
ਅਕਹਿ ਦਰਦ
ਤੇ ਅਸ਼ਬਦ ਪੀੜਾ ਦਾ
ਚੁੱਪ ਗੀਤ ਹੁੰਦੀ ਹੈ।

ਛੱਤ ’ਤੇ
ਬੱਚਿਆਂ ਦੇ ਦੁੜੰਗੇ ਮਾਯੂਸ ਹੋ ਜਾਣ
ਤਾਂ
ਪਤੰਗ ਚੜ੍ਹਾਉਣ ਵਾਲੇ ਵੱਡੇ ਹੋ ਜਾਂਦੇ
ਅਤੇ
ਜਦ ਵਿਹੜੇ ਦੀ ਛੱਪੜੀ ’ਚ
ਮੀਂਹ ਦਾ ਪਾਣੀ
ਤੇ ਕਾਗਜ਼ ਦੀ ਬੇੜੀ
ਉਦਾਸ ਹੋ ਜਾਵੇ
ਤਾਂ ਸਮਝੋ ਕਿ
ਲੋਕ ਸਿਆਣੇ ਹੋ ਗਏ ਨੇ।

ਅੱਖਾਂ ਦੀ ਉਦਾਸੀ ਤੋਂ
ਮੁਸਕਰਾਹਟ ਤੀਕ ਦੇ ਸਫ਼ਰ ਨੂੰ
ਮਨ ਦਾ ਲਿਬਾਸ ਬਣਾਉਣ ਵਾਲੇ
ਉਦਾਸ ਰੁੱਤ ਦਾ ਗੀਤ ਹੁੰਦੇ ਨੇ।

ਅਕਾਸ਼ ਉਦਾਸ ਹੋ
ਜਦੋਂ ਗਹਿਰਾ ਹੁੰਦਾ
ਤਾਂ
ਉਦਾਸੀ
ਬਾਰਸ਼ ਦਾ ਰੂਪ ਧਾਰ
ਧਰਤ ਨੂੰ ਭਿਉਂਦੀ।
ਸੱਜਣਾ!
ਉਦਾਸੀ ਦੀ ਵਜ੍ਹਾ
ਕੋਈ ਨਹੀਂ ਪੁੱਛਦਾ।

ਯਾਰਾ!
ਖ਼ੁਸ਼ ਰਿਹਾ ਕਰ
ਮਿੱਤਰ-ਪਿਆਰੇ
ਹਾਲ-ਚਾਲ ਪੁੱਛਦੇ ਰਹਿਣਗੇ।
ਉਦਾਸ ਰੁੱਤ
ਸਦਾ ਉਦਾਸ ਹੀ ਨਹੀਂ ਹੁੰਦੀ
ਕਦੇ ਕਦਾਈਂ
ਉਹ ਕੁਝ ਮਿਲ ਜਾਂਦਾ
ਜਿਸ ਦੀ ਆਸ ਨਹੀਂ ਹੁੰਦੀ।

ਜੀਵਨ-ਉਦਾਸੀਆਂ
ਵਰਕਿਆਂ ’ਤੇ ਫੈਲ
ਜ਼ਿੰਦਗੀ ਦੀ ਕਿਤਾਬ ਹੁੰਦੀਆਂ
ਇਸ ਨੂੰ ਪੜ੍ਹਦੇ ਰਹੀਏ
ਤਾਂ
ਹਸਾਸ ਦੀਆਂ ਰਿਸ਼ਮਾਂ ਉੱਗਦੀਆਂ।

ਉਦਾਸ ਰੁੱਤ ’ਚ
ਟਾਹਣੀਆਂ ਪੱਤ-ਹੀਣ
ਤੇ ਫੁੱਲ-ਪੱਤੀਆਂ ਕਿਰ ਗਈਆਂ
ਆਲ੍ਹਣਾ
ਬੇ-ਆਬਾਦ ਹੋ ਗਿਆ
ਤਾਂ
ਜੜਾਂ ਬੋਲੀਆਂ
‘ਉਦਾਸ ਨਾ ਹੋ
ਅਸੀਂ
ਹਰ ਉਦਾਸ ਰੁੱਤ ਦੀ ਕੁੱਖ ’ਚ
ਬਹਾਰ ਦੀਆਂ ਕਲਮਾਂ ਲਾਉਂਦੇ ਰਹਿਣਾ।’

ਉੱਜੜੇ ਆਲ੍ਹਣੇ ਦੇ
ਤੀਲ੍ਹਿਆਂ ਦੀ ਉਦਾਸੀ ’ਚ
ਦੂਰ ਤੁਰ ਗਈ
ਬੋਟਾਂ ਦੀ ਚਹਿਕਣੀ
ਪਰਿੰਦਿਆਂ ਦੀ ਗੁਟਕਣੀ
ਤੇ ਚੋਹਲ-ਚਾਅ ਨੂੰ ਦੇਖ
ਬਿਰਖ਼ ਨੇ
ਆਲ੍ਹਣੇ ਨੂੰ ਕਿਹਾ
‘ਫ਼ਿਕਰ ਨਾ ਕਰ
ਪਰਿੰਦੇ ਜ਼ਰੂਰ ਪਰਤਣਗੇ।’
ਸਭ ਤੋਂ ਅਹਿਮ ਹੁੰਦਾ ਹੈ ਕਿ ਉਦਾਸੀ ਦੇ ਸਫ਼ਰ ਨੂੰ ਸਦਾ ਜਾਰੀ ਰੱਖੋ। ਇਸ ਦੀ ਨਿਰੰਤਰਤਾ ਹੀ ਜੀਵਨ ਦਾ ਮੂਲ ਮੰਤਰ ਹੈ। ਇਸ ਦੇ ਜਾਪ ਵਿੱਚੋਂ ਹੀ ਅਸੀਂ ਫਿਰ ਉਸ ਉਦਾਸੀ ’ਤੇ ਖ਼ੁਦ ਨੂੰ ਤੋਰਦੇ ਹਾਂ ਜਿਸ ਦੀ ਇੱਛਾ ਖ਼ੁਦ ਨੂੰ ਖ਼ੁਦ ਅਤੇ ਖ਼ੁਦਾ ਦੇ ਦੀਦਾਰੇ ਕਰਵਾਉਂਦੀ ਹੈ।
ਸੰਪਰਕ: 216-556-2080

Advertisement
Author Image

Balwinder Kaur

View all posts

Advertisement