ਈ-ਰਿਕਸ਼ਾ ਚਾਰਜਿੰਗ ਸਟੇਸ਼ਨ ’ਚ ਅੱਗ ਲੱਗੀ, ਦੋ ਮੌਤਾਂ
ਨਵੀਂ ਦਿੱਲੀ, 9 ਜੂਨ
ਉੱਤਰ-ਪੂਰਬੀ ਦਿੱਲੀ ਦੇ ਦਿਲਸ਼ਾਦ ਗਾਰਡਨ ਖੇਤਰ ਵਿੱਚ ਘਰ ਵਿੱਚ ਬਣਾਏ ਈ-ਰਿਕਸ਼ਾ ਚਾਰਜਿੰਗ ਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਅੱਗ ਗਲੀ ਸ਼ਮਸ਼ਾਨ ਵਾਲੀ ਸਥਿਤ ਇੱਕ ਘਰ ਦੀ ਜ਼ਮੀਨੀ ਮੰਜ਼ਿਲ ’ਤੇ ਲੱਗੀ ਜਿੱਥੇ ਈ-ਰਿਕਸ਼ਾ ਚਾਰਜ ਕੀਤੇ ਜਾ ਰਹੇ ਸਨ। ਹਾਲ ਦੀ ਘੜੀ ਸ਼ੱਕ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ। ਇਸ ਦੌਰਾਨ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ਕਿ ਮੌਕੇ ’ਤੇ ਦੋ ਵਿਅਕਤੀ ਮ੍ਰਿਤਕ ਪਾਏ ਗਏ, ਜਿਨ੍ਹਾਂ ਦੀ ਪਛਾਣ ਘਰ ਵਿੱਚ ਰਹਿਣ ਵਾਲੇ ਸ਼ਸ਼ੀ (25) ਅਤੇ ਘਟਨਾ ਸਮੇਂ ਮੌਜੂਦ ਇੱਕ ਵਿਅਕਤੀ ਬੱਲੂ (55) ਵਜੋਂ ਹੋਈ ਹੈ। ਸ਼ਸ਼ੀ ਉਸ ਘਰ ਵਿੱਚ ਰਹਿੰਦਾ ਸੀ ਜਦੋਕਿ ਬੱਲੂ ਬੇਘਰ ਸੀ ਅਤੇ ਘਟਨਾ ਵੇਲੇ ਉਹ ਉਥੇ ਹੀ ਮੌਜੂਦ ਸੀ। ਪੁੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਸ਼ੀ ਉਸ ਘਰ ਵਿੱਚ ਆਪਣੇ ਮਾਪਿਆਂ ਅਤੇ ਤਿੰਨ ਭਰਾਵਾਂ ਨਾਲ ਰਹਿੰਦਾ ਸੀ। ਇਸ ਦੌਰਾਨ ਸਥਾਨਕ ਬੀਟ ਕਰਮੀ ਨੇ ਮੀਰਾ ਦੇਵੀ ਨਾਮ ਦੀ ਮਹਿਲਾ ਨੂੰ ਬਚਾਇਆ। ਘਟਨਾ ਦੌਰਾਨ ਈ ਰਿਕਸ਼ਾ ਪੂਰੀ ਤਰ੍ਹਾਂ ਸੜ ਚੁੱਕਿਆ ਹੈ। ਅਪਰਾਧਾ ਸ਼ਾਖਾ ਅਤੇ ਫੋਰੈਂਸਿਕ ਵਿਭਾਗ ਦੇ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਸਬੰਧੀ ਨੰਦਨਗਰੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਅੱਗ ਲੱਗਣ ਕਾਰਨ ਦੋ ਈ-ਰਿਕਸ਼ਾ ਪੂਰੀ ਤਰ੍ਹਾਂ ਸੜ ਗਏ। ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਤਾਹਿਰਪੁਰ ਦੀ ਕੋਡੀ ਕਲੋਨੀ ਤੋਂ ਰਾਤ 11. 32 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਚਾਰ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਅਤੇ ਅੱਗ ’ਤੇ ਕਾਬੂ ਪਾਇਆ ਗਿਆ। -ਪੀਟੀਆਈ
ਕਬਾੜ ਦੇ ਗੋਦਾਮ ਵਿੱਚ ਅੱਗ ਲੱਗੀ
ਫਰੀਦਾਬਾਦ (ਪੱਤਰ ਪ੍ਰੇਰਕ): ਇੱਥੋਂ ਦੇ ਸੈਕਟਰ-86 ਬੁਧੈਣਾ ਪਿੰਡ ਵਿੱਚ ਸਥਿਤ ਪ੍ਰਿੰਸੈਸ ਪਾਰਕ ਸੁਸਾਇਟੀ ਦੇ ਪਿੱਛੇ ਕਬਾੜ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਆਲੇ ਦੁਆਲੇ ਦੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਅੱਗ ਰਾਤ 11. 30 ਵਜੇ ਦੇ ਕਰੀਬ ਲੱਗੀ। ਅੱਗ ਲੱਗਣ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਦੀਆਂ ਲਪਟਾਂ ਦੋ ਕਿਲੋਮੀਟਰ ਤੋਂ ਦਿਖਾਈ ਦੇ ਰਹੀਆਂ ਸਨ। ਸਥਾਨਕ ਵਾਸੀ ਅਬਦੁਲ ਹਾਫਿਜ਼ ਨੇ ਦੱਸਿਆ ਕਿ ਅੱਗ ਲੱਗਦੇ ਹੀ ਲੋਕਾਂ ਨੇ ਇਸਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਲਗਪਗ ਘੰਟੇ ਦੀ ਮਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਕਬਾੜ ਦਾ ਗੋਦਾਮ ਰੋਹਿੰਗਿਆ ਭਾਈਚਾਰੇ ਦੇ ਲੋਕਾਂ ਦਾ ਹੈ ਜੋ ਮਿਆਂਮਾਰ ਤੋਂ ਆਏ ਹਨ ਅਤੇ ਪਿਛਲੇ 8-9 ਸਾਲਾਂ ਤੋਂ ਇਸ ਖੇਤਰ ਵਿੱਚ ਰਹਿ ਰਹੇ ਹਨ ਅਤੇ ਗਲੀਆਂ ਤੋਂ ਪਲਾਸਟਿਕ, ਥਰਮੋਕੋਲ ਅਤੇ ਹੋਰ ਕੂੜਾ ਇਕੱਠਾ ਕਰਦੇ ਹਨ ਅਤੇ ਵੇਚਦੇ ਹਨ। ਇੱਥੇ ਲਗਪਗ 80 ਤੋਂ 100 ਝੌਂਪੜੀਆਂ ਵੀ ਹਨ ਪਰ ਅੱਗ ਝੁੱਗੀਆਂ ਤੱਕ ਨਾ ਪਹੁੰਚੀ। ਪੁਲੀਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੈਟਰੋ ਸਟੇਸ਼ਨ ਦੇ ਕਮਰੇ ਵਿੱਚੋਂ ਧੰੂਆਂ ਉਠਣ ਕਾਰਨ ਮੈਟਰੋ ਸੇਵਾਵਾਂ ਪ੍ਰਭਾਵਿਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਅੱਜ ਇੱਥੇ ਦਿੱਲੀ ਮੈਟਰੋ ਦੀ ਪਿੰਕ ਲਾਈਨ ’ਤੇ ਰੇਲ ਸੇਵਾਵਾਂ ਕੁਝ ਸਮੇਂ ਲਈ ਠੱਪ ਰਹੀਆਂ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਅਨੁਸਾਰ ਤ੍ਰਿਲੋਕ ਪੁਰੀ-ਸੰਜੇ ਝੀਲ ਮੈਟਰੋ ਸਟੇਸ਼ਨ ਦੇ ਇੱਕ ਕਮਰੇ ਵਿੱਚ ਅੱਗ ਅਤੇ ਧੂੰਏਂ ਕਾਰਨ ਸਵੇਰੇ 11.20 ਵਜੇ ਤੋਂ ਮਜਲਿਸ ਪਾਰਕ ਤੋਂ ਸ਼ਿਵ ਵਿਹਾਰ ਰੂਟ ’ਤੇ ਰੇਲ ਸੇਵਾਵਾਂ ਕੁਝ ਸਮੇਂ ਲਈ ਪ੍ਰਭਾਵਿਤ ਰਹੀਆਂ। ਡੀਐੱਮਆਰਸੀ ਅਨੁਸਾਰ ਧੂੰਏਂ ਕਾਰਨ ਸਟੇਸ਼ਨ ’ਤੇ ਸਿਗਨਲਿੰਗ, ਏਐੱਫਸੀ ਸਿਸਟਮ ਵਿੱਚ ਗੜਬੜ ਹੋਈ। ਇਸ ਕਾਰਨ ਰੇਲ ਗੱਡੀਆਂ ਨੂੰ ਘੱਟ ਰਫਤਾਰ ਨਾਲ ਚਲਾਇਆ ਗਿਆ। ਯਾਤਰੀਆਂ ਨੂੰ ਰੇਲ ਸੇਵਾਵਾਂ ਬਾਰੇ ਅਪਡੇਟ ਕਰਨ ਲਈ ਸਟੇਸ਼ਨ ਕੰਪਲੈਕਸ ਅਤੇ ਰੇਲਗੱਡੀਆਂ ਦੇ ਅੰਦਰ ਲਗਾਤਾਰ ਐਲਾਨ ਕੀਤੇ ਗਏ। ਡੀਐੱਮਆਰਸੀ ਅਨੁਸਾਰ ਦਿੱਲੀ ਫਾਇਰ ਸਰਵਿਸਿਜ਼ ਕਰਮਚਾਰੀਆਂ ਦੀ ਮਦਦ ਨਾਲ ਧੂੰਏਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪ੍ਰਭਾਵਿਤ ਭਾਗ ਵਿੱਚ ਸਿਗਨਲਿੰਗ, ਏਐੱਫਸੀ ਨੂੰ ਬਹਾਲ ਕੀਤਾ ਗਿਆ। 4 ਫਾਇਰ ਟੈਂਡਰ ਮੌਕੇ 'ਤੇ ਪਹੁੰਚਾਏ ਗਏ।