ਹਤਿੰਦਰ ਮਹਿਤਾਜਲੰਧਰ, 6 ਜੂਨਡੇਂਗੂ ਰੋਕਥਾਮ ਦੇ ਮੱਦੇਨਜ਼ਰ ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਡਾ. ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਈ.ਐੱਸ.ਆਈ. ਹਸਪਤਾਲ ਵਿੱਚ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਆਦਿ ਬਾਰੇ ਜਾਗਰੂਕ ਕੀਤਾ ਗਿਆ। ਮੈਡੀਕਲ ਸੁਪਰਡੈਂਟ ਈ.ਐੱਸ.ਆਈ. ਹਸਪਤਾਲ ਡਾ. ਵੰਦਨਾ ਧੀਰ ਨਾਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਆਦਿੱਤਿਆਪਾਲ ਅਤੇ ਜ਼ਿਲ੍ਹਾ ਬੀ.ਸੀ.ਜੀ. ਅਫ਼ਸਰ ਡਾ. ਚਸ਼ਮ ਮਿੱਤਰਾ ਨੇ ਈ.ਐੱਸ.ਆਈ. ਹਸਪਤਾਲ ਅਤੇ ਉੱਥੇ ਸਥਿਤ ਐਲੋਪੈਥੀ, ਹੋਮੋਪੈਥੀ ਅਤੇ ਆਯੁਰਵੈਦਿਕ ਵਿਭਾਗਾਂ ’ਚ ਜਾ ਕੇ ਕੂਲਰਾਂ ਤੇ ਫਰਿੱਜਾਂ ਆਦਿ ਦੀ ਚੈਕਿੰਗ ਕੀਤੀ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ 163 ਇੰਸਟੀਚਿਊਟਸ ਅਤੇ 1739 ਘਰਾਂ ਦਾ ਸਰਵੇਖਣ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕਰਦਿਆਂ ਟੀਮਾਂ ਵੱਲੋਂ ਕੂਲਰਾਂ, ਕਬਾੜ-ਕੰਟੇਨਰਾਂ, ਟਾਈਰਾਂ ਆਦਿ ਦੀ ਜਾਂਚ ਕੀਤੀ ਗਈ ਅਤੇ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ। ਇਸ ਦੌਰਾਨ 8 ਥਾਵਾਂ ’ਤੇ ਡੇਂਗੂ ਲਾਰਵਾ ਮਿਲਿਆ ਜਿਸਨੂੰ ਟੀਮਾਂ ਵੱਲੋਂ ਨਸ਼ਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਜਨਵਰੀ 2025 ਤੋਂ ਹੁਣ ਤੱਕ ਕੁੱਲ 1,42,967 ਘਰਾਂ ਦਾ ਸਰਵੇਖਣ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਸ਼ਹਿਰੀ ਖੇਤਰ ਦੇ 57,616 ਘਰ ਅਤੇ ਪੇਂਡੂ ਖੇਤਰ ਦੇ 85,351 ਘਰ ਸ਼ਾਮਲ ਹਨ। ਜਨਵਰੀ 2025 ਤੋਂ ਹੁਣ ਤੱਕ ਕੁੱਲ 129 ਥਾਵਾਂ ’ਤੇ ਡੇਂਗੂ ਲਾਰਵਾ ਮਿਲਿਆ ਹੈ ਜਿਸਨੂੰ ਐਂਟੀ ਲਾਰਵਾ ਟੀਮਾਂ ਵੱਲੋਂ ਨਸ਼ਟ ਕੀਤਾ ਗਿਆ ਹੈ।