ਈਐੱਸਆਈ ਡਿਸਪੈਂਸਰੀ ਮੁੜ ਉਦਯੋਗਿਕ ਖੇਤਰ ਫੇਜ਼ ਸੱਤ ਵਿੱਚ ਪਰਤੀ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 10 ਜੂਨ
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਉਪਰਾਲੇ ਸਦਕਾ ਇੱਥੋਂ ਦੇ ਸਨਅਤੀ ਖੇਤਰ ਦੇ ਫੇਜ਼ ਸੱਤ ਵਿੱਚ ਲੰਮੇ ਸਮੇਂ ਤੋਂ ਚੱਲਦੀ ਈਐੱਸਆਈ ਡਿਸਪੈਂਸਰੀ ਹੁਣ ਦੁਬਾਰਾ ਫੇਰ ਇੱਥੇ ਪਰਤ ਆਈ ਹੈ। ਇਸ ਈਐੱਸਆਈ ਹਸਪਤਾਲ ਦੀ ਡਿਸਪੈਂਸਰੀ ਨੂੰ ਦੋ ਜੂਨ ਨੂੰ ਫੇਜ਼ ਦੋ ਦੀ ਈਐੱਸਆਈ ਡਿਸਪੈਂਸਰੀ ਵਾਲੀ ਥਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਲੈਕ ਸਟੋਨ ਨੇ ਦੱਸਿਆ ਕਿ ਅੱਜ ਈਐੱਸਆਈ ਵਿਚਲੀ ਡਿਸਪੈਂਸਰੀ ਪੁਰਾਣੀ ਥਾਂ ਸਨਅਤੀ ਖੇਤਰ ਫੇਜ਼ ਸੱਤ ਵਿੱਚ ਖੁੱਲ੍ਹ ਗਈ ਹੈ। ਉਨ੍ਹਾਂ ਦੱਸਿਆ ਕਿ ਡਿਸਪੈਂਸਰੀ ਬਦਲਣ ਨਾਲ ਉਦਯੋਗਿਕ ਕਾਮਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪ੍ਰਧਾਨ ਨੇ ਦੱਸਿਆ ਕਿ ਇਹ ਮਾਮਲਾ ਜਦੋਂ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਈਐਸਆਈ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਨੂੰ ਨਾਲ ਲੈ ਕੇ ਪਿਛਲੇ ਇੱਕ ਹਫ਼ਤੇ ਦੌਰਾਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਨੇ ਐਸੋਸੀਏਸ਼ਨ ਦੀ ਮੰਗ ਪ੍ਰਵਾਨ ਕਰਦਿਆਂ ਡਿਸਪੈਂਸਰੀ ਨੂੰ ਮੁੜ ਪੁਰਾਣੀ ਥਾਂ ਚਾਲੂ ਕਰਨ ਦੇ ਨਿਰਦੇਸ਼ ਦੇ ਦਿੱਤੇ।