ਇੱਕ ਹੋਰ ਤ੍ਰਾਸਦੀ
ਹਾਲਤ ਨਿਰਦਈ ਹੋਣ ਦੇ ਨਾਲ-ਨਾਲ ਕਿੰਨੀ ਵਿਅੰਗਮਈ ਹੈ ਕਿ ਸੰਗਮ ’ਤੇ 29 ਜਨਵਰੀ ਨੂੰ ਵਾਪਰੀ ਭਗਦੜ ਤੋਂ ਬਾਅਦ ਮਹਾਂ ਕੁੰਭ ਸ਼ਰਧਾਲੂਆਂ ਦੀ ਭੀੜ ਸੰਭਾਲਣ ਲਈ ਵਿਸ਼ੇਸ਼ ਯੋਜਨਾਬੰਦੀ ਕਰਨ ਦੇ ਬਾਵਜੂਦ ਕੁਝ ਸੈਂਕੜੇ ਕਿਲੋਮੀਟਰ ਦੂਰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਅਜਿਹੀ ਇੱਕ ਹੋਰ ਘਟਨਾ ਵਾਪਰ ਗਈ ਹੈ। ਸੰਗਮ ’ਤੇ ਵਾਪਰੇ ਹਾਦਸੇ ਵਿੱਚ 30 ਜਾਨਾਂ ਗਈਆਂ ਸਨ; ਹੁਣ ਸ਼ਨਿਚਰਵਾਰ ਰਾਤ ਸਟੇਸ਼ਨ ’ਤੇ ਮਚੀ ਭਗਦੜ ਵਿੱਚ ਕਰੀਬ 18 ਲੋਕ ਮਾਰੇ ਗਏ ਹਨ। ਪ੍ਰਯਾਗਰਾਜ ਨੂੰ ਜਾਣ ਵਾਲੀਆਂ ਰੇਲਗੱਡੀਆਂ ’ਚ ਚੜ੍ਹਨ ਲਈ ਦਿੱਲੀ ਰੇਲਵੇ ਸਟੇਸ਼ਨ ਉੱਤੇ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ ਸਨ। ਰੇਲਵੇ ਦੇ ਸੀਨੀਅਰ ਅਧਿਕਾਰੀ ਦਾ ਦਾਅਵਾ ਹੈ ਕਿ ਘਟਨਾ ਉਦੋਂ ਵਾਪਰੀ ਜਦ ਕੁਝ ਯਾਤਰੀ ਫੁੱਟ ਓਵਰਬਰਿੱਜ ਤੋਂ ਥੱਲੇ ਉਤਰਦਿਆਂ ਸਲਿੱਪ ਕਰ ਕੇ ਦੂਜਿਆਂ ਉੱਤੇ ਡਿੱਗ ਪਏ ਹਾਲਾਂਕਿ ਇਹ ਦਾਅਵਾ ਅੱਧੀ ਕਹਾਣੀ ਹੀ ਬਿਆਨਦਾ ਹੈ। ਦਿੱਤੇ ਗਏ ਸੰਭਾਵੀ ਕਾਰਨ ਹਨ: ਰੇਲਗੱਡੀਆਂ ਚੱਲਣ ’ਚ ਦੇਰੀ; ਟਿਕਟਾਂ ਦੀ ਵਿਕਰੀ ’ਚ ਉਛਾਲ; ਪਲੈਟਫਾਰਮਾਂ ਦੀ ਬਦਲੀ ਬਾਰੇ ਐਨ ਅਖ਼ੀਰ ’ਚ ਕੀਤਾ ਗ਼ਲਤ ਐਲਾਨ। ਰੇਲਵੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਇੰਨੀ ਜਿ਼ਆਦਾ ਭੀੜ ਜਮ੍ਹਾਂ ਹੋਣ ਦੇ ਖ਼ਦਸ਼ੇ ਬਾਰੇ ਪਤਾ ਹੋਣਾ ਚਾਹੀਦਾ ਸੀ, ਇਸ ਤੱਥ ਦੇ ਮੱਦੇਨਜ਼ਰ ਕਿ ਇਹ ਵਿਰਾਟ ਉਤਸਵ 10 ਦਿਨਾਂ ਦੇ ਅੰਦਰ ਖ਼ਤਮ ਹੋ ਰਿਹਾ ਹੈ। ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਸੀ।
ਦੁਨੀਆ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਮੁਲਕ ’ਚ ਭੀੜ ਲੱਗਣਾ ਆਮ ਗੱਲ ਹੈ ਹਾਲਾਂਕਿ ਇਸ ਨੂੰ ਸੰਭਾਲਣਾ ਸ਼ਾਇਦ ਹੀ ਕੇਂਦਰ ਤੇ ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਖਰਲੀ ਤਰਜੀਹ ਹੈ। ਹੁੰਗਾਰਾ ਜ਼ਿਆਦਾਤਰ ਪ੍ਰਤੀਕਿਰਿਆ ਦੇ ਰੂਪ ’ਚ ਮਿਲਦਾ ਹੈ। ਅਗਾਊਂ ਸਰਗਰਮ ਹੋਣ ਨਾਲ ਹੀ ਇਸ ਤਰ੍ਹਾਂ ਦੇ ਹਾਦਸੇ ਰੋਕੇ ਜਾ ਸਕਦੇ ਹਨ। ਭਗਦੜ ਰੋਕੀ ਜਾ ਸਕਦੀ ਹੈ ਜਾਂ ਘਟਾਈ ਜਾ ਸਕਦੀ ਹੈ, ਬਸ਼ਰਤੇ ਬੁਨਿਆਦੀ ਚੀਜ਼ਾਂ ਦਾ ਪੂਰੀ ਸਖ਼ਤੀ ਨਾਲ ਪਾਲਣ ਹੋਵੇ। ਵੱਡੀ ਜਨ-ਸ਼ਮੂਲੀਅਤ ਵਾਲੇ ਸਮਾਰੋਹਾਂ ’ਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਸੁਰੱਖਿਆ ਕਰਮੀਆਂ ਦੀ ਢੁੱਕਵੀਂ ਤਾਇਨਾਤੀ ਹੋਵੇ ਤਾਂ ਕਿ ਭੀੜ ਦੀ ਆਵਾਜਾਈ ਨਿਯਮਿਤ ਢੰਗ ਨਾਲ ਨੇਪਰੇ ਚੜ੍ਹੇ। ਇਸ ਦੇ ਨਾਲ ਹੀ ਇੰਤਜ਼ਾਮਾਂ ਦੀ ਕੁਸ਼ਲ ਯੋਜਨਾਬੰਦੀ ਤੇ ਮੁੱਢਲੀਆਂ ਲੋੜਾਂ ਨੂੰ ਸੂਖਮਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ ਪਰ ਪਰਵਾਹ ਕਿਸ ਨੂੰ ਹੈ? ‘ਇਵੇਂ ਹੀ ਚੱਲਦਾ ਹੈ’ ਵਾਲਾ ਰਵੱਈਆ ਵਿਆਪਕ ਤੌਰ ’ਤੇ ਪ੍ਰਚੱਲਿਤ ਹੈ ਜਿਸ ਵਿੱਚੋਂ ਜਵਾਬਦੇਹੀ ਗਾਇਬ ਹੈ ਤੇ ਮਨੁੱਖੀ ਜ਼ਿੰਦਗੀਆਂ ਦੀ ਕੀਮਤ ਪ੍ਰਤੀ ਨਿਰਾਦਰ ਝਲਕਦਾ ਹੈ।
ਸਾਲ 2014 ਵਿੱਚ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਰਾਜ ਸਰਕਾਰਾਂ, ਸਥਾਨਕ ਪ੍ਰਸ਼ਾਸਨਾਂ, ਪ੍ਰਸ਼ਾਸਕਾਂ ਅਤੇ ਪ੍ਰਬੰਧਕਾਂ ਲਈ ਭੀੜ ਪ੍ਰਬੰਧਨ ਸਬੰਧੀ ਗਾਈਡ ਬੁੱਕ ਲੈ ਕੇ ਆਈ ਸੀ। ਇਸ ਵਿੱਚ ਏਕੀਕ੍ਰਿਤ ਅਤੇ ਢਾਂਚਾਗਤ ਪਹੁੰਚ ਨਾਲ ਪੂਰੀ ਪ੍ਰਕਿਰਿਆ ਵਿੱਚ ਪੇਸ਼ੇਵਰ ਰਵੱਈਆ ਅਪਣਾਉਣ ਦੀ ਗੱਲ ਕੀਤੀ ਗਈ ਸੀ। ਦੁੱਖ ਵਾਲੀ ਗੱਲ ਹੈ ਕਿ ਜਦੋਂ ਤੱਕ ਇਸ ਮਹੱਤਵਪੂਰਨ ਦਸਤਾਵੇਜ਼ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਵੇਗਾ, ਉਦੋਂ ਤੱਕ ਇਸ ਤਰ੍ਹਾਂ ਦੀ ਭਗਦੜ ਮੁੜ ਮਚਣ ਦਾ ਖ਼ਦਸ਼ਾ ਬਣਿਆ ਰਹੇਗਾ।