ਇੰਤਕਾਲਾਂ ਦੀ ਤਸਦੀਕ ਦੇ ਬਕਾਇਆ ਮਾਮਲੇ 30 ਤੱਕ ਨਿਬੇੜਨ ਦੇ ਹੁਕਮ
ਆਤਿਸ਼ ਗੁਪਤਾ
ਚੰਡੀਗੜ੍ਹ, 15 ਅਪਰੈਲ
ਪੰਜਾਬ ਸਰਕਾਰ ਨੇ ਸੂਬੇ ਦੇ ਮਾਲ ਵਿਭਾਗ ਵਿੱਚ ਜਨਤਕ ਸੇਵਾਵਾਂ ਨੂੰ ਸੁਚਾਰੂ ਬਣਾਉਣ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇੰਤਕਾਲਾਂ ਦੀ ਤਸਦੀਕ, ਨਕਲ ਮੁਹੱਈਆ ਕਰਵਾਉਣ, ਆਮਦਨ ਸਰਟੀਫਿਕੇਟ ਜਾਰੀ ਕਰਨ ਤੇ ਮਾਲੀਆ ਰਿਕਾਰਡਾਂ ਦੀ ਜਾਂਚ ਸਬੰਧੀ ਬਕਾਇਆ ਪਏ ਸਾਰੇ ਮਾਮਲਿਆਂ ਦਾ 30 ਅਪਰੈਲ ਤੱਕ ਨਿਬੇੜਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਦਾ ਖੁਲਾਸਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨੂੰ ਪਿਛਲੇ ਇੱਕ ਸਾਲ ਵਿੱਚ ਬਿਨਾਂ ਵਿਰੋਧ ਵਾਲੇ ਇੰਤਕਾਲਾਂ ਲਈ 8.42 ਲੱਖ ਮਾਮਲੇ, ਨਕਲ ਮੁਹੱਈਆ ਕਰਨ ਦੀ ਸੇਵਾ ਸਬੰਧੀ 31,164, ਆਮਦਨੀ ਸਰਟੀਫਿਕੇਟ ਜਾਰੀ ਕਰਨ ਸਬੰਧੀ 5,33,054 ਅਤੇ ਮਾਲੀਆ ਰਿਕਾਰਡਾਂ ਦੀ ਜਾਂਚ ਸਬੰਧੀ 1,73,140 ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਇਸ ਵਿੱਚੋਂ ਬਿਨਾਂ ਵਿਰੋਧ ਵਾਲੇ ਇੰਤਕਾਲਾਂ ਦੀ ਤਸਦੀਕ ਸਬੰਧੀ 2,66,58, ਨਕਲ ਮੁਹੱਈਆ ਕਰਨ ਦੀ ਸੇਵਾ ਸਬੰਧੀ 1,74,00, ਆਮਦਨ ਸਰਟੀਫਿਕੇਟ ਜਾਰੀ ਕਰਨ ਸਬੰਧੀ 4362 ਅਤੇ ਮਾਲੀਆ ਰਿਕਾਰਡਾਂ ਦੀ ਜਾਂਚ ਸਬੰਧੀ 2123 ਮਾਮਲੇ ਬਕਾਇਆ ਪਏ ਹਨ। ਇਨ੍ਹਾਂ ਦਾ ਨਿਬੇੜਾ 30 ਅਪਰੈਲ ਤੱਕ ਲਾਜ਼ਮੀ ਕੀਤਾ ਜਾਵੇਗਾ।
ਸ੍ਰੀ ਚੀਮਾ ਨੇ ਕਿਹਾ ਕਿ ਪਹਿਲੀ ਮਈ ਤੋਂ ਬਿਨਾ ਵਿਰੋਧ ਵਾਲੇ ਇੰਤਕਾਲਾਂ ਦੀ ਤਸਦੀਕ ਸਬੰਧੀ ਸਮਾਂ 45 ਦਿਨ ਤੋਂ ਘਟਾ ਕੇ 30 ਦਿਨ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਰੋਜ਼ਾਨਾ ਦੇ ਆਧਾਰ ’ਤੇ ਬਕਾਇਆ ਪਏ ਕੇਸਾਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਨਕਲ ਸੇਵਾ ਲਈ ਨਿਰਧਾਰਤ ਸਮਾਂ ਸੀਮਾ 10 ਦਿਨ, ਆਮਦਨ ਸਰਟੀਫਿਕੇਟ ਲਈ 15 ਦਿਨ ਅਤੇ ਮਾਲ ਰਿਕਾਰਡ ਦੀ ਜਾਂਚ ਲਈ 7 ਦਿਨ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮਾਲ ਵਿਭਾਗ ਦੇ ਸਬੰਧਤ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਦੀ ਨਿਰਧਾਰਿਤ ਸਮਾਂ ਸੀਮਾਂ ਅਨੁਸਾਰ ਸੇਵਾਵਾਂ ਦੇਣ ਲਈ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਸ ਤਰ੍ਹਾਂ ਮਾਲ ਵਿਭਾਗ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਸਕੇਗਾ।