ਇੰਡੀਆ, ਭਾਰਤ, ਹਿੰਦੁਸਤਾਨ ’ਚੋਂ ਜੋ ਪਸੰਦ ਉਹ ਕਹੋ: ਉਮਰ ਅਬਦੁੱਲਾ
ਜੰਮੂ, 11 ਮਾਰਚ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਇਸ ਦੇਸ਼ ਨੂੰ ਭਾਰਤ, ਇੰਡੀਆ ਅਤੇ ਹਿੰਦੁਸਤਾਨ ਤਿੰਨ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦੇ ਨਾਗਰਿਕ ਇਸ ਨੂੰ ਇਨ੍ਹਾਂ ’ਚੋਂ ਕਿਸੇ ਵੀ ਨਾਮ ਨਾਲ ਬੁਲਾ ਸਕਦੇ ਹਨ। ਉਹ ਆਰਐੱਸਐੱਸ ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਬਲੇ ਵੱਲੋਂ ਸਮਾਗਮ ਵਿੱਚ ਕੀਤੀ ਗਈ ਟਿੱਪਣੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਜੇ ਦੇਸ਼ ਦਾ ਨਾਮ ਭਾਰਤ ਹੈ, ਤਾਂ ਇਸ ਨੂੰ ਇਸੇ ਨਾਮ ਨਾਲ ਬੁਲਾਇਆ ਜਾਣਾ ਚਾਹੀਦਾ ਹੈ। ਅਬਦੁੱਲਾ ਨੇ ਕਿਹਾ, ‘ਅਸੀਂ ਇਸ ਨੂੰ ਭਾਰਤ ਕਹਿੰਦੇ ਹਾਂ, ਇੰਡੀਆ ਕਹਿੰਦੇ ਹਾਂ ਤੇ ਹਿੰਦੁਸਤਾਨ ਵੀ ਕਹਿੰਦੇ ਹਾਂ। ਸਾਡੇ ਦੇਸ਼ ਦੇ ਤਿੰਨ ਨਾਮ ਹਨ। ਤੁਹਾਨੂੰ ਜੋ ਵੀ ਨਾਮ ਪਸੰਦ ਆਏ, ਤੁਸੀਂ ਕਹਿ ਸਕਦੇ ਹੋ।’
ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਇਹ ‘ਕਾਂਸਟੀਚਿਊਸ਼ਨ ਆਫ ਇੰਡੀਆ’ ਤੇ ‘ਰਿਜ਼ਰਵ ਬੈਂਕ ਆਫ ਇੰਡੀਆ’ ਹੈ। ਅਜਿਹਾ ਕਿਉਂ ਹੈ? ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ। ਜੇ ਦੇਸ਼ ਦਾ ਨਾਮ ਭਾਰਤ ਹੈ, ਤਾਂ ਕੀ ਇਸ ਨੂੰ ਸਿਰਫ਼ ਇਹੀ ਨਹੀਂ ਕਿਹਾ ਜਾਣਾ ਚਾਹੀਦਾ?’ ਇਹ ਦੱਸਦਿਆਂ ਪ੍ਰਧਾਨ ਮੰਤਰੀ ਦੇ ਜਹਾਜ਼ ’ਤੇ ‘ਭਾਰਤ’ ਅਤੇ ‘ਇੰਡੀਆ’ ਦੋਵੇਂ ਲਿਖੇ ਹੋਏ ਹਨ, ਅਬਦੁੱਲਾ ਨੇ ਕਿਹਾ, ‘ਇਸ ਨੂੰ ‘ਇੰਡੀਅਨ ਏਅਰ ਫੋਰਸ’ ਤੇ ‘ਇੰਡੀਅਨ ਆਰਮੀ’ ਕਿਹਾ ਜਾਂਦਾ ਹੈ। ਪਰ ਅਸੀਂ ਇਸ ਬਾਰੇ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਵੀ ਗੱਲ ਕਰਦੇ ਹਾਂ।’ ਮਸ਼ਹੂਰ ਗੀਤ ‘ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਨ ਹਮਾਰਾ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, ‘ਅਸੀਂ ਇਹ ਵੀ ਕਹਿੰਦੇ ਹਾਂ, ਇਹ ਵੱਖਰਾ ਨਾਮ ਹੈ। ਤੁਸੀਂ ਦੇਸ਼ ਨੂੰ ਇਨ੍ਹਾਂ ’ਚੋਂ ਕਿਸੇ ਵੀ ਨਾਮ ਨਾਲ ਬੁਲਾ ਸਕਦੇ ਹੋ।’ -ਪੀਟੀਆਈ