‘ਇੰਡੀਆ’ ਗੁੱਟ ਦੀ ਹਾਲਤ
ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਦੇਸ਼ ਦਾ ਧਿਆਨ ‘ਇੰਡੀਆ’ ਧੜੇ ਦੀ ਪਤਲੀ ਹਾਲਤ ਵੱਲ ਦਿਵਾਇਆ ਹੈ, ਜੋ ਹੌਲੀ-ਹੌਲੀ ਆਪਣੀ ਅਹਿਮੀਅਤ ਗੁਆ ਰਿਹਾ ਹੈ। ਉਨ੍ਹਾਂ ਨੂੰ ਵੀ ਪੱਕਾ ਪਤਾ ਨਹੀਂ ਹੈ ਕਿ ਦੋ ਸਾਲ ਪਹਿਲਾਂ ਬਣਿਆ ਇਹ ਗੱਠਜੋੜ ਅਜੇ ਵੀ ਕਾਇਮ ਹੈ ਜਾਂ ਟੁੱਟ ਗਿਆ ਹੈ; ਹਾਲਾਂਕਿ ਉਹ ਇਹ ਉਮੀਦ ਕਰ ਰਹੇ ਹਨ (ਜਿਸ ਦੀ ਆਸ ਮੱਧਮ ਹੈ) ਕਿ ਇਸ ਨੂੰ ਅਜੇ ਵੀ ਇਕੱਠਾ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਭਾਜਪਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੱਜ ਤੱਕ ਕੋਈ ਵੀ ਸਿਆਸੀ ਪਾਰਟੀ ਇਸ ਜਿੰਨੀ ਸੰਗਠਿਤ ਨਹੀਂ ਦੇਖੀ। ਚਿਦੰਬਰਮ ਦੀ ਇਹ ਟਿੱਪਣੀ ਕਾਂਗਰਸ ਨੂੰ ਨਿਰਾਸ਼ ਕਰ ਸਕਦੀ ਹੈ, ਖ਼ਾਸ ਕਰ ਕੇ ਉਦੋਂ ਜਦੋਂ ਮੋਦੀ ਸਰਕਾਰ ‘ਅਪਰੇਸ਼ਨ ਸਿੰਧੂਰ’ ਦੀ ਸਫਲਤਾ ’ਤੇ ਮਾਣ ਕਰ ਰਹੀ ਹੈ। ਇਸ ਦੇ ਉਲਟ ਭਾਜਪਾ ਕੋਲ ਵਿਰੋਧੀ ਧੜੇ ’ਚ ਉੱਭਰ ਰਹੀ ਅਸਹਿਮਤੀ ’ਤੇ ਖੁਸ਼ ਹੋਣ ਦਾ ਹਰ ਕਾਰਨ ਹੈ।
ਪਿਛਲੇ ਮਹੀਨੇ ਵਕਫ਼ ਕਾਨੂੰਨ ’ਤੇ ਸੰਸਦ ਵਿੱਚ ਹੋਈ ਚਰਚਾ ਦੌਰਾਨ ਵਿਰੋਧੀ ਧਿਰ ਦੀ ਠੋਸ ਕਾਰਗੁਜ਼ਾਰੀ ਉੱਭਰ ਕੇ ਸਾਹਮਣੇ ਆਈ ਸੀ, ਪਰ ਪਹਿਲਗਾਮ ਹਮਲੇ ਤੋਂ ਬਾਅਦ ਹਾਲਾਤ ਕਾਫ਼ੀ ਬਦਲ ਗਏ ਹਨ। ਇਸ ਅਹਿਮ ਮੋੜ ’ਤੇ ਕਾਂਗਰਸ ਅਤੇ ਉਸ ਦੇ ਸਾਥੀਆਂ ਕੋਲ ਸਰਕਾਰ ਤੇ ਫ਼ੌਜ ਦਾ ਸਮਰਥਨ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ, ਨਹੀਂ ਤਾਂ ਉਹ ਰਾਸ਼ਟਰ-ਵਿਰੋਧੀ ਨਜ਼ਰ ਆਉਣਗੇ। ਪਾਕਿਸਤਾਨ ’ਚ ਦਹਿਸ਼ਤੀ ਟਿਕਾਣਿਆਂ ’ਤੇ ਹੋਏ ਭਾਰਤੀ ਹਮਲਿਆਂ ਨੇ ਬਿਹਾਰ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਮਜ਼ਬੂਤ ਸਥਿਤੀ ਨੂੰ ਹੋਰ ਪੱਕਾ ਕੀਤਾ ਹੈ। ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਵੱਲੋਂ ਸਾਥ ਛੱਡਣ ਕਰ ਕੇ ਵਿਰੋਧੀ ਧੜਾ ਰਾਜਨੀਤਕ ਤੌਰ ’ਤੇ ਮਹੱਤਵਪੂਰਨ ਇਸ ਰਾਜ ਵਿੱਚ ਕਮਜ਼ੋਰ ਜਾਪ ਰਿਹਾ ਹੈ।
ਭਾਜਪਾ ਨੇ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਪਹਿਲ ਕਰ ਕੇ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਅਹਿਮ ਮੁੱਦੇ ਨੂੰ ਖ਼ਤਮ ਕਰ ਦਿੱਤਾ ਹੈ। ਇਹ ਕਦਮ ਭਾਵੇਂ ਰਾਹੁਲ ਗਾਂਧੀ ਦੀ ਮੰਗ ਨੂੰ ਸਹੀ ਸਾਬਤ ਕਰਦਾ ਹੈ, ਫਿਰ ਵੀ ਭਾਜਪਾ ਦੇ ਐਲਾਨ ਨੇ ਵਿਰੋਧੀ ਧਿਰ ਦੇ ਹੱਥੋਂ ਵੱਡਾ ਚੁਣਾਵੀ ਹਥਿਆਰ ਖੋਹ ਲਿਆ ਹੈ। ਸੁਭਾਵਿਕ ਹੈ ਕਿ ਕਾਂਗਰਸ ਤੇ ਇੰਡੀਆ ਬਲਾਕ ਦੀ ਹੋਣੀ ਇੱਕ-ਦੂਜੇ ਨਾਲ ਜੁੜੀ ਹੋਈ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ‘ਇੰਡੀਆ’ ਗਠਜੋੜ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ। ਉਸ ਵਕਤ ਮੁਲਕ ਭਰ ਅੰਦਰ ਇਹ ਵਿਚਾਰ ਉੱਭਰੇ ਸਨ ਕਿ ਸੱਤਾਧਾਰੀ ਧਿਰ, ਭਾਰਤੀ ਜਨਤਾ ਪਾਰਟੀ ਨੂੰ ਇਕੱਠੇ ਹੋ ਕੇ ਮਾਤ ਦਿੱਤੀ ਜਾ ਸਕਦੀ ਹੈ ਪਰ ਉਸ ਤੋਂ ਬਾਅਦ ਹਾਲਾਤ ਬਦਲਣੇ ਆਰੰਭ ਹੋ ਗਏ। ਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ਵਿਰੋਧੀ ਖੇਮਾ ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ’ਚ ਭਾਜਪਾ ਤੋਂ ਹਾਰ ਗਿਆ, ਜਦੋਂਕਿ ਝਾਰਖੰਡ ਅਤੇ ਜੰਮੂ ਕਸ਼ਮੀਰ ਵਿੱਚ ਮਿਲੀ ਜਿੱਤ ਨੇ ਇਸ ਨੂੰ ਕੁਝ ਰਾਹਤ ਦਿੱਤੀ। ਹੁਣ ਇਹ ਕਾਂਗਰਸ ਉੱਤੇ ਨਿਰਭਰ ਹੈ ਕਿ ਉਹ ਚੀਜ਼ਾਂ ਨੂੰ ਬਿਖਰਨ ਦੇਵੇ ਜਾਂ ਫਿਰ ਖ਼ੁਦ ਅਤੇ ਇੰਡੀਆ ਗੁੱਟ ਵਿੱਚ ਨਵੀਂ ਰੂਹ ਫੂਕਣ ਲਈ ਪੂਰਾ ਜ਼ੋਰ ਲਾਵੇ। ਇਸ ਅਹਿਮ ਕਾਰਜ ਲਈ ਕਾਂਗਰਸ ਨੂੰ ਵੱਖ-ਵੱਖ ਸਿਆਸੀ ਧਿਰਾਂ ਨਾਲ ਨਵੇਂ ਸਿਰਿਓਂ ਰਾਬਤਾ ਬਣਾਉਣਾ ਪਵੇਗਾ ਅਤੇ ਉਨ੍ਹਾਂ ਨੂੰ ਨਾਲ ਤੋਰਨ ਲਈ ਨਵੀਂ ਕਿਸਮ ਦੀ ਸਿਆਸਤ ਦਾ ਜੋਖਿ਼ਮ ਵੀ ਉਠਾਉਣਾ ਪਵੇਗਾ।