ਮੁੰਬਈ, 15 ਮਾਰਚਭਾਰਤੀ ਰਿਜ਼ਰਵ ਬੈਂਕ (ਆਰੀਬੀਆਈ) ਨੇ ਅੱਜ ਇੰਡਸਇੰਡ ਬੈਂਕ ਦੇ ਬੋਰਡ ਨੂੰ ਕਿਹਾ ਕਿ ਉਹ ਬੈਂਕ ਵੱਲੋਂ ਅਕਾਊਂਟਿੰਗ ’ਚ 2100 ਕਰੋੜ ਰੁਪਏ ਦੀ ਗੜਬੜੀ ਬਾਰੇ ਖੁਲਾਸੇ ਮਗਰੋਂ ਚਾਲੂ ਵਿੱਤੀ ਸਾਲ ਦੌਰਾਨ ਗੜਬੜੀ ਦਰੁੱਸਤ ਕਰੇ।ਇੰਡਸਇੰਡ ਬੈਂਕ ਨੇ ਇਸੇ ਹਫ਼ਤੇ ਅਕਾਊਂਟਿੰਗ ’ਚ ਗੜਬੜੀ ਦਾ ਖੁਲਾਸਾ ਕੀਤਾ ਸੀ। ਇਸ ਦਾ ਬੈਂਕ ਦੀ ਕੁੱਲ ਆਮਦਨ ’ਤੇ 2.35 ਫੀਸਦ ਦਾ ਅਸਰ ਪੈਣ ਦਾ ਅਨੁਮਾਨ ਹੈ। ਖੁਲਾਸੇ ਮਗਰੋਂ ਬੈਂਕ ਦੇ ਸ਼ੇਅਰਾਂ ਦੀ ਕੀਮਤ ’ਚ ਭਾਰੀ ਗਿਰਾਵਟ ਦੇਖੀ ਗਈ। ਆਰਬੀਆਈ ਨੇ ਕਿਹਾ ਕਿ ਜਨਤਕ ਤੌਰ ’ਤੇ ਉਪਲੱਭਧ ਖੁਲਾਸਿਆਂ ਦੇ ਆਧਾਰ ’ਤੇ ਬੈਂਕ ਨੇ ਪਹਿਲਾਂ ਹੀ ਆਪਣੇ ਸਿਸਟਮ ਦੀ ਸਮੀਖਿਆ ਕਰਨ, ਅਸਲ ਅਸਰ ਦਾ ਮੁਲਾਂਕਣ ਕਰਨ ਅਤੇ ਉਸ ਦਾ ਹਿਸਾਬ ਲਾਉਣ ਲਈ ਇੱਕ ਬਾਹਰੀ ਆਡਿਟ ਟੀਮ ਨੂੰ ਨਿਯੁਕਤ ਕਰ ਲਿਆ ਹੈ। ਕੇਂਦਰੀ ਬੈਂਕ ਨੇ ਕਿਹਾ, ‘ਬੋਰਡ ਤੇ ਪ੍ਰਬੰਧਨ ਨੂੰ ਰਿਜ਼ਰਵ ਬੈਂਕ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸਾਰੀਆਂ ਸਬੰਧਤ ਧਿਰਾਂ ਨੂੰ ਲੋੜੀਂਦੇ ਖੁਲਾਸੇ ਕਰਨ ਤੋਂ ਬਾਅਦ ਜਨਵਰੀ-ਮਾਰਚ ਤਿਮਾਹੀ ਦੌਰਾਨ ਪੂਰੀ ਤਰ੍ਹਾਂ ਸੁਧਾਰ ਕਰਨ ਨਾਲ ਸਬੰਧਤ ਕਾਰਵਾਈ ਪੂਰੀ ਕਰ ਲਵੇ।’ -ਪੀਟੀਆਈ