ਇਸ ਦੁਨੀਆ ਦੇ ਸੋਹਣੇ ਲੋਕ
ਕਰਨੈਲ ਸਿੰਘ ਸੋਮਲ
ਇਸ ਸਿਰਲੇਖ ਨੂੰ ਪੜ੍ਹਦਿਆਂ ਪਾਠਕ ਜਾਣਨਾ ਲੋਚੇਗਾ ਕਿ ਅਜਿਹੇ ਲੋਕ ਧਰਤੀ ਦੇ ਕਿਹੜੇ ਖਿੱਤੇ ਵਿੱਚ ਵੱਸਦੇ ਹਨ। ਹੈਰਾਨ ਨਾ ਹੋਣਾ ਇਹ ਲੋਕ ਸਾਥੋਂ ਦੂਰ ਨਹੀਂ ਬਲਕਿ ਸਾਡੇ ਬਹੁਤ ਨੇੜੇ ਹੀ ਵੱਸਦੇ ਹਨ। ਸੱਚ ਜਾਣੋ, ਸੋਹਣੇ ਲੋਕ ਸਾਡੇ ਹਰ ਪਿੰਡ, ਸ਼ਹਿਰ ਅਤੇ ਗਲੀ-ਮੁਹੱਲੇ, ਹੋਰ ਤਾਂ ਹੋਰ ਸਾਡੇ ਘਰ ਵਿੱਚ ਵੀ ਹੁੰਦੇ ਹਨ।
ਹਰ ਮਾਂ ਤਾਂ ਸਦਾ ਕਹਿੰਦੀ ਹੈ ਕਿ ਉਸ ਦੇ ਧੀ-ਪੁੱਤ ਸਭ ਤੋਂ ਵੱਧ ਸੋਹਣੇ ਹਨ। ਸਾਡੇ ਮੋਹ-ਪਿਆਰ ਅਤੇ ਅਪਣੱਤ ਦਾ ਪਾਤਰ ਸਦਾ ਸੋਹਣਾ ਹੁੰਦਾ ਹੈ। ਸਾਡੀ ਮਾਂ-ਬੋਲੀ, ਸਾਡੀ ਧਰਤੀ ਮਾਂ, ਇੱਥੋਂ ਦੀ ਪ੍ਰਕਿਰਤੀ, ਇੱਥੋਂ ਦੇ ਵਸਨੀਕ, ਉਨ੍ਹਾਂ ਦੇ ਕੱਦ-ਬੁੱਤ, ਰੰਗ-ਵੰਨ, ਨੈਣ-ਨਕਸ਼ ਸਾਰੇ ਸੋਹਣੇ ਹੁੰਦੇ ਹਨ। ਸੱਚ ਨਾ ਆਵੇ ਤਾਂ ਆਪਣੇ ਲੋਕ-ਗੀਤਾਂ ਵੱਲ ਜ਼ਰਾ ਝਾਤੀ ਮਾਰ ਲੈਣੀ ਬਣਦੀ ਹੈ। ਹਾਂ, ਸਾਡੀ ਨਜ਼ਰ ਤੇ ਸਾਡੇ ਸੁਹੱਪਣ ਦੇ ਮਾਪ ਸਹੀ ਹੋਣੇ ਜ਼ਰੂਰੀ ਹਨ।
ਧੂੜ ਉਡਾਉਂਦੀ ਤੇ ਨੈਣੀਂ ਰੜਕ ਪਾਉਂਦੀ ਇਸ਼ਤਿਹਾਰਬਾਜ਼ੀ ਨੇ ਸਾਨੂੰ ਭੁਚਲਾ ਕੇ ਰੱਖ ਦਿੱਤਾ ਹੈ ਤੇ ਅਸੀਂ ਭੁੱਲ ਹੀ ਗਏ ਹਾਂ ਕਿ ਸੁੰਦਰ ਕੌਣ ਹੈ? ਬਸ ਉਹੀ, ਜਿਹੜਾ ਇਸ਼ਤਿਹਾਰੇ ਜਾਂਦੇ ਪਹਿਰਾਵੇ, ਗਹਿਣੇ ਅਤੇ ਮੇਕ-ਅਪ ਦਾ ਸਾਮਾਨ ਵਰਤੇ। ਅੰਗਰੇਜ਼ਾਂ ਦੀ ਲੰਮਾ ਸਮਾਂ ਗ਼ੁਲਾਮੀ ਕਾਰਨ ਸਾਡੇ ਮਨਾਂ ਵਿੱਚ ਅਜੇ ਵੀ ਇਹ ਗੱਲ ਬੈਠੀ ਹੈ ਕਿ ਗੋਰੀ-ਚਿੱਟੀ ਚਮੜੀ ਵਾਲੇ ਹੀ ਸੋਹਣੇ ਹੁੰਦੇ ਹਨ। ਨਾਲੇ ‘ਮੇਕ-ਅਪ’ ਸਾਡੀ ਜ਼ੁਬਾਨ ਉੱਤੇ ਬੜਾ ਚੜਿ੍ਹਆ ਹੈ। ਇਸ ਦਾ ਮਤਲਬ ਹੈ ਕਮੀਆਂ ਨੂੰ ਲੁਕਾਉਣਾ। ਸੋ, ਸਾਡੀ ਧਾਰਨਾ ਹੀ ਬਣ ਗਈ ਹੈ ਕਿ ਸਾਡੀ ਚਮੜੀ ਦਾ ਰੰਗ, ਨੈਣ-ਨਕਸ਼ ਆਦਿ ਸਾਰੇ ਗ਼ਲਤ ਹਨ। ਇਸ ਵਾਸਤੇ, ਇਨ੍ਹਾਂ ‘ਕਮੀਆਂ’ ਨੂੰ ਲੁਕਾਉਣ ਦੇ ਸਾਧਨ ਭਾਵੇਂ ਮਹਿੰਗੇ ਹੀ ਹੋਣ, ਅਪਣਾਉਣੇ ਜ਼ਰੂਰੀ ਹਨ। ਕਿਉਂ ਬਈ, ਸਾਡੀ ਕੁਦਰਤੀ ਦਿੱਖ ਵਿੱਚ ਕੀ ਦੋਸ਼ ਹੈ? ਜ਼ਰਾ ਸਹਿਜ-ਭਾਅ ਆਪਣੇ ਚਿਹਰੇ ਉੱਤੇ ਇੱਕ ਮੁਸਕੜੀ ਸਜਾ ਕੇ ਸ਼ੀਸ਼ੇ ਨੂੰ ਪੁੱਛਣਾ ਕਿ ਲੋਹੜੇ ਦਾ ਸੋਹਣਾ ਕੌਣ ਹੈ?
ਐਵੇਂ ਗੁੰਮਰਾਹ ਹੋਣ ਨਾਲੋਂ ਸਾਨੂੰ ਆਪਣੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਸਰਾਹੁਣੀ ਬਣਦੀ ਹੈ। ਦਰੁਸਤ ਗੱਲ ਇਹ ਹੈ ਕਿ ਚੰਗੀਆਂ ਆਦਤਾਂ ਵਾਲਾ, ਰਿਸ਼ਟ-ਪੁਸ਼ਟ ਤੇ ਸਾਫ਼-ਸੁਥਰਾ ਬੰਦਾ ਆਕਰਸ਼ਕ ਤੇ ਸੋਹਣਾ ਹੁੰਦਾ ਹੈ। ਮਿਹਨਤੀ, ਸਚਿਆਰਾ, ਜਗਿਆਸੂ, ਹਸਮੁੱਖ, ਮਿਲਣਸਾਰ, ਸਦਗੁਣੀ, ਦਰਦਮੰਦ, ਉੱਦਮੀ ਤੇ ਮਿੱਠੀ ਬੋਲ-ਬਾਣੀ ਦਾ ਮਾਲਕ- ਮਾਨਵਤਾ ਨੂੰ ਉਚਿਆਉਣ ਵਾਲੇ ਸਾਡੇ ਧਰਮਾਂ ਵਿੱਚ ਅਜਿਹੇ ਆਚਰਣਿਕ ਗੁਣਾਂ ਦੀ ਹੀ ਤਾਂ ਸੋਭਾ ਹੈ। ਸਹਿਯੋਗ ਸਦਾ ਸਰਾਹੁਣ ਯੋਗ ਰਿਹਾ ਹੈ। ਇਵੇਂ ਠਰੰਮਾ ਤੇ ਸਹਿਜ ਜਿਹੇ ਗੁਣ ਵੀ ਅਮੁੱਲ ਹਨ।
ਕਈ ਮੁਲਕਾਂ ਵਿੱਚ ਸਵੇਰੇ ਸਵੇਰੇ, ਓਪਰਿਆਂ ਸਮੇਤ ਹਰ ਮਿਲਣ ਵਾਲੇ ਨੂੰ ‘ਸ਼ੁਭ-ਸਵੇਰ’ ਜਾਂ ਆਪਣੀ ਸਿੱਖਿਆ-ਦੀਖਿਆ ਅਨੁਸਾਰ ਸ਼ੁਭ-ਭਾਵਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਇਹ ਕਿਸੇ ਨੂੰ ਫੁੱਲ ਭੇਟ ਕਰਨ ਜਿਹਾ ਹੀ ਕਰਮ ਹੋਇਆ। ਆਸ਼ਾ ਇਹੋ ਕਿ ਸਾਡੇ ਹਿਰਦੇ ਦੀਆਂ ਤਰੰਗਾਂ ਨੂੰ ਜੀਵਨ-ਤਰੌਂਕਾ ਮਿਲਦਾ ਰਹੇ। ਠੀਕ ਹੀ ਤਾਂ ਹੈ ਕਿ ਸਾਡੇ ਚਿਹਰੇ ਉੱਤੇ ਖੇੜਾ ਪਸਰ ਜਾਵੇ ਭਾਵੇਂ ਪਲ ਦੋ ਪਲ ਹੀ ਸਹੀ।
ਸੋਹਣੇ ਲੋਕ ਹਰ ਥਾਂ ਹੁੰਦੇ ਹਨ, ਕਦੇ ਘੱਟ ਮਾਤਰਾ ਵਿੱਚ ਬੇਸ਼ੱਕ ਹੋਣ। ਕੀ ਕੋਈ ਕਿਸਾਨ ਖ਼ੁਸ਼ ਹੋਵੇਗਾ ਕਿ ਉਸ ਦੇ ਖੇਤਾਂ ਵਿੱਚ ਉੱਗੀ ਫ਼ਸਲ ਬਹੁਤ ਛਿੱਦੀ ਹੈ। ਨਹੀਂ, ਉੱਕਾ ਹੀ ਨਹੀਂ। ਗੁਣਾਂ ਦੀ ਖੇਤੀ ਵਧਦੀ ਅਤੇ ਫੈਲਦੀ ਹੈ, ਪਰ ਲੰਮਾ ਸਮਾਂ ਲੈ ਕੇ। ਇਸ ਵਾਸਤੇ ਹਰੇਕ ਨੂੰ ਵਿਅਕਤੀਗਤ ਤੇ ਸਮੂਹਿਕ ਰੂਪ ਵਿੱਚ ਨਿਰੰਤਰ ਯਤਨ ਕਰਦੇ ਰਹਿਣ ਦੀ ਲੋੜ ਹੈ। ਬਾਬਾ ਨਾਨਕ ਨੇ ਸਾਡੇ ਸਮਾਜ ਵਿੱਚ ਨਵੀਂ ਰੂਹ ਫੂਕਣ ਲਈ ਜਿਹੜੇ ਬੀਜ ਬੀਜੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਇੱਕ ਤੋਂ ਬਾਅਦ ਗੁਰੂ ਸਾਹਿਬਾਨ ਨੂੰ ਨਿਰੰਤਰ ਘਾਲ ਘਾਲਣੀ ਪਈ। ਸਾਡਾ ਜੀਵਨ, ਪਰਿਵਾਰ ਤੇ ਸਮਾਜ ਤਦੇ ਸੋਹਣੇ ਹੋਣਗੇ ਜੇਕਰ ਅਸੀਂ ਅਸਲੀ ਸੁਹੱਪਣ ਨੂੰ ਸੰਭਾਲਣ ਲਈ ਆਪਣਾ ਆਪਣਾ ਯੋਗਦਾਨ ਪਾਉਂਦੇ ਰਹਾਂਗੇ। ਕੋਈ ਚੰਗਾ ਕੰਮ ਕਰਦੈ ਤਾਂ ਉਸ ਨੂੰ ਸ਼ਾਬਾਸ਼ੇ ਦੇਣ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਸ ਦੇ ਅੰਦਰ ਦੀ ਚੰਗਿਆਈ ਵਧੇ ਫੁੱਲੇ। ਚੰਗਿਆਈ ਬਲ ਭਰਦੀ ਜਾਵੇਗੀ ਤਾਂ ਬੁਰਾਈ ਪਿਛਾਂਹ ਦੱਬ ਕੇ ਰਹਿ ਜਾਵੇਗੀ। ਹਾਂ-ਵਾਚੀ ਜੋ ਵੀ ਹੈ, ਉਸ ਸਦਕਾ ਹੋਰ ਹਾਂ-ਵਾਚੀ ਵਰਤਾਰਿਆਂ ਨੂੰ ਤਾਕਤ ਮਿਲਦੀ ਹੈ। ਸਾਡੇ ਆਲੇ-ਦੁਆਲੇ ਦੇ ਲੋਕ ਦੇਖੋ ਕਿੰਨੇ ਦਿਲਚਸਪ ਹਨ। ਸੁਭਾਅ, ਗੱਲ-ਬਾਤ ਕਰਨ ਦਾ ਲਹਿਜਾ, ਪਹਿਰਨ-ਪਚਰਨ ਦਾ ਤਰੀਕਾ, ਹਾਸਾ-ਠੱਠਾ ਸਾਰਾ ਕੁੱਝ ਵਿਲੱਖਣ।
ਮੈਂ ਆਪਣੇ ਮੁਹੱਲੇ ਦੇ ਕਿੰਨੇ ਹੀ ਬਜ਼ੁਰਗਾਂ ਨੂੰ ਭਰਪੂਰ ਜੁੱਸੇ, ਖੇੜੇ ਤੇ ਜੋਸ਼ ਵਿੱਚ ਨਿੱਤ ਵੇਖਦਾ ਹਾਂ। ਉਹ ਚੁਸਤ-ਦਰੁਸਤ ਰਹਿਣ ਲਈ ਸਵੇਰੇ ਸਵੇਰੇ ਸਾਈਕਲਾਂ ਉੱਤੇ ਗੱਭਰੀਟਾਂ ਵਾਂਗ ਉੱਡੇ ਫਿਰਦੇ ਹਨ। ਇਵੇਂ ਉਹ ਜਹਾਨ ਦੇ ਪਲ-ਪਲ ਬਦਲਦੇ ਰੰਗਾਂ ਦੇ ਨਾਲ ਮਿਲਦੇ ਹੋਏ ਭਰਪੂਰ ਜਿਊਂਦੇ ਹਨ। ਇੱਕ ਇਕੱਲੀ ਰਹਿੰਦੀ ਬਜ਼ੁਰਗ ਔਰਤ ਹੈ, ਪਰ ਕਦੇ ਮਿਲੋ, ਜਾਪਦੈ ਸਾਰਾ ਗਲੀ-ਮੁਹੱਲਾ ਉਸੇ ਦਾ ਹੈ, ਜਿੱਥੇ ਬੈਠੇ ਰੌਣਕਾਂ ਹੀ ਰੌਣਕਾਂ। ਇਹ ਸਰਸ਼ਾਰ ਕਰਦਾ ਸੁਹੱਪਣ ਸਾਡੇ ਰਾਹਾਂ ਵਿੱਚ ਮਿਲਦਾ ਹੈ, ਜਿਵੇਂ ਥਾਂ ਥਾਂ ਅਮਲਤਾਸ ਖਿੜੇ ਹੋਣ। ਸਿਰਜਣਹਾਰ ਨੇ ਹਰੇਕ ਨੂੰ ਵਿਲੱਖਣ ਦੌਲਤ ਦੇ ਨਾਲ ਮਾਲਾਮਾਲ ਕੀਤਾ ਹੈ। ਆਲੇ-ਦੁਆਲੇ ਇਹ ਕੁੱਝ ਹੈ ਤਾਂ ਬੰਦੇ ਨੂੰ ਜਿਊਣਾ ਚੰਗਾ ਲੱਗਦਾ ਹੈ। ਮੁਹੱਬਤ ਨਾਲ ਲਬਰੇਜ਼ ਜਿਊੜੇ ਨੂੰ ਇਹ ਦੁਨੀਆ ਤਦੇ ਦਿਲਕਸ਼ ਤੇ ਲੁਭਾਉਣੀ ਲੱਗਦੀ ਹੈ। ‘ਦੋ ਪਲ ਬਹਿ ਜਾਣਾ ਮੇਰੇ ਕੋਲ’ ਦੀ ਤਾਂਘ ਤਾਹੀਓਂ ਇੰਨੀ ਖੋਹ ਪਾਉਂਦੀ ਹੈ।
ਸੰਪਰਕ: 98141-57137