ਇਸ਼ਮੀਤ ਚੌਕ ਵਾਲਾ ਰੇਲਵੇ ਫਾਟਕ ਪੰਜ ਦਿਨ ਲਈ ਬੰਦ
ਸਤਵਿੰਦਰ ਬਸਰਾ
ਲੁਧਿਆਣਾ, 2 ਫਰਵਰੀ
ਰੇਲਵੇ ਵਿਭਾਗ ਵੱਲੋਂ ਇਸ਼ਮੀਤ ਚੌਕ ਨੇੜੇ ਪੈਂਦੇ ਰੇਲਵੇ ਫਾਟਕ ਨੂੰ ਲਾਈਨਾਂ ਦੀ ਮੁਰੰਮਤ ਅਤੇ ਹੋਰ ਵਿਸਥਾਰ ਲਈ 7 ਫਰਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਫਾਟਕ ਦੇ ਬੰਦ ਹੋਣ ਨਾਲ ਇਸ ਰਾਹ ਤੋਂ ਰੋਜ਼ਾਨਾ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਰੇਲਵੇ ਵਿਭਾਗ ਵੱਲੋਂ ਰੇਲਵੇ ਯਾਤਰਾ ਨੂੰ ਹੋਰ ਵਧੀਆ ਬਣਾਉਣ ਲਈ ਸਮੇਂ ਸਮੇਂ ’ਤੇ ਲਾਈਨਾਂ ਦੀ ਮੁਰੰਮਤ ਅਤੇ ਹੋਰ ਵਿਕਾਸ ਕਾਰਜ ਕੀਤੇ ਜਾਂਦੇ ਰਹਿੰਦੇ ਹਨ। ਇਸ ਤਹਿਤ ਰੇਲਵੇ ਵਿਭਾਗ ਵੱਲੋਂ ਹੁਣ ਲੁਧਿਆਣਾ ਦੇ ਈਸ਼ਮੀਤ ਚੌਕ ਦੇ ਨੇੜੇ ਪੈਂਦੇ ਰੇਲਵੇ ਫਾਟਕ ਨੂੰ 7 ਫਰਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਬੰਦ ਹੋਣ ਨਾਲ ਫਿਰੋਜ਼ਪੁਰ, ਪੱਖੋਵਾਲ ਪਾਸਿਓਂ ਮਾਡਲ ਟਾਊਨ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਟਰੈਫਿਕ ਘਟਾਉਣ ਲਈ ਭਾਵੇਂ ਬਦਲਵੇਂ ਰਾਹਾਂ ਵਜੋਂ ਪੱਖੋਵਾਲ ਰੋਡ ਅੰਡਰਪਾਸ ਅਤੇ ਰੇਲਵੇ ਓਵਰਬ੍ਰਿੱਜ ਅਹਿਮ ਭੂਮਿਕਾ ਨਿਭਾਅ ਰਹੇ ਹਨ ਪਰ ਕਈ ਲੋਕਾਂ ਨੂੰ ਪੰਜ ਮਿੰਟ ਦੇ ਸਫਰ ਲਈ ਹੁਣ ਅੱਧੇ ਤੋਂ ਪੌਣਾ ਘੱਟ ਵੱਧ ਸਮਾਂ ਲੱਗ ਸਕਦਾ ਹੈ। ਲੋਕਾਂ ਦੀ ਸਹੂਲਤ ਲਈ ਭਾਵੇਂ ਟ੍ਰੈਫਿਕ ਪੁਲੀਸ ਅਤੇ ਰੇਲਵੇ ਵੱਲੋਂ ਦਿਸ਼ਾ-ਨਿਰਦੇਸ਼ ਦੇ ਥਾਂ ਥਾਂ ਬੋਰਡ ਵੀ ਲਾਏ ਹੋਏ ਹਨ ਪਰ ਇਸ ਪਾਸੇ ਟ੍ਰੈਫਿਕ ਵੱਧ ਹੋਣ ਕਰਕੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਰੇਲਵੇ ਫਾਟਕ ਦੇ ਬੰਦ ਹੋਣ ਨਾਲ ਪੱਖੋਵਾਲ ਰੋਡ ’ਤੇ ਪੈਂਦੀ ਹੀਰੋ ਬੈਕਰੀ, ਮਾਡਲ ਟਾਊਨ ਐਕਸਟੈਨਸ਼ਨ ਪਾਸੇ ਕ੍ਰਿਸ਼ਨਾ ਮੰਦਿਰ ਵਾਲੀ ਸੜਕ, ਹਰਨਾਮ ਨਗਰ ਆਦਿ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ।