ਇਸਰੋ ਦਾ ਨਿਸ਼ਾਨਾ ਪੁਲਾੜ ਵਿੱਚ ਖੇਤੀ
ਟੀਵੀ ਵੈਂਕਟੇਸਵਰਨ
ਸੰਨ 1984 ਵਿੱਚ ਰੂਸ ਦੇ ਸੋਊਜ਼ ਸਪੇਸਕ੍ਰਾਫਟ ’ਤੇ ਰਾਕੇਸ਼ ਸ਼ਰਮਾ ਵੱਲੋਂ ਪੁਲਾੜ ਯਾਤਰਾ ਕਰਨ ਤੋਂ ਚਾਰ ਦਹਾਕੇ ਬਾਅਦ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਪੁਲਾੜ ਦੀ ਯਾਤਰਾ ਕਰਨ ਵਾਲੇ ਦੂਜੇ ਭਾਰਤੀ ਬਣਨ ਲਈ ਤਿਆਰੀ ਹਨ। ਇਤਿਹਾਸਕ ਐਕਜ਼ੀਉਮ ਸਪੇਸ ਮਿਸ਼ਨ-4 (ਏਐਕਸ-4) ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਦੇ ਫਾਲਕਨ 9 ਰਾਕੇਟ ’ਤੇ 11 ਜੂਨ ਨੂੰ ਲਾਂਚ ਲਈ ਤਿਆਰ ਹੈ। ਮੌਸਮ ਦੀ ਖ਼ਰਾਬੀ ਕਾਰਨ ਇਹ ਮਿਸ਼ਨ ਇੱਕ ਦਿਨ ਮੁਲਤਵੀ ਕਰਨਾ ਪਿਆ। ਪਹਿਲਾਂ ਇਸ ਨੇ 10 ਜੂਨ ਨੂੰ ਰਵਾਨਾ ਹੋਣਾ ਸੀ।
ਸ਼ੁਕਲਾ ਨਾਸਾ ਦੀ ਮਦਦ ਨਾਲ ਭਾਰਤੀ ਪੁਲਾੜ ਖੋਜ ਸੰਗਠਨ ‘ਇਸਰੋ’ ਅਤੇ ਭਾਰਤ ਦੇ ਜੈਵ ਤਕਨਾਲੋਜੀ ਵਿਭਾਗ ਦੇ ਸਾਂਝੇ ਉਦਮ ਤਹਿਤ ਖ਼ੁਰਾਕ ਅਤੇ ਪੋਸ਼ਣ ਨਾਲ ਸਬੰਧਿਤ ਤਜਰਬੇ ਕਰਨਗੇ। ਇਹ ਇਸਰੋ ਦੇ ਪੁਲਾੜ ਜੀਵ ਵਿਗਿਆਨ ਅਤੇ ਪੁਲਾੜ ਖੇਤੀਬਾੜੀ ਦੇ ਤਜਰਬਿਆਂ ਵਿੱਚ ਵੱਡਾ ਪਲ ਹੋਵੇਗਾ। ਸ਼ੁਕਲਾ ਨਾਸਾ ਦੇ ਵਿਉਂਤੇ ਮਨੁੱਖੀ ਖੋਜ ਪ੍ਰੋਗਰਾਮ ਦੇ ਪੰਜ ਸਾਂਝੇ ਅਧਿਐਨਾਂ ਵਿੱਚ ਵੀ ਹਿੱਸਾ ਲੈਣਗੇ।
ਲਗਭਗ 8000 ਸਾਲ ਪਹਿਲਾਂ ਸਿੰਧ ਦਰਿਆ ਦੇ ਜ਼ਰਖੇਜ਼ ਕੰਢਿਆਂ ਅਤੇ ਹੋਰ ਦਰਿਆਈ ਵਾਦੀ ਵਾਲੀਆਂ ਸਭਿਅਤਾਵਾਂ ’ਚ ਮੂਲ ਕਿਸਾਨਾਂ ਨੇ ਖ਼ੁਰਾਕ ਲਈ ਪੌਦੇ ਉਗਾਉਣ ਦੇ ਤਜਰਬੇ ਸ਼ੁਰੂ ਕੀਤੇ ਸਨ। ਮਾਨਵਤਾ ਦੀਆਂ ਸਭ ਤੋਂ ਵੱਡੀਆਂ ਕ੍ਰਾਂਤੀਆਂ ’ਚੋਂ ਇੱਕ, ਸਭ ਤੋਂ ਪਹਿਲੀ ਖੇਤੀਬਾੜੀ ਕ੍ਰਾਂਤੀ ਦਾ ਮੁੱਢ ਬੱਝਿਆ ਸੀ। ਸਿਰਫ਼ ਸ਼ਿਕਾਰ ਅਤੇ ਖਾਣਾ ਇਕੱਠਾ ਕਰਨ ’ਤੇ ਨਿਰਭਰ ਰਹਿਣ ਦੀ ਬਜਾਏ ਇਨ੍ਹਾਂ ਪ੍ਰਾਚੀਨ ਲੋਕਾਂ ਨੇ ਫ਼ਸਲਾਂ ਦੀ ਕਾਸ਼ਤ ਸ਼ੁਰੂ ਕੀਤੀ ਜਿਸ ਨਾਲ ਉਨ੍ਹਾਂ ਦੇ ਸਮੂਹ ਵਿਚ ਵੱਸਣ, ਵਾਧੂ ਭੋਜਨ ਅਤੇ ਸਭਿਅਤਾਵਾਂ ਦੇ ਉਥਾਨ ਦੇ ਰਾਹ ਖੁੱਲ੍ਹੇ।
ਮੁੱਢ ਤੋਂ ਤੇਜ਼ੀ ਨਾਲ ਅਜੋਕੇ ਸਮਿਆਂ ਵਿੱਚ ਆਉਂਦਿਆਂ ਅਸੀਂ ਉਭਰ ਰਹੇ ਪੁਲਾੜ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਹੋਰ ਲਾਮਿਸਾਲ ਮਾਅਰਕੇ ਦੇ ਕੰਢੇ ਖੜੋਤੇ ਹਾਂ। ਜਿਵੇਂ ਸਾਡੇ ਵੱਡ-ਵਡੇਰਿਆਂ ਨੇ ਧਰਤੀ ’ਤੇ ਫ਼ਸਲਾਂ ਉਗਾਉਣ ਦੀ ਖੋਜ ਕੀਤੀ ਸੀ, ਉਵੇਂ ਹੀ ਸਾਇੰਸਦਾਨ ਪੁਲਾੜ ਵਿੱਚ ਖੇਤੀਬਾੜੀ ਕਰਨ ਦੇ ਢੰਗ-ਤਰੀਕੇ ਲੱਭ ਰਹੇ ਹਨ। ਸ਼ੁਕਲਾ ਅਤੇ ਏਐਕਸ-4 ਦੇ ਚਾਲਕ ਦਸਤੇ ਦੇ ਹੋਰ ਮੈਂਬਰ ਬੀਜ ਪੁੰਗਰਨ ਅਤੇ ਮਾਈਕਰੋਗ੍ਰੈਵਿਟੀ ਜੋ ਪੁਲਾੜ ਵਿੱਚ ਲਗਭਗ ਭਾਰ ਰਹਿਤ ਵਾਤਾਵਰਨ ਹੁੰਦਾ ਹੈ, ਵਿੱਚ ਬੀਜ ਲਾਉਣ ਅਤੇ ਪੌਦਾ ਭੌਤਿਕ ਵਿਗਿਆਨ ਉੱਤੇ ਤਜਰਬੇ ਕਰਨਗੇ ਤਾਂ ਕਿ ਇਹ ਸਮਝਿਆ ਜਾ ਸਕੇ ਕਿ ਧਰਤੀ ਤੋਂ ਪਰ੍ਹੇ ਪੌਦਿਆਂ ਨੂੰ ਕਿਵੇਂ ਉਗਾਇਆ ਜਾ ਸਕਦਾ ਹੈ।
ਚੰਦਰਮਾ ਹੋਵੇ ਜਾਂ ਮੰਗਲ ਜਾਂ ਇਸ ਤੋਂ ਪਰ੍ਹੇ ਤੱਕ, ਗਹਿਰੇ ਪੁਲਾੜ ਵਿੱਚ ਮਨੁੱਖੀ ਉੱਦਮ ਦੇ ਤੌਰ ’ਤੇ ਸਾਨੂੰ ਤਾਜ਼ੇ ਭੋਜਨ ਦੀ ਲੋੜ ਪਵੇਗੀ। ਕੌਮਾਂਤਰੀ ਸਪੇਸ ਸਟੇਸ਼ਨ (ਆਈਐੱਸਐੱਸ) ’ਤੇ ਪੁਲਾੜ ਵਿਗਿਆਨੀਆਂ ਨੇ ਪਹਿਲਾਂ ਹੀ ਛੋਟੇ-ਛੋਟੇ ਬਾਗ਼ ਬਣਾਏ ਹੋਏ ਹਨ ਜੋ ਨਾ ਸਿਰਫ਼ ਪੋਸ਼ਣ ਲਈ ਸਗੋਂ ਮਾਨਸਿਕ ਬਿਹਤਰੀ ਲਈ ਵੀ ਹਨ। ਧਰਤੀ ਤੋਂ ਸੈਂਕੜੇ ਕਿਲੋਮੀਟਰਾਂ ਦੂਰ ਕਿਆਸ ਕਰੋ; ਕੋਈ ਸਾਧਾਰਨ ਹਰਾ ਪੌਦਾ ਸਾਨੂੰ ਘਰ ਦਾ ਖੁਸ਼ਨੁਮਾ ਚੇਤਾ ਕਰਾਉਂਦਾ ਹੈ।
ਉਂਝ, ਪੁਲਾੜ ਖੇਤੀ ਮਹਿਜ਼ ਸਹੂਲਤ ਲਈ ਨਹੀਂ ਹੈ ਸਗੋਂ ਜ਼ਿੰਦਾ ਰਹਿਣ ਲਈ ਹੈ। ਜਦੋਂ ਪੁਲਾੜ ਵਿਗਿਆਨੀ ਲੰਮ-ਚਿਰੇ ਮਿਸ਼ਨਾਂ ’ਤੇ ਜਾਂਦੇ ਹਨ ਤਾਂ ਉਹ ਸਿਰਫ਼ ਡੱਬਾਬੰਦ ਖ਼ੁਰਾਕ ’ਤੇ ਨਹੀਂ ਰਹਿ ਸਕਦੇ ਜੋ ਸਮਾਂ ਪਾ ਕੇ ਖਰਾਬ ਹੋ ਜਾਂਦਾ ਹੈ ਜਿਸ ਨਾਲ ਸਿਹਤ ਸਬੰਧੀ ਉਲਝਣਾਂ ਪੈਦਾ ਹੋ ਜਾਂਦੀਆਂ ਹਨ। ਇਤਿਹਾਸ ਸਾਨੂੰ ਦਿਖਾਉਂਦਾ ਹੈ ਕਿ ਜਦੋਂ ਮਨੁੱਖ ਲਈ ਭੋਜਨ ਦੀ ਕਮੀ ਪੈਦਾ ਹੁੰਦੀ ਹੈ ਤਾਂ ਕੀ ਹੁੰਦਾ ਹੈ। ਕੋਈ ਸਮਾਂ ਸੀ ਜਦੋਂ ਜਹਾਜ਼ੀਆਂ ਨੂੰ ‘ਵਿਟਾਮਿਨ ਸੀ’ ਦੀ ਕਮੀ ਕਰ ਕੇ ਸਕਰਵੀ ਦੀ ਬਿਮਾਰੀ ਹੋ ਜਾਂਦੀ ਸੀ। ਪੁਲਾੜ ਵਿੱਚ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਵਿਗਿਆਨੀ ਸਪੇਸਕ੍ਰਾਫਟ ਵਿੱਚ ਤਾਜ਼ਾ ਤੇ ਪੋਸ਼ਣ ਭਰਪੂਰ ਉਪਜ ਲੈਣ ’ਤੇ ਕੰਮ ਕਰ ਰਹੇ ਹਨ।
ਇੱਥੋਂ ਤਕ ਕਿ ਕੁਝ ਪੌਦੇ, ਸਪੇਸ ਫਾਰਮੇਸੀਆਂ ਵੀ ਬਣ ਸਕਦੇ ਹਨ। ਖੋਜਕਾਰ ਪੱਤੇਦਾਰ ਫ਼ਸਲਾਂ ਜੋ ਹੱਡੀਆਂ ਦੇ ਨੁਕਸਾਨ ਦੀ ਰੋਕਥਾਮ ਲਈ ਪ੍ਰੋਟੀਨ ਪੈਦਾ ਕਰਨ ’ਚ ਮਦਦ ਕਰ ਸਕਦੇ ਹਨ, ਪੈਦਾ ਕਰ ਰਹੇ ਹਨ। ਇਹ ਘੱਟ ਗੁਰੂਤਾ ’ਚ ਰਹਿਣ ਵਾਲੇ ਪੁਲਾੜ ਵਿਗਿਆਨੀਆਂ ਲਈ ਅਹਿਮ ਮੁੱਦਾ ਹੈ। ਆਪਣੀਆਂ ਸਾਰੀਆਂ ਦਵਾਈਆਂ ਲਿਜਾਣ ਦੀ ਬਜਾਏ ਪੁਲਾੜ ਯਾਤਰੀ ਆਪੋ-ਆਪਣੇ ਔਸ਼ਧੀ ਪੌਦੇ ਉਗਾ ਸਕਣਗੇ। ਹਜ਼ਾਰਾਂ ਸਾਲਾਂ ਤੋਂ ਕਿਸਾਨਾਂ ਨੇ ਸਾਧਾਰਨ ਜਿਹੇ ਨੇਮ ਨਾਲ ਕੰਮ ਕੀਤਾ ਹੈ: ਜੜ੍ਹਾਂ ਹੇਠਾਂ ਅਤੇ ਫੁੱਲਪੱਤੀਆਂ ਉਤਾਂਹ ਜਾਂਦੀਆਂ ਹਨ। ਪਰ ਕਿਉਂ? ਪੌਦੇ ਨੂੰ ਇਹ ਕਿਵੇਂ ਪਤਾ ਲੱਗਦਾ ਹੈ ਕਿ ਕਿਸ ਪਾਸੇ ਜਾਣਾ ਹੈ?
1880 ਵਿੱਚ ਚਾਰਲਸ ਡਾਰਵਿਨ ਨੇ ਅਜੀਬ ਚੀਜ਼ ਹੁੰਦੀ ਦੇਖੀ ਸੀ ਜਦੋਂ ਕਿਸੇ ਢਲਾਣ ’ਤੇ ਪੌਦੇ ਉੱਗਦੇ ਹਨ ਤਾਂ ਉਨ੍ਹਾਂ ਦੀਆਂ ਜੜ੍ਹਾਂ ਸਿਰਫ਼ ਸਿੱਧੀਆਂ ਹੇਠਾਂ ਨਹੀਂ ਜਾਂਦੀਆਂ, ਸਗੋਂ ਮੋੜ ਘੋੜ ਪਾ ਕੇ ਹੇਠਾਂ ਜਾਂਦੀਆਂ ਹਨ। ਉਸ ਨੇ ਸੋਚਿਆ ਕਿ ਗੁਰੂਤਾ ਅਤੇ ਧਰਾਤਲ ਦੇ ਸੰਪਰਕ ਨਾਲ ਇਹ ਮੋੜ ਘੋੜ ਪੈਦਾ ਹੋਏ ਹਨ। ਪਿਛਲੀ ਇੱਕ ਸਦੀ ਤੋਂ ਵਿਗਿਆਨੀ ਇਸ ਗੱਲ ’ਤੇ ਸਹਿਮਤ ਸਨ ਪਰ 2010 ਵਿੱਚ ਆਈਐੱਸਐੱਸ ’ਤੇ ਹੋਏ ਤਜਰਬੇ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਪੁਲਾੜ ਜਿੱਥੇ ਗੁਰੂਤਾ ਦੀ ਲਗਭਗ ਅਣਹੋਂਦ ਹੁੰਦੀ ਹੈ, ਵਿੱਚ ਅਜੇ ਵੀ ਜੜ੍ਹਾਂ ਵਿੰਗ-ਵਲ ਵਾਲੀਆਂ ਹੁੰਦੀਆਂ ਹਨ। ਇਸ ਦਾ ਮਤਲਬ ਹੈ ਕਿ ਗੁਰੂਤਾ ਪੌਦੇ ਦੇ ਵਿਕਾਸ ਦਾ ਇਕਮਾਤਰ ਬਲ ਨਹੀਂ ਹੁੰਦਾ। ਫਿਰ ਇਹ ਕੀ ਹੈ?
ਧਰਤੀ ’ਤੇ ਜੀਵਨ ਗੁਰੂਤਾ ਦੀ ਖਿੱਚ ਤਹਿਤ ਵਿਕਸਤ ਹੋਇਆ। ਜੜ੍ਹਾਂ ਪਾਣੀ ਤੇ ਪੋਸ਼ਕ ਤੱਤਾਂ ਖ਼ਾਤਿਰ ਹੇਠਾਂ ਜਾਂਦੀਆਂ ਹਨ; ਲਗਰਾਂ ਸੂਰਜ ਦੀ ਰੌਸ਼ਨੀ ਲਈ ਉਤਾਂਹ ਜਾਂਦੀਆਂ ਹਨ, ਪਰ ਪੁਲਾੜ ਵਿੱਚ ਗੁਰੂਤਾ ਤੋਂ ਬਿਨਾਂ ਪੌਦੇ ਵੱਖਰੀ ਤਰ੍ਹਾਂ ਵਿਹਾਰ ਕਰਦੇ ਹਨ। ਵਿਗਿਆਨੀਆਂ ਨੇ ਪਤਾ ਲਾਇਆ ਹੈ ਕਿ ਪੌਦੇ ਆਪਣੇ ਜੀਨ ਪ੍ਰਗਟਾਵੇ ਬਦਲ ਕੇ ਮਾਈਕਰੋਗ੍ਰੈਵਿਟੀ ਮੁਤਾਬਿਕ ਢਲਦੇ ਹਨ। ਮਿਸਾਲ ਦੇ ਤੌਰ ’ਤੇ ਪੁਲਾੜ ਵਿੱਚ ਪੌਦੇ ਪੱਤਿਆਂ ਵਾਂਗ ਵਿਹਾਰ ਕਰਦੇ ਹਨ, ਰੌਸ਼ਨੀ ਸੰਵੇਦੀ ਜੀਨਾਂ ਨੂੰ ਸਰਗਰਮ ਕਰਦੇ ਹਨ ਜੋ ਆਮ ਤੌਰ ’ਤੇ ਧਰਤੀ ’ਤੇ ਕਾਰਜਸ਼ੀਲ ਨਹੀਂ ਹੁੰਦੇ। ਪੁਲਾੜ ਵਿੱਚ ਕੀਟ ਨਹੀਂ ਹੁੰਦੇ, ਫਿਰ ਵੀ ਪੱਤੇ ਜੀਵ ਰੱਖਿਆ ਰਸਾਇਣ ਪੈਦਾ ਕਰਦੇ ਹਨ। ਇਨ੍ਹਾਂ ਤਬਦੀਲੀਆਂ ਤੋਂ ਪਤਾ ਲੱਗਦਾ ਹੈ ਕਿ ਪੁਲਾੜ ਵਿੱਚ ਪੈਦਾ ਹੋਣ ਵਾਲੇ ਪੌਦੇ ਵਿਲੱਖਣ ਲੱਛਣ ਵਿਕਸਤ ਕਰ ਸਕਦੇ ਹਨ ਜਿਨ੍ਹਾਂ ’ਚੋਂ ਕੁਝ ਹੋਰਾਂ ਨੂੰ ਜ਼ਿਆਦਾ ਸਖ਼ਤ ਜਾਂ ਵਧੇਰੇ ਪੋਸ਼ਕ ਬਣਾ ਸਕਦੇ ਹਨ।
ਏਐਕਸ-4 ਮਿਸ਼ਨ ਦਾ ਹਿੱਸਾ ਬਣੇ ਦੋ ਦਿਲਚਸਪ ਭਾਰਤੀ ਪ੍ਰਯੋਗ ਇਹ ਰਹੱਸ ਖੋਲ੍ਹਣ ’ਚ ਮਦਦ ਕਰ ਰਹੇ ਹਨ। ਪਹਿਲਾ ਪ੍ਰਯੋਗ ‘ਸਪ੍ਰਾਉਟਿੰਗ ਸੈਲੱਡ ਸੀਡਜ਼ ਇਨ ਸਪੇਸ’ ਧਾਰਵਾੜ ਦੀ ਖੇਤੀ ਵਿਗਿਆਨ ਯੂਨੀਵਰਸਿਟੀ ਤੇ ਆਈਆਈਟੀ ਧਾਰਵਾੜ ਦੁਆਰਾ ਕੀਤਾ ਜਾ ਰਿਹਾ ਹੈ। ਇਹ ਅਧਿਐਨ ਪੁਲਾੜ ’ਚ ਪੁੰਗਰੇ ਮੇਥੀ ਤੇ ਹਰੇ ਛੋਲਿਆਂ ਦੇ ਬੀਜਾਂ ਦੀ ਤੁਲਨਾ ਧਰਤੀ ’ਤੇ ਫੁੱਟੇ ਬੀਜਾਂ ਨਾਲ ਕਰਦਾ ਹੈ। ਇਹ ਜਾਂਚਦਾ ਹੈ ਕਿ ਕੀ ਪੁਲਾੜ ’ਚ ਪੁੰਗਰੇ ਬੀਜ ਖਾਣ ਲਈ ਸੁਰੱਖਿਅਤ ਹਨ ਤੇ ਜ਼ਹਿਰਾਂ ਜਾਂ ਨੁਕਸਾਨਦੇਹ ਸੂਖਮ ਜੀਵਾਣੂਆਂ ਤੋਂ ਮੁਕਤ ਹਨ?
ਦੂਜਾ ਪ੍ਰਯੋਗ ‘ਖ਼ੁਰਾਕੀ ਫ਼ਸਲ ਬੀਜਾਂ ’ਤੇ ਸੂਖਮ ਗੁਰੂਤਾ ਦਾ ਅਸਰ’ ਭਾਰਤੀ ਪੁਲਾੜ ਵਿਗਿਆਨ ਤੇ ਤਕਨੀਕ ਸੰਸਥਾ ਅਤੇ ਕੇਰਲਾ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਛੇ ਫ਼ਸਲਾਂ ਦੇ ਬੀਜ ਪੁਲਾੜ ਦੀਆਂ ਸਥਿਤੀਆਂ ’ਚ ਰੱਖੇ ਜਾਣਗੇ, ਫਿਰ ਧਰਤੀ ’ਤੇ ਵਾਪਸ ਲਿਆਂਦੇ ਜਾਣਗੇ। ਖੋਜਕਰਤਾ ਉਨ੍ਹਾਂ ਦੇ ਵਾਧੇ ਨੂੰ ਜਾਂਚਣਗੇ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਪੁਲਾੜ ਸਬੰਧਿਤ ਤਬਦੀਲੀਆਂ ਦੇ ਸਿੱਟੇ ਵਜੋਂ ਉਪਜ ਜਾਂ ਲਚਕੀਲੇਪਣ ’ਚ ਫ਼ਰਕ ਆਉਂਦਾ ਹੈ ਜਾਂ ਨਹੀਂ?
ਧਰਤੀ ’ਤੇ ਪੌਦਿਆਂ ਦਾ ਅਧਿਐਨ ਕਰਦੇ ਸਮੇਂ ਅਸੀਂ ਉਨ੍ਹਾਂ ਅੰਦਰਲੀ ਕਿਰਿਆ ਵਿੱਚ ਸਿਰਫ਼ ‘ਕੀ ਹੈ’ ਦੇਖਦੇ ਹਾਂ, ‘ਕੀ ਹੋ ਸਕਦਾ ਹੈ’ ਨਹੀਂ। ਆਮ ਗੁਰੂਤਾ ਵਿੱਚ ਅਸੀਂ ਜ਼ਮੀਨੀ ਕੰਟਰੋਲ ਨਾਲ ਸੂਖਮ ਗੁਰੂਤਾ (ਪੁਲਾੜ ਜਹਾਜ਼ ’ਤੇ) ਵਿੱਚ ਵਾਧੇ ਦੀ ਤੁਲਨਾ ਕਰ ਕੇ ਬੁਨਿਆਦੀ ਜੀਵ ਵਿਗਿਆਨਕ ਸਚਾਈਆਂ ਦਾ ਪਤਾ ਲਗਾਉਂਦੇ ਹਾਂ। ਪੌਦਿਆਂ, ਸੈੱਲਾਂ ਅਤੇ ਸੂਖਮ ਜੀਵਾਣੂਆਂ ਨਾਲ ਇਹ ਪੁਲਾੜ ਪ੍ਰਯੋਗ ਵਾਧੇ ਅਤੇ ਵਿਕਾਸ ਦੇ ਲੁਕਵੇਂ ਪਹਿਲੂਆਂ ਨੂੰ ਪ੍ਰਗਟ ਕਰਦੇ ਹਨ ਜੋ ਗ੍ਰੈਵਿਟੀ (ਗੁਰੂਤਾ) ਆਮ ਤੌਰ ’ਤੇ ਢੱਕ ਲੈਂਦੀ ਹੈ। ਅਜਿਹੀ ਖੋਜ ਪੌਦਿਆਂ ਦੇ ਜੀਵ ਵਿਗਿਆਨ ਬਾਰੇ ਬੇਮਿਸਾਲ ਸਮਝ ਮੁਹੱਈਆ ਕਰਦੀ ਹੈ ਜੋ ਕੇਵਲ ਧਰਤੀ ਆਧਾਰਿਤ ਅਧਿਐਨ ਪ੍ਰਾਪਤ ਨਹੀਂ ਕਰ ਸਕਦੇ।
ਚੰਦਰਮਾ ਜਾਂ ਮੰਗਲ ’ਤੇ ਭਵਿੱਖੀ ਕਲੋਨੀਆਂ ਵਸਾਉਣ ਵਾਸਤੇ, ਪੁਲਾੜ ਵਿੱਚ ਪੌਦੇ ਕਿਵੇਂ ਵਧਦੇ ਹਨ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਧਰਤੀ ਤੋਂ ਪਰੇ ਨਿਪੁੰਨਤਾ ਨਾਲ ਖੇਤੀ ਕਰ ਸਕਦੇ ਹਾਂ ਤਾਂ ਪੁਲਾੜ ਯਾਤਰੀਆਂ ਨੂੰ ਲਗਾਤਾਰ ਮੁੜ ਸਪਲਾਈ ਮਿਸ਼ਨਾਂ ਦੀ ਲੋੜ ਨਹੀਂ ਪਵੇਗੀ; ਉਹ ਆਪਣਾ ਭੋਜਨ ਖੁਦ ਉਗਾਉਣਗੇ।
ਜਿਵੇਂ ਸਿੰਧ ਘਾਟੀ ਦੇ ਕਿਸਾਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਖੇਤੀਬਾੜੀ ਵਿੱਚ ਕ੍ਰਾਂਤੀ ਲਿਆਂਦੀ ਸੀ, ਉਸੇ ਤਰ੍ਹਾਂ ਅੱਜ ਦੇ ਵਿਗਿਆਨੀ ਅਗਲੀ ਮਹਾਨ ਖੇਤੀ ਕ੍ਰਾਂਤੀ ਦਾ ਰਾਹ ਪੱਧਰਾ ਕਰ ਰਹੇ ਹਨ; ਅਜਿਹੀ ਕ੍ਰਾਂਤੀ ਜੋ ਤਾਰਿਆਂ ਅੰਦਰ ਮਨੁੱਖਤਾ ਨੂੰ ਕਾਇਮ ਰੱਖ ਸਕਦੀ ਹੈ। ਖੇਤੀ ਦੀ ਦਾਸਤਾਨ ਅਜੇ ਵੀ ਲਿਖੀ ਜਾ ਰਹੀ ਹੈ ਅਤੇ ਅਗਲਾ ਅਧਿਆਏ ਨਾ ਸਿਰਫ਼ ਧਰਤੀ ’ਤੇ ਬਲਕਿ ਬ੍ਰਹਿਮੰਡ ਵਿੱਚ ਵੀ ਹੋ ਸਕਦਾ ਹੈ।
*ਲੇਖਕ ਆਈਆਈਐੱਸਈਆਰ ਮੁਹਾਲੀ ’ਚ ਵਿਜ਼ਿਟਿੰਗ ਪ੍ਰੋਫੈਸਰ ਹਨ।