ਇਲਾਜ ਦੌਰਾਨ ਸੱਤ ਮਹੀਨਿਆਂ ਦੀ ਬੱਚੀ ਦੀ ਮੌਤ
ਪੱਤਰ ਪ੍ਰੇਰਕ
ਫਗਵਾੜਾ, 13 ਅਪਰੈਲ
ਇੱਥੋਂ ਦੇ ਬੰਗਾ ਰੋਡ ’ਤੇ ਸਥਿਤ ਬੱਚਿਆਂ ਦੇ ਹਸਪਤਾਲ ’ਚ ਇੱਕ 7 ਮਹੀਨਿਆਂ ਦੀ ਬੱਚੀ ਦੀ ਮੌਤ ਹੋਣ ਕਾਰਨ ਪਰਿਵਾਰਿਕ ਮੈਂਬਰਾ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਹਸਪਤਾਲ ਦੀ ਭੰਨ-ਤੋੜ ਵੀ ਹੋਈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਨੂੰ ਸ਼ਾਂਤ ਕੀਤਾ। ਪਿੰਡ ਕਿਸ਼ਨਪੁਰ ਦੇ ਤੇਗ ਅਲੀ ਨਾਮੀ ਵਿਅਕਤੀ ਦੀ ਪੁੱਤਰੀ ਨੂੰ ਇਲਾਜ ਲਈ ਇਸ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਸਪਤਾਲ ਦੇ ਡਾਕਟਰ ਅਮਨ ਅਰੋੜਾ ਨੇ ਦੱਸਿਆ ਕਿ ਅੱਜ ਛੁੱਟੀ ਹੋਣ ਦੇ ਬਾਵਜੂਦ ਉਕਤ ਪਰਿਵਾਰ ਨੂੰ ਕੋਈ ਜਾਣਕਾਰ ਵਿਅਕਤੀ ਲੈ ਕੇ ਆਇਆ ਸੀ। ਲੜਕੀ ਨੂੰ ਉਲਟੀਆਂ ਤੇ ਦਸਤ ਦੀ ਸ਼ਿਕਾਇਤ ਸੀ। ਉਨ੍ਹਾਂ ਪਰਿਵਾਰਿਕ ਮੈਂਬਰਾਂ ਨੂੰ ਲੜਕੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਜਲੰਧਰ ਲਿਜਾਉਣ ਲਈ ਕਿਹਾ ਸੀ ਪਰ ਪਰਿਵਾਰ ਨਹੀਂ ਮੰਨਿਆ ਤੇ ਉਨ੍ਹਾਂ ਆਪਣਾ ਫ਼ਰਜ਼ ਨਿਭਾਉਂਦਿਆਂ ਜੋ ਵੀ ਇਲਾਜ ਸੰਭਵ ਸੀ ਉਹ ਕੀਤਾ ਹੈ। ਮੌਕੇ ’ਤੇ ਪੁੱਜੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਕਾਰਵਾਈ ਲਈ ਅਜੇ ਕੋਈ ਸ਼ਿਕਾਇਤ ਨਹੀਂ ਆਈ ਹੈ।