ਇਲਾਜ ਦੌਰਾਨ ਮਹਿਲਾ ਦੀ ਮੌਤ ਮਗਰੋਂ ਪਰਿਵਾਰ ਵੱਲੋਂ ਪ੍ਰਦਰਸ਼ਨ
ਹਰਜੀਤ ਸਿੰਘ
ਜ਼ੀਰਕਪੁਰ, 8 ਜੂਨ
ਇਥੋਂ ਦੇ ਢਕੌਲੀ ਇਲਾਕੇ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਪਿੱਤੇ ਦੀ ਪੱਥਰੀ ਦਾ ਇਲਾਜ ਕਰਵਾਉਣ ਆਈ ਔਰਤ ਦੀ ਮੌਤ ਹੋਣ ਮਗਰੋਂ ਰੋਹ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਡਾਕਟਰ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਹਸਪਤਾਲ ਵਿੱਚ ਪ੍ਰਦਰਸ਼ਨ ਕੀਤਾ। ਢਕੌਲੀ ਪੁਲੀਸ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕੀਤਾ। ਇਸ ਤੋਂ ਬਾਅਦ ਪੁਲੀਸ ਨੇ ਮ੍ਰਿਤਕ ਦੇ ਪਤੀ ਤੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਡੀਡੀਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਜੇ ਕੁਮਾਰ ਵਾਸੀ ਰਾਏਪੁਰ ਵਿਰਾਨ ਨੇ ਦੱਸਿਆ ਕਿ ਉਸ ਦੀ ਪਤਨੀ ਸੁਨੀਤਾ (36) ਦੇ ਪਿੱਤੇ ਵਿੱਚ ਪਥਰੀ ਸੀ। ਉਸ ਨੇ ਛੇ ਜੂਨ ਨੂੰ ਸੁਨੀਤਾ ਨੂੰ ਦਰਦ ਹੋਣ ਕਾਰਨ ਸ਼ਾਮ ਨੂੰ ਹਸਪਤਾਲ ਦਾਖ਼ਲ ਕਰਵਾਇਆ ਸੀ। ਡਾਕਟਰ ਨੇ ਕਿਹਾ ਕਿ ਉਸ ਦੀ ਪਤਨੀ ਵਿੱਚ ਖੂਨ ਦੀ ਕਮੀ ਹੈ ਅਤੇ ਦਰਦ ਬੰਦ ਹੋਣ ਮਗਰੋਂ ਹੀ ਅਪਰੇਸ਼ਨ ਹੋ ਸਕਦਾ ਹੈ। ਸੱਤ ਜੂਨ ਨੂੰ ਡਾਕਟਰਾਂ ਨੇ ਸੁਨੀਤਾ ਨੂੰ ਖੂਨ ਚੜ੍ਹਾਇਆ ਜਿਸ ਮਗਰੋਂ ਦਰਦ ਬੰਦ ਹੋ ਗਿਆ। ਸ਼ਾਮ ਨੂੰ ਡਾਕਟਰ ਨੇ ਉਸ ਦੀ ਪਤਨੀ ਦਾ ਅਪਰੇਸ਼ਨ ਸ਼ੁਰੂ ਕੀਤਾ ਤੇ ਰਾਤ ਕਰੀਬ ਨੌਂ ਵਜੇ ਡਾਕਟਰ ਨੇ ਕਿਹਾ ਕਿ ਉਸ ਨੂੰ ਹੋਰ ਖੂਨ ਚੜ੍ਹਾਉਣਾ ਪੈਣਾ ਹੈ। ਅੱਠ ਜੂਨ ਨੂੰ ਸਵੇਰ ਦੇ ਕਰੀਬ 2.30 ਤੇ ਡਾਕਟਰ ਨੇ ਕਿਹਾ ਕਿ ਸੁਨੀਤਾ ਦੀ ਹਾਲਤ ਨਾਜ਼ੁਕ ਹੈ। ਸੁਨੀਤਾ ਨੂੰ ਸਵੇਰੇ ਪੰਚਕੂਲਾ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਹਸਪਤਾਲ ਦੇ ਪ੍ਰਬੰਧਕਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਡੀਐੱਸਪੀ ਜਸਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।