ਇਪਸਾ ਵੱਲੋਂ ਪੁਰਸਕਾਰ ਵੰਡ ਸਮਾਰੋਹ ਅਤੇ ਕਵੀ ਦਰਬਾਰ
ਸਰਬਜੀਤ ਸਿੰਘ
ਬ੍ਰਿਸਬਨ: ਆਸਟਰੇਲੀਆ ਦੇ ਸੂਬੇ ਕਵੀਨਜ਼ਲੈਂਡ ਦੇ ਸਦਰ ਮੁਕਾਮ ਬ੍ਰਿਸਬਨ ਵਿਖੇ ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਆਪਣਾ ਸਾਲਾਨਾ ਸਮਾਗਮ ਕਰਵਾਇਆ ਗਿਆ। ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਹੋਏ ਇਸ ਪ੍ਰੋਗਰਾਮ ਦੌਰਾਨ ਇੰਡੋਜ਼ ਹੋਲਡਿੰਗਜ਼ ਵੱਲੋਂ ਪੰਜ ਸਾਲਾਂ ਬਾਅਦ ਦਿੱਤੇ ਜਾਣ ਵਾਲੇ ਇੰਡੋਜ਼ ਆਈਕੋਨ ਐਵਾਰਡ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਰਬਜੀਤ ਸੋਹੀ ਨੇ ਇਪਸਾ ਦੇ ਪੰਜਾਂ ਵਿੰਗਾਂ ਖੇਡਾਂ ਇਨਡੋਰ, ਖੇਡਾਂ ਆਊਟਡੋਰ, ਸਾਹਿਤ, ਸੰਗੀਤ ਅਤੇ ਸੱਭਿਆਚਾਰ ਨਾਲ ਸਬੰਧਤ ਅਕਾਦਮੀਆਂ ਦੀ ਰੂਪ-ਰੇਖਾ, ਕਾਰਜ ਖੇਤਰ ਅਤੇ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇੰਡੋਜ਼ ਹੋਲਡਿੰਗਜ਼ ਦੇ ਪ੍ਰਧਾਨ ਰਛਪਾਲ ਹੇਅਰ ਨੇ 1980 ਤੋਂ ਲੈ ਕੇ 2010 ਤੱਕ ਇੰਡੋਜ਼ ਸਿੱਖ ਕਮਿਊਨਿਟੀ ਸੈਂਟਰ ਦੇ ਨਿਰਮਾਣ ਤੱਕ ਦਾ ਸਫ਼ਰ ਤੇ ਉਸ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇੰਡੋਜ਼ ਦੇ ਸਪੋਰਟਸ ਡਾਇਰੈਕਟਰ ਬਲਦੇਵ ਸਿੰਘ ਨਿੱਜਰ ਨੇ ਇੰਗਲੈਂਡ ਤੋਂ ਆਸਟਰੇਲੀਆ ਆ ਕੇ ਮੁਸ਼ਕਿਲਾਂ ਭਰੇ ਸਫ਼ਰ ਅਤੇ ਸੀਮਤ ਸਾਧਨਾਂ ਨਾਲ ਕੀਤੇ ਵੱਡੇ ਉਪਰਾਲਿਆਂ ਦੀ ਕਹਾਣੀ ਸਾਂਝੀ ਕੀਤੀ। ਇਪਸਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਨੇ ਪੰਜਾਬੀ ਅਖ਼ਬਾਰ, ਪਹਿਲੇ ਕਵੀ ਦਰਬਾਰ ਅਤੇ ਹੋਰ ਪਹਿਲਕਦਮੀਆਂ ਬਾਰੇ ਦੱਸਿਆ। ਪ੍ਰੋਗਰਾਮ ਦੇ ਅਗਲੇ ਭਾਗ ਵਿੱਚ ਇਪਸਾ ਦੇ ਮੌਜੂਦਾ ਪ੍ਰਧਾਨ ਰੁਪਿੰਦਰ ਸੋਜ਼ ਨੇ ਮੰਚ ਸੰਭਾਲਦਿਆਂ ਤ੍ਰੈ-ਭਾਸ਼ਾਈ ਵਿਸ਼ੇਸ ਪ੍ਰੋਗਰਾਮ ਤਹਿਤ ਹਿੰਦੀ ਦੀ ਸ਼ਾਇਰਾ ਸੋਮਿਆ ਪ੍ਰਧਾਨ, ਊਰਦੂ ਦੇ ਸ਼ਾਇਰ ਡਾ. ਅਬੂ ਬਕਰ ਅਤੇ ਪੰਜਾਬੀ ਦੇ ਗੀਤਕਾਰ ਹਰਬੰਸ ਮਾਲਵਾ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ। ਤਿੰਨਾਂ ਕਵੀਆਂ ਨੂੰ ਇਪਸਾ ਵੱਲੋਂ ਵਿਸ਼ੇਸ਼ ਐਵਾਰਡ ਆਫ ਆਨਰ ਦਿੱਤਾ ਗਿਆ। ਸਮਾਗਮ ਦੇ ਅਗਲੇ ਹਿੱਸੇ ਵਿੱਚ ਇੰਡੋਜ਼ ਹੋਲਡਿੰਗਜ਼ ਆਸਟਰੇਲੀਆ ਵੱਲੋਂ ਆਪਣੇ ਪਹਿਲੇ ਪਰਿਵਾਰਾਂ ਦੀ ਆਮਦ ਨਾਲ ਸ਼ੁਰੂ ਹੋਈਆਂ ਸਰਗਰਮੀਆਂ ਰਚਾਉਣ ਵਾਲੇ ਪ੍ਰੀਤਮ ਝੱਜ, ਇਪਸਾ ਦੇ ਪਹਿਲੇ ਪ੍ਰਧਾਨ ਜਰਨੈਲ ਬਾਸੀ, ਇੰਡੋਜ਼ ਲਾਇਬ੍ਰੇਰੀ ਦੇ ਇੰਚਾਰਜ ਦਲਵੀਰ ਹਲਵਾਰਵੀ, ਇਪਸਾ ਦੀ ਨੀਂਹ ਰੱਖਣ ਵਾਲੇ ਪਾਲ ਰਾਊਕੇ ਅਤੇ ਇਪਸਾ ਸਪੋਰਟਸ ਦੇ ਮੋਢੀ ਸੈਕਟਰੀ ਜਸਪਾਲ ਸੰਘੇੜਾ ਨੂੰ ਇੰਡੋਜ਼ ਆਈਕੋਨ ਐਵਾਰਡ ਨਾਲ ਨਿਵਾਜਿਆ ਗਿਆ। ਇਪਸਾ ਵੱਲੋਂ ਇਪਸਾ ਦੇ ਵੱਖ ਵੱਖ ਵਿੰਗਾਂ ਦੇ ਸੈਕਟਰੀ ਗੁਰਵਿੰਦਰ ਖੱਟੜਾ (ਸੋਸ਼ਲ ਅਕਾਦਮੀ), ਗੁਰਜੀਤ ਬਾਰੀਆ (ਸੰਗੀਤ ਅਕਾਦਮੀ), ਸਰਬਜੀਤ ਸੋਹੀ (ਸਾਹਿਤ ਅਕਾਦਮੀ), ਜਸਪਾਲ ਸੰਘੇੜਾ (ਸਪੋਰਟਸ ਅਕਾਦਮੀ) ਅਤੇ ਕਮਲਦੀਪ ਬਾਜਵਾ (ਸਪੋਰਟਸ ਐਸੋਸੀਏਸ਼ਨ) ਨੂੰ ਉਨ੍ਹਾਂ ਦੀ ਅਕਾਦਮੀ ਦੇ ਇਨਸਿਗਨੀਆ ਨਾਲ ਸਨਮਾਨਿਆ ਗਿਆ।
ਪ੍ਰੋਗਰਾਮ ਦੇ ਵਿਚਾਰ ਗੋਸ਼ਟੀ ਸੈਸ਼ਨ ਵਿੱਚ ਭਾਰਤ ਤੋਂ ਆਈ ਲੇਖਿਕਾ/ਸੱਭਿਆਚਾਰਕ ਹਸਤੀ ਰਮਨ ਸੋਖੋਂ, ਤਰਕਸ਼ੀਲ ਆਗੂ ਜੁਗਿੰਦਰ ਸਿੰਘ ਕੁੱਲੇਵਾਲ, ਡਾ. ਗੁਰਚਰਨ ਗਿੱਲ, ਤਰਕਸ਼ੀਲ ਆਗੂ ਜਸਵੰਤ ਜ਼ੀਰਖ ਅਤੇ ਲੇਖਕ ਬਲਵੰਤ ਸਾਨੀਪੁਰ ਨੇ ਆਪਣੇ ਵਿਚਾਰ ਰੱਖੇ ਅਤੇ ਕਈ ਸੰਜੀਦਾ ਮਸਲਿਆਂ ਬਾਰੇ ਭਾਵਪੂਰਤ ਟਿੱਪਣੀਆਂ ਕੀਤੀਆਂ। ਇਪਸਾ ਵੱਲੋਂ ਰਮਨ ਸੇਖੋਂ ਅਤੇ ਜੁਗਿੰਦਰ ਸਿੰਘ ਕੁੱਲੇਵਾਲ ਅਤੇ ਡਾ. ਗੁਰਚਰਨ ਗਿੱਲ ਨੂੰ ਵਿਸ਼ੇਸ਼ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤਲੇ ਭਾਗ ਵਿੱਚ ਪਾਕਿਸਤਾਨ ਦੀ ਅਵਾਮੀ ਸ਼ਾਇਰਾ ਨੋਸ਼ੀ ਗਿਲਾਨੀ ਨੇ ਸ਼ਾਇਰੀ ਅਤੇ ਜ਼ਿੰਦਗੀ ਬਾਰੇ ਬਹੁਤ ਖ਼ੂਬਸੂਰਤ ਵਿਚਾਰ ਪੇਸ਼ ਕਰਦਿਆਂ ਨੌਵੇਂ ਇਪਸਾ ਪੁਰਸਕਾਰ ਲਈ ਨਾਮਜ਼ਦ ਆਪਣੇ ਪਤੀ ਸਈਅਦ ਖ਼ਾਨ ਦਾ ਤੁਆਰਫ਼ ਕਰਵਾਇਆ। ਅੰਤ ਵਿੱਚ ਸਈਅਦ ਖਾਨ ਨੇ ਆਪਣੀ ਜਨਮ ਭੂਮੀ ਹਜ਼ਾਰਾ ਖੈਬਰ ਪਖ਼ਤੂਨਵਾ ਬਾਰੇ ਦੱਸਿਆ ਅਤੇ ਆਪਣੀ ਸ਼ਾਇਰੀ ਦੇ ਚੌਣਵੇਂ ਰੰਗ ਪੇਸ਼ ਕਰਦਿਆਂ ਮਾਹੌਲ ਬੰਨ੍ਹ ਦਿੱਤਾ। ਸਈਅਦ ਖਾਨ ਨੂੰ ਇਪਸਾ ਵੱਲੋਂ ਇਪਸਾ ਲਿਟਰੇਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਬਲਵੰਤ ਸਾਨੀਪੁਰ ਦੀ ਨਵ ਪ੍ਰਕਾਸ਼ਿਤ ਪੁਸਤਕ ‘ਹਰਫ਼ ਬੋਲਦੇ ਰਹਿਣਗੇ’ ਅਤੇ ਜਸਵੰਤ ਜ਼ੀਰਖ ਦੀ ਪੁਸਤਕ ‘ਮੌਜੂਦਾ ਸਮੇਂ ਦਾ ਸੱਚ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਇਪਸਾ ਸਪੋਰਟਸ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੰਦੀ, ਗਿੱਧਾ ਕੋਚ ਚਰਨਜੀਤ ਕਾਹਲੋਂ, ਗਾਇਕ ਰਾਜਦੀਪ ਸਿੰਘ ਲਾਲੀ, ਗੁਰਜੀਤ ਉੱਪਲ, ਗਾਇਕ ਪ੍ਰੀਤ ਸਰਗਮ, ਗੀਤਕਾਰ ਤਜਿੰਦਰ ਭੰਗੂ, ਹਰਭਜਨ ਲਾਲ, ਗਾਇਕ ਆਤਮਾ ਸਿੰਘ ਹੇਅਰ, ਨਛੱਤਰ ਕੁਲਾਰ, ਅਮਨਪ੍ਰੀਤ ਟੱਲੇਵਾਲ, ਮਾਈਗਰੇਸ਼ਨ ਮਾਹਰ ਰੋਮਨ ਬਾਜਵਾ ਆਦਿ ਹਾਜ਼ਰ ਸਨ।