ਇਤਿਹਾਸ ਦੇ ਕੁਝ ਅਣਗੌਲੇ ਕਿਰਦਾਰ ਅਤੇ ਘਟਨਾਵਾਂ
ਜਸਵਿੰਦਰ ਸਿੰਘ ਰੁਪਾਲ
ਵੱਖ ਵੱਖ ਸਮੇਂ ਪੈਦਾ ਹੋਏ ਕੁਝ ਵਿਅਕਤੀਆਂ ਨੇ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਕਾਰਨ ਉਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ। ਨਵੀਆਂ ਪੀੜ੍ਹੀਆਂ ਵੱਖ ਵੱਖ ਸਮੇਂ ਅਜਿਹੇ ਵਿਅਕਤੀਆਂ ਨੂੰ ਯਾਦ ਕਰਦੀਆਂ ਅਤੇ ਇਨ੍ਹਾਂ ਦੇ ਵਿਲੱਖਣ ਕਾਰਜਾਂ ਸਦਕਾ ਇਨ੍ਹਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰਦੀਆਂ ਰਹਿੰਦੀਆਂ ਹਨ। ਕੁਝ ਵਿਅਕਤੀਆਂ ਦੇ ਕੀਤੇ ਕੁਝ ਕੰਮਾਂ ਦਾ ਉਸ ਸਮੇਂ ਦੇ ਸਮਾਜ ਦੇ ਨਾਲ ਨਾਲ ਬਾਅਦ ਵਿੱਚ ਵੀ ਕੁਝ ਸਾਕਾਰਾਤਮਕ ਅਸਰ ਜ਼ਰੂਰ ਹੁੰਦਾ ਹੈ, ਪਰ ਜਾਣੇ ਅਣਜਾਣੇ ਇਹ ਵਿਅਕਤੀ ਲੋਕਾਂ ਨੂੰ ਭੁੱਲ ਜਾਂਦੇ ਹਨ। ਇਸ ਕਾਰਨ ਇਨ੍ਹਾਂ ਵੱਲੋਂ ਕੀਤੇ ਚੰਗੇ ਅਤੇ ਪ੍ਰੇਰਨਾਮਈ ਕਾਰਜ ਵੀ ਵਕਤ ਦੀ ਧੂੜ ਹੇਠ ਦੱਬ ਕੇ ਰਹਿ ਜਾਂਦੇ ਹਨ। ਅਜਿਹੀਆਂ ਕੁਝ ਕੁ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਕੀਤੇ ਕਾਰਜਾਂ ਨੂੰ ਯਾਦ ਕਰਨਾ ਬਣਦਾ ਹੈ।
ਝਲਕਾਰੀ ਬਾਈ: ਅਖੌਤੀ ਦਲਿਤ ਸ਼੍ਰੇਣੀ ਨਾਲ ਸਬੰਧਿਤ ਝਲਕਾਰੀ ਬਾਈ 1857 ਈਸਵੀ ਦੇ ਗ਼ਦਰ ਵਿੱਚ ਹਿੱਸਾ ਲੈਣ ਵਾਲੀ ਬਹਾਦਰ ਸਿਪਾਹੀ ਸੀ। ਉਹ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਸੈਨਾ ਵਿੱਚ ਸੇਵਾ ਨਿਭਾਉਂਦੀ ਸੀ। ਉਹ ਸੈਨਾ ਦੇ ਇਸਤਰੀ ਵਿੰਗ ਦੀ ਕਮਾਂਡਰ ਵੀ ਬਣੀ। ਆਪਣੀ ਲਿਆਕਤ ਸਦਕਾ ਉਹ ਰਾਣੀ ਲਕਸ਼ਮੀ ਬਾਈ ਦੀ ਮੁੱਖ ਸਲਾਹਕਾਰ ਦੇ ਅਹੁਦੇ ਤੱਕ ਪੁੱਜ ਗਈ ਸੀ। 1857 ਵਿੱਚ ਜਨਰਲ ਹਿਊਗ ਰੋਜ਼ ਨੇ ਭਾਰੀ ਗਿਣਤੀ ਵਿੱਚ ਫ਼ੌਜ ਨਾਲ ਝਾਂਸੀ ਦੇ ਕਿਲ੍ਹੇ ’ਤੇ ਹਮਲਾ ਕੀਤਾ ਤਾਂ ਆਪਣੇ ਸਲਾਹਕਾਰਾਂ ਦੀ ਮੰਨਦੇ ਹੋਏ ਰਾਣੀ ਲਕਸ਼ਮੀ ਬਾਈ ਆਪਣੇ ਪੁੱਤਰ ਨੂੰ ਲੈ ਕੇ ਬਚ ਨਿਕਲੀ। ਝਲਕਾਰੀ ਬਾਈ ਦੀ ਸ਼ਕਲ ਰਾਣੀ ਲਕਸ਼ਮੀ ਬਾਈ ਨਾਲ ਮਿਲਦੀ ਸੀ। ਉਸ ਨੇ ਝਾਂਸੀ ਦੀ ਰਾਣੀ ਦਾ ਭੇਸ ਧਾਰ ਲਿਆ ਅਤੇ ਜੰਗ ਦੇ ਮੈਦਾਨ ਵਿੱਚ ਕੁੱਦ ਪਈ। ਇਸ ਜੰਗ ਵਿੱਚ ਝਲਕਾਰੀ ਬਾਈ ਨੇ ਸ਼ਹੀਦੀ ਪ੍ਰਾਪਤ ਕੀਤੀ। ਉਸ ਦੇ ਅਜਿਹਾ ਕਰਨ ਸਦਕਾ ਰਾਣੀ ਲਕਸ਼ਮੀ ਬਾਈ ਆਸਾਨੀ ਨਾਲ ਕਿਲ੍ਹੇ ਵਿੱਚੋਂ ਨਿਕਲ ਸਕੀ। ਇਉਂ ਝਲਕਾਰੀ ਬਾਈ ਨੇ ਰਾਣੀ ਲਕਸ਼ਮੀ ਬਾਈ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਮੇਵਾੜ ਦੀ ਨਾਇਕਾ ਪੰਨਾ ਦਾਈ: ਰਾਣਾ ਸੰਘਾ ਦੀ ਚੌਥੀ ਸੰਤਾਨ ਰਾਜਾ ਉਦੈ ਸਿੰਘ ਦੀ ਦਾਈ ਸੀ ਪੰਨਾ ਦਾਈ। ਰਾਣਾ ਸੰਘਾ ਦੇ ਭਤੀਜੇ ਬਨਵੀਰ ਨੇ ਵਿਕਰਮਾਦਿੱਤ ਦਾ ਕਤਲ ਕਰ ਦਿੱਤਾ ਸੀ। ਉਹ ਆਪ ਰਾਜਭਾਗ ਸੰਭਾਲਣ ਲਈ ਕੁਝ ਵੀ ਕਰਨ ਲਈ ਤਿਆਰ ਸੀ। ਉਸ ਨੇ ਆਪਣੇ ਰਾਹ ਵਿੱਚੋਂ ਰੋੜਾ ਹਟਾਉਣ ਲਈ ਸੁੱਤੇ ਪਏ ਉਦੈ ਸਿੰਘ ਨੂੰ ਮਾਰਨਾ ਚਾਹਿਆ, ਪਰ ਪੰਨਾ ਦਾਈ ਪੂਰੀ ਤਰ੍ਹਾਂ ਸੁਚੇਤ ਸੀ। ਉਸ ਨੇ ਇੱਕ ਹੋਰ ਸਹਾਇਕ ਕੀਰਤ ਦੀ ਮਦਦ ਨਾਲ ਉਦੈ ਸਿੰਘ ਨੂੰ ਟੋਕਰੀ ਵਿੱਚ ਪਾ ਕੇ ਮਹਿਲਾਂ ਤੋਂ ਬਾਹਰ ਭੇਜ ਦਿੱਤਾ ਅਤੇ ਉਸ ਦੀ ਥਾਂ ਆਪਣੇ ਪੁੱਤਰ ਚੰਦਨ ਨੂੰ ਪਾ ਦਿੱਤਾ। ਜ਼ਾਲਮ ਬਨਵੀਰ ਨੇ ਪੰਨਾ ਦਾਈ ਦੀਆਂ ਅੱਖਾਂ ਸਾਹਮਣੇ ਉਸ ਦੇ ਪੁੱਤਰ ਚੰਦਨ ਦਾ ਕਤਲ ਕਰ ਦਿੱਤਾ। ਉਦੈ ਸਿੰਘ ਉਦੋਂ 15 ਵਰ੍ਹਿਆਂ ਦਾ ਸੀ। ਪੰਨਾ ਅਤੇ ਉਦੈ ਸਿੰਘ ਕੰਭਲਗੜ੍ਹ ਚਲੇ ਗਏ ਜਿੱਥੇ ਉਦੈ ਸਿੰਘ ਦੇ ਨਾਨਕਿਆਂ ਨੇ ਉਸਨੂੰ ਸੰਭਾਲ ਲਿਆ। ਕੁਝ ਦੇਰ ਬਾਅਦ ਬਨਵੀਰ ’ਤੇ ਹਮਲਾ ਕਰਕੇ ਉਦੈ ਸਿੰਘ ਨੂੰ ਹੀ ਰਾਜ ਦੁਆਇਆ।
ਜਲ ਕ੍ਰਾਂਤੀ ਵਾਲਾ ਰਜਿੰਦਰ ਸਿੰਘ: ਭਾਰਤ ਦੇ ਵਾਟਰਮੈਨ ਵਜੋਂ ਜਾਣੇ ਜਾਂਦੇ ਰਜਿੰਦਰ ਸਿੰਘ ਨੂੰ ਸ਼ਾਇਦ ਇਤਿਹਾਸ ਨੇ ਭੁਲਾ ਦਿੱਤਾ ਹੈ। ਉਸ ਨੇ ਰਾਜਸਥਾਨ ਦੇ ਖੁਸ਼ਕ ਖੇਤਰ ਵਿੱਚ ਪਾਣੀ ਦੀ ਸੰਭਾਲ ਦੇ ਵੱਡੇ ਯਤਨ ਕੀਤੇ ਸਨ। ਉਸ ਨੇ ਮੀਂਹ ਦੇ ਪਾਣੀ ਨਾਲ ਫਸਲਾਂ ਦੀ ਸਿੰਚਾਈ ਕਰਨ ਅਤੇ ਦਰਿਆਵਾਂ ਦੇ ਪਾਣੀ ਨੂੰ ਸੰਭਾਲਣ ਲਈ ਠੋਸ ਉਪਾਅ ਦੱਸੇ ਸਨ। ਉਨ੍ਹਾਂ ਤਕਨੀਕਾਂ ਦਾ ਪੇਂਡੂ ਖੇਤਰ ’ਤੇ ਕਾਫ਼ੀ ਅਸਰ ਪਿਆ ਸੀ, ਪਰ ਉਸ ਦੀ ਦੇਣ ਨੂੰ ਕੋਈ ਯਾਦ ਨਹੀਂ ਕਰਦਾ। ਉਸ ਨੂੰ 2001 ਵਿੱਚ ਮੈਗਾਸੇਸੇ ਐਵਾਰਡ ਅਤੇ 2015 ਵਿੱਚ ਪ੍ਰਸਿੱਧ ਸਟਾਕਹੋਮ ਵਾਟਰ ਪਰਾਈਜ਼ ਮਿਲਿਆ ਸੀ।
ਮੇਘਾਲਿਆ ਦਾ ਆਜ਼ਾਦੀ ਘੁਲਾਟੀਆ ਯੂ ਕਿਆਂਗ ਨੰਗਬਾ: ਯੂ ਕਿਆਂਗ ਨੰਗਬਾ ਨੇ ਉੱਤਰ-ਪੂਰਬੀ ਭਾਰਤ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਜੈਂਤੀਆ ਲਹਿਰ ਦੀ ਅਗਵਾਈ ਕੀਤੀ ਸੀ। ਤੀਹ ਸਤੰਬਰ 1862 ਨੂੰ ਅੰਗਰੇਜ਼ਾਂ ਨੇ ਉਸ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ, ਪਰ ਉਹ ਆਪਣੇ ਲੋਕਾਂ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਬਗ਼ਾਵਤ ਦੇ ਬੀਜ ਬੀਜਣ ’ਚ ਕਾਮਯਾਬ ਰਿਹਾ।
ਮਹਾਰਾਸ਼ਟਰ ਦੀ ਨਿਡਰ ਪੱਤਰਕਾਰ ਹੀਰਾ ਬਾਈ: ਅੰਗਰੇਜ਼ਾਂ ਅਤੇ ਮਰਾਠਿਆਂ ਦਰਮਿਆਨ ਹੋਈਆਂ ਜੰਗਾਂ ਸਮੇਂ ਇਹ ਜੰਗ ਦੇ ਵੇਰਵੇ ਪੇਸ਼ ਕਰਨ ਵਾਲੀ ਨਿਡਰ ਪੱਤਰਕਾਰ ਸੀ। ਉਸ ਸਮੇਂ ਕਿਸੇ ਔਰਤ ਲਈ ਪੱਤਰਕਾਰੀ ਵਰਗਾ ਕੰਮ ਬਹੁਤ ਜੋਖ਼ਮ ਭਰਿਆ ਸੀ ਅਤੇ ਉਹ ਵੀ ਜੰਗ ਦੀ ਪੱਤਰਕਾਰੀ। ਇਸ ਦੇ ਜ਼ਿਆਦਾ ਵੇਰਵੇ ਇਤਿਹਾਸਕ ਸ੍ਰੋਤਾਂ ਵਿੱਚ ਨਹੀਂ ਮਿਲਦੇ।
ਸਾਹਸੀ ਔਰਤ ਰਾਣੀ ਅਬਾਕਾ ਚੌਤਾ: ਰਾਣੀ ਅਬਾਕਾ ਚੌਤਾ ਕਰਨਾਟਕ ਵਿੱਚ ਉਲਾਲ ਦੀ ਰਾਣੀ ਸੀ, ਜੋ 16ਵੀਂ ਸਦੀ ਵਿੱਚ ਪੁਰਤਗਾਲੀ ਹਮਲਾਵਰਾਂ ਵਿਰੁੱਧ ਲੜੀ। ਪੁਰਤਗਾਲੀ ਉਲਾਲ ’ਤੇ ਕਬਜ਼ਾ ਕਰਨ ਲਈ ਵਾਰ ਵਾਰ ਹਮਲੇ ਕਰਦੇ ਰਹੇ, ਪਰ ਅਬਾਕਾ ਨੇ ਹਰ ਵਾਰੀ ਹਮਲਾ ਪਛਾੜ ਦਿੱਤਾ। ਉਹ ਚਾਰ ਦਹਾਕੇ ਪੁਰਤਗਾਲੀਆਂ ਖ਼ਿਲਾਫ਼ ਲੜਦੀ ਰਹੀ। ਆਪਣੇ ਹੌਸਲੇ ਅਤੇ ਨਿਡਰਤਾ ਕਰਕੇ ਉਸ ਨੂੰ ਅਭੈ ਰਾਣੀ ਵੀ ਕਿਹਾ ਜਾਂਦਾ ਹੈ। ਯੂਰਪੀ ਬਸਤੀਵਾਦ ਵਿਰੁੱਧ ਉਸ ਦੀ ਲੜਾਈ ਨੇ ਜਨਤਾ ਨੂੰ ਕਾਫ਼ੀ ਜਾਗਰੂਕ ਕੀਤਾ। ਕਈ ਵਾਰ ਉਸ ਨੂੰ ਆਜ਼ਾਦੀ ਲਈ ਲੜਨ ਵਾਲੀ ਪਹਿਲੀ ਔਰਤ ਵੀ ਕਿਹਾ ਜਾਂਦਾ ਹੈ, ਪਰ ਉਸ ਦੀ ਚਰਚਾ ਜ਼ਿਆਦਾ ਨਹੀਂ ਹੋਈ।
ਵਾਤਾਵਰਣ ਵਿਗਿਆਨੀ ਭਗਤ ਪੂਰਨ ਸਿੰਘ: ਭਗਤ ਪੂਰਨ ਸਿੰਘ ਜੀ ਨੂੰ ਸੰਸਾਰ ਨੇ ਸੇਵਾ ਦੇ ਮੁਜੱਸਮੇ ਵਜੋਂ ਸਦਾ ਮਾਣ ਦਿੱਤਾ ਹੈ। ਯਤੀਮਾਂ ਦੀ ਪਿੰਗਲਵਾੜੇ ਰਾਹੀਂ ਕੀਤੀ ਸੇਵਾ ਬੇਸ਼ੱਕ ਉੱਤਮ ਸੀ, ਪਰ ਵਾਤਾਵਰਣ ਸੰਭਾਲ ਪ੍ਰਤੀ ਭਗਤ ਜੀ ਦੇ ਯੋਗਦਾਨ ਦੀ ਗੱਲ ਬਹੁਤ ਘੱਟ ਹੋਈ ਹੈ। ਪਿੰਗਲਵਾੜੇ ਵਿੱਚ ਜਿੰਨਾ ਵੀ ਕਾਗਜ਼ ਲਿਖਣ ਜਾਂ ਟਾਈਪ ਕਰਨ ਲਈ ਵਰਤਿਆ ਜਾਂਦਾ ਸੀ, ਉਹ ਕੈਲੰਡਰਾਂ ਦੇ ਪਿਛਲੇ ਪਾਸੇ ਦਾ ਖਾਲੀ ਹਿੱਸਾ ਹੁੰਦਾ ਸੀ। ਭਗਤ ਜੀ ਨੂੰ ਰੁੱਖ ਲਗਾਉਣ ਅਤੇ ਬਚਾਉਣ ਦਾ ਜਨੂੰਨ ਸੀ। ਉਨ੍ਹਾਂ ਨੇ ਧਰਤੀ, ਪਾਣੀ, ਹਵਾ, ਰੁੱਖ ਅਤੇ ਸਮੁੱਚੇ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਨਾ ਦੇਣ ਵਾਲੇ ਹਜ਼ਾਰਾਂ ਪੈਂਫਲਿਟ ਮੁਫ਼ਤ ਵੰਡੇ।
ਇਨਕਲਾਬੀ ਕਵੀ ਜੋਰਾ ਸਿੰਘ ਬੱਧਣੀ: ਇਹ ਅਣਗੌਲਿਆ ਕਵੀ ਅੰਗਰੇਜ਼ਾਂ ਵਿਰੁੱਧ ਜੋਸ਼ੀਲੀਆਂ ਕਵਿਤਾਵਾਂ ਲਿਖ ਕੇ ਜਨਤਾ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਬਾਗ਼ੀ ਸੁਰ ਪੈਦਾ ਕਰਨ ਵਾਲਾ ਪੰਜਾਬੀ ਕਵੀ ਮੰਨਿਆ ਗਿਆ ਹੈ। ਉਸ ਦੀਆਂ ਲਿਖਤਾਂ ਇਨਸਾਫ਼ ਅਤੇ ਬਹਾਦਰੀ ਦੀ ਗੱਲ ਕਰਦੀਆਂ ਸਨ।
ਅਣਗੌਲੀਆਂ ਘਟਨਾਵਾਂ:
ਚੁੱਪ ਵਾਦੀ ਦਾ ਵਿਰੋਧ (1970-80): ਕੇਰਲਾ ਦੀ ਚੁੱਪ ਵਾਦੀ (silent valley) ਦਾ ਵਿਰੋਧ ਵਾਤਾਵਰਣ ਲਈ ਉੱਠੀਆਂ ਲਹਿਰਾਂ ਵਿੱਚੋਂ ਪ੍ਰਮੁੱਖ ਸੀ। ਸਥਾਨਕ ਲੋਕਾਂ, ਸਮਾਜ ਸੇਵਕਾਂ ਅਤੇ ਵਾਤਾਵਰਣ ਪ੍ਰੇਮੀਆਂ ਦੁਆਰਾ ਮਿਲ ਕੇ ਕੀਤਾ ਸੰਘਰਸ਼ ਏਕੇ ਦੀ ਤਾਕਤ ਦਾ ਜ਼ਾਹਰਾ ਸਬੂਤ ਸੀ ਜਿਸ ਨੇ ਮੀਂਹ ਸੰਭਾਲਣ ਵਾਲੇ ਜੰਗਲਾਂ ਵਿੱਚੋਂ ਬਚੇ ਆਖ਼ਰੀ ਜੰਗਲ ਨੂੰ ਬਚਾ ਲਿਆ ਸੀ। ਇਸ ਸਫ਼ਲ ਵਿਰੋਧ ਦਾ ਜ਼ਿਕਰ ਬਹੁਤ ਘੱਟ ਕਿਉਂ ਹੈ?
ਰਾਣੀ ਗੈਡੀਂਉਲੀ ਦੀ ਹੇਰਾਕਾ ਲਹਿਰ: ਰੂਹਾਨੀਅਤ ਅਤੇ ਰਾਜਨੀਤਿਕ ਨਾਗਾ ਆਗੂ ਰਾਣੀ ਗੈਡੀਂਉਲੀ ਨੇ ਹੇਰਾਕਾ ਲਹਿਰ ਦੀ ਅਗਵਾਈ ਕੀਤੀ ਜਿਸ ਨੇ ਨਾਗਾ ਸਭਿਆਚਾਰ ਨੂੰ ਬਚਾਉਣ ਲਈ ਅੰਗਰੇਜ਼ੀ ਰਾਜ ਦਾ ਭਰਵਾਂ ਵਿਰੋਧ ਕੀਤਾ। ਇਹ ਲਹਿਰ 1920 ਵਿੱਚ ਰਾਣੀ ਦੇ ਚਚੇਰੇ ਭਰਾ ਹੈਪੋ ਜੈਦੋਨੰਗ ਨੇ ਸ਼ੁਰੂ ਕੀਤੀ ਸੀ, ਪਰ 1931 ਵਿੱਚ ਉਸ ਦਾ ਕਤਲ ਹੋਣ ’ਤੇ ਇਸ ਦੀ ਕਮਾਨ ਰਾਣੀ ਨੇ ਸੰਭਾਲ ਲਈ ਸੀ। ਅੰਗਰੇਜ਼ਾਂ ਨੇ ਰਾਣੀ ਨੂੰ 14 ਸਾਲ ਲਈ ਨਜ਼ਰਬੰਦ ਕਰ ਦਿੱਤਾ ਸੀ, ਪਰ ਇਤਿਹਾਸ ਦੇ ਪੰਨੇ ਇਹਦੇ ’ਤੇ ਬਹੁਤਾ ਚਾਨਣ ਨਹੀਂ ਪਾ ਰਹੇ।
ਸੰਤਾਲ ਹੁਲ ਬਗ਼ਾਵਤ: ਇਹ ਝਾਰਖੰਡ ਦੇ ਸੰਤਾਲ ਕਬੀਲੇ ਵੱਲੋਂ ਜ਼ਾਲਮ ਅੰਗਰੇਜ਼ੀ ਬਸਤੀਵਾਦ ਅਤੇ ਝਾਰਖੰਡ ਦੇ ਲੋਟੂ ਜ਼ਿਮੀਦਾਰਾਂ ਵਿਰੁੱਧ 1955 ’ਚ ਕੀਤੀ ਗਈ ਬਗ਼ਾਵਤ ਸੀ। ਇਹ ਆਜ਼ਾਦ ਭਾਰਤ ਦੇ ਕਿਸਾਨਾਂ ਵੱਲੋਂ ਕੀਤਾ ਗਿਆ ਪਹਿਲਾ ਅੰਦੋਲਨ ਸੀ। ਇਹ ਅੰਗਰੇਜ਼ਾਂ ਦੇ ਬਣਾਏ ਸਥਾਈ ਭੂਮੀ ਬੰਦੋਬਸਤ ਬਿਲ ਦੇ ਵਿਰੋਧ ਵਿੱਚ ਸੀ। ਉਹ ਆਪਣੇ ਸਨਮਾਨ ਅਤੇ ਇੱਜ਼ਤ ਲਈ 1857 ਦੇ ਗਦਰ ਵਾਂਗ ਹੀ ਲੜੇ, ਪਰ ਇਤਿਹਾਸ ਨੇ ਉਨ੍ਹਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ।
ਅਜਿਹੇ ਹੋਰ ਅਨੇਕਾਂ ਮਹਾਨ ਵਿਅਕਤੀ ਹਨ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਮਨੁੱਖਤਾ ਲਈ ਆਪਣੇ ਨਿੱਜ ਨੂੰ ਤਿਆਗ ਕੇ ਕੰਮ ਕੀਤੇ ਹੋਣਗੇ। ਅਜਿਹੀਆਂ ਘਟਨਾਵਾਂ ਵੀ ਜ਼ਰੂਰ ਵਾਪਰੀਆਂ ਹੋਣਗੀਆਂ, ਜਿਹੜੀਆਂ ਵੱਡੀ ਪ੍ਰੇਰਨਾ ਬਣ ਸਕਦੀਆਂ ਸਨ, ਪਰ ਵਕਤ ਦੇ ਤੇਜ਼ ਚਲਦੇ ਪਹੀਏ ਦੀ ਧੂੜ ਹੇਠ ਗੁੰਮ ਹੋ ਗਈਆਂ ਹੋਣਗੀਆਂ। ਅਸੀਂ ਸਮੇਂ ਅਤੇ ਸਥਾਨ ਦੀ ਹੱਦ ਵਿੱਚ ਰਹਿ ਕੇ ਗੋਹੜੇ ਵਿੱਚੋਂ ਪੂਣੀ ਕੱਤਣ ਦੀ ਕੋਸ਼ਿਸ਼ ਹੀ ਕੀਤੀ ਹੈ।
ਸੰਪਰਕ: 98147-15796