ਸਤਿੰਦਰ ਸਿੰਘ (ਡਾ.)ਕੁਝ ਦਿਨਾਂ ਤੋਂ ਡਿਊਟੀ ਰੇਲ ਗੱਡੀ ਰਾਹੀਂ ਆਉਂਦਾ-ਜਾਂਦਾ ਹਾਂ। ਜਨਰਲ ਡੱਬਿਆਂ ਵਿੱਚ ਸਵਾਰੀਆਂ ਦੀ ਖ਼ੂਬ ਭੀੜ ਹੁੰਦੀ ਹੈ। ਲੋਕ ਬਹੁਤ ਔਖਿਆਈ ਨਾਲ ਉਤਰਦੇ ਤੇ ਚੜ੍ਹਦੇ ਹਨ। ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਡੱਬੇ ਵਿੱਚ ਚੜ੍ਹਨ ਵਕਤ ਡਾਢੀ ਮੁਸ਼ੱਕਤ ਕਰਨੀ ਪੈਂਦੀ ਹੈ। ਹੋਰ ਤਾਂ ਹੋਰ, ਕੋਲ ਖੜ੍ਹੇ ਨੌਜਵਾਨ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਮੂਕ ਦਰਸ਼ਕ ਬਣੇ ਰਹਿੰਦੇ ਹਨ।ਡੱਬੇ ਵਿੱਚ ਜੋ ਸ਼ਖ਼ਸ ਜਿੱਥੇ ਬੈਠ ਜਾਂਦਾ ਹੈ, ਉਹ ਸੀਟ ਉਹਦੇ ਉਤਰਨ ਤੱਕ ਨਿਜੀ ਮਲਕੀਅਤ ਬਣ ਜਾਂਦੀ ਹੈ। ਉਹ ਕਿਸੇ ਲੋੜਵੰਦ ਨੂੰ ਸੀਟ ਵੱਲ ਝਾਕਣ ਤੱਕ ਨਹੀਂ ਦਿੰਦਾ। ਉਪਰਲੀਆਂ ਸੀਟਾਂ ਵਾਲੇ ਆਪਣੇ ਬੂਟ-ਜੁਰਾਬਾਂ ਉਤਾਰ ਕੇ ਛੱਤ ਵਾਲੇ ਪੱਖਿਆਂ ਉੱਪਰ ਰੱਖ ਦਿੰਦੇ ਹਨ। ਉਨ੍ਹਾਂ ਵਿੱਚੋਂ ਰੇਤਾ ਤੇ ਮਿੱਟੀ ਕਿਰ-ਕਿਰ ਕੇ ਥੱਲੇ ਬੈਠੇ ਲੋਕਾਂ ਉੱਪਰ ਪੈਂਦੀ ਹੈ। ਬੂਟ ਰੱਖਣ ਵਾਲਾ ਇਸ ਗੱਲ ਦੀ ਪਰਵਾਹ ਨਹੀਂ ਕਰਦਾ। ਇਕ-ਦੂਜੇ ਨਾਲ ਅਸੱਭਿਅਕ ਬੋਲੀ ਵਿੱਚ ਗੱਲ ਕਰਦੇ ਹਨ। ਵੱਡਿਆਂ ਦੀ ਇੱਜ਼ਤ, ਛੋਟਿਆਂ ਨੂੰ ਪਿਆਰ ਕਰਨ ਦੀ ਸਿੱਖਿਆ ਬਸ ਕਿਤਾਬਾਂ ਵਿੱਚ ਕੈਦ ਹੈ। ਜਾਪਦਾ ਹੈ, ਇਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਫ਼ਰ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ।ਇਕ ਦਿਨ ਸਫ਼ਰ ਕਰਦਿਆਂ ਘੰਟਾ ਕੁ ਗੁਜ਼ਰਿਆ ਹੋਵੇਗਾ ਕਿ ਸੀਟ ਖਾਲੀ ਦੇਖ ਕੇ ਬੈਠ ਗਿਆ। ਸਾਹਮਣੇ ਵਾਲੀ ਸੀਟ ’ਤੇ ਬੈਠਾ ਪੰਦਰਾਂ ਕੁ ਸਾਲ ਦਾ ਲੜਕਾ ਬੋਲਿਆ, “ਅੰਕਲ! ਇਹ ਸਾਡੀ ਸੀਟ ਹੈ। ਮੇਰੇ ਚਾਚਾ ਜੀ ਆਉਣ ਵਾਲੇ ਹਨ।” ਮੈਂ ਹਲੀਮੀ ਨਾਲ ਆਖਿਆ, “ਕੋਈ ਗੱਲ ਨਹੀਂ, ਜਦੋਂ ਆ ਜਾਣਗੇ, ਉੱਠ ਜਾਵਾਂਗਾ।” ਉਸ ਥੋੜ੍ਹੀ ਖਰਵੀਂ ਸੁਰ ਵਿੱਚ ਕਿਹਾ, “ਨਹੀਂ ਨਹੀਂ, ਉੱਠ ਜਾਓ। ਇਹ ਸਾਡੀ ਸੀਟ ਹੈ।” ਮੈਂ ਪੁੱਛਿਆ, “ਤੁਹਾਡੇ ਕੋਲ ਇਸ ਸੀਟ ਦੀ ਰਿਜ਼ਰਵੇਸ਼ਨ ਹੈ? ਇਹ ਜਨਰਲ ਡੱਬਾ, ਆਪਾਂ ਸਾਰਿਆਂ ਦਾ ਸਾਂਝਾ। ਜੇ ਕਿਸੇ ਸਵਾਰੀ ਨੂੰ ਕੋਈ ਸਮੱਸਿਆ ਆਵੇ ਤਾਂ ਉਹਦੀ ਮਦਦ ਕਰਨੀ ਚਾਹੀਦੀ। ਇੰਝ ਸਫ਼ਰ ਸੌਖਾ ਲੰਘ ਜਾਂਦਾ। ਸਾਂਝ ਵਧਦੀ।”ਮੇਰੀਆਂ ਇਹ ਗੱਲਾਂ ਸ਼ਾਇਦ ਕਿਸੇ ਹੋਰ ਯੁਗ ਦੀਆਂ ਲੱਗ ਰਹੀਆਂ ਸਨ। ਸਵਾਰੀਆਂ ਮੇਰੀਆਂ ਦਲੀਲਾਂ ਸੁਣ ਤਾਂ ਰਹੀਆਂ ਸਨ ਪਰ ਕੁਝ ਕਰਨ ਤੋਂ ਅਸਮਰੱਥ ਸਨ। ਇੰਨੇ ਨੂੰ ‘ਚਾਚਾ ਜੀ’ ਆ ਗਏ। ਉਹ ਵੀ ਮੈਨੂੰ ਬੈਠੇ ਨੂੰ ਇਉਂ ਤੱਕ ਰਹੇ ਸਨ ਜਿਵੇਂ ਮੈਂ ਉਨ੍ਹਾਂ ਦੀ ਮਲਕੀਅਤ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ ਹੋਵੇ। ਅਕਲ ਦੇ ਧਨੀਆਂ ਨਾਲ ਉਲਝਣ ਦੀ ਥਾਂ ਮੈਂ ਦਰਵਾਜ਼ੇ ਵਿੱਚ ਖੜ੍ਹਾ ਹੋ ਗਿਆ।ਕੁਝ ਪਲ ਗੁਜ਼ਰੇ ਸਨ, ਟੀਟੀ ਆ ਗਿਆ। ਦੇਖਦੇ ਸਾਰ ਚਾਚਾ ਹਿਰਨ ਹੋਣ ਲੱਗਾ ਤਾਂ ਟੀਟੀ ਨੇ ਅੱਗੇ ਵਧ ਕੇ ਕਾਬੂ ਕਰ ਲਿਆ। ਇਕ ਪਾਸੇ ਲਿਜਾ ਕੇ ਦੁੱਗਣੀ ਤਿੱਗੁਣੀ ਕੀਮਤ ਵਿੱਚ ਟਿਕਟ ਦਿੱਤੀ। ਚਾਚੇ ਦੀਆਂ ਨਜ਼ਰਾਂ ਵਿੱਚ ਅਤਿ ਦੀ ਨਰਮੀ ਪਰਤ ਆਈ ਸੀ। ਸ਼ਾਂਤ ਹੋ ਕੇ ਸੀਟ ਉਪਰ ਬੈਠ ਗਿਆ ਤੇ ਮੈਨੂੰ ਤੱਕ ਕੇ ਸੀਟ ਤੋਂ ਖੜ੍ਹਾ ਹੁੰਦਿਆਂ ਕਿਹਾ, “ਆ ਜਾਓ ਭਾਜੀ, ਹੁਣ ਕੁਝ ਸਮਾਂ ਤੁਸੀਂ ਬਹਿ ਜਾਓ।” ਸਵਾਰੀਆਂ ਚੁੱਪ ਕਰ ਕੇ ਇਸ ਘਟਨਾ ਦਾ ਲੁਤਫ਼ ਲੈ ਰਹੀਆਂ ਸਨ।ਮੈਂ ਬੈਠ ਗਿਆ। ਸਾਹਮਣੇ ਦੋ ਨੌਜਵਾਨ ਬੈਠੇ ਸਨ ਜੋ ਅੰਮ੍ਰਿਤਸਰ ਤੋਂ ਪੰਜਾਬ ਪੁਲੀਸ ਦਾ ਇਮਤਿਹਾਨ ਦੇ ਕੇ ਮੁੜ ਰਹੇ ਸਨ। ਗੱਲਬਾਤ ਤੋਂ ਲੱਗਦਾ ਸੀ ਕਿ ਉਹ ‘ਆਮ ਗਿਆਨ’ ਵਾਲਾ ਪੇਪਰ ਦੇ ਕੇ ਆਏ ਸਨ। ਪੂਰੇ ਡੱਬੇ ਵਿੱਚ ਖਾਮੋਸ਼ੀ ਨੇ ਪੈਰ ਪਸਾਰੇ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਜਦੋਂ ਤੱਕ ਸੰਸਾਰ ’ਤੇ ਰਹੋ, ਕੁਝ ਨਾ ਕੁਝ ਸੁਣਦੇ ਤੇ ਕਹਿੰਦੇ ਰਹੋ। ਨੌਜਵਾਨਾਂ ਨੂੰ ਪੁੱਛਿਆ, “ਤੁਸੀਂ ਸਕੂਲ ਵਕਤ ਵਿਧਾਤਾ ਸਿੰਘ ਤੀਰ ਦੀ ਕਵਿਤਾ ‘ਪਾਂਡੀ ਪਾਤਸ਼ਾਹ’ ਪੜ੍ਹੀ ਸੀ?” ਦੋਵਾਂ ਨੇ ‘ਹਾਂ’ ਵਿੱਚ ਸਿਰ ਹਿਲਾ ਕੇ ਕਿਹਾ, “ਉਹ ਕਵਿਤਾ ਕੌਣ ਭੁੱਲ ਸਕਦੈ? ਮਹਾਰਾਜਾ ਰਣਜੀਤ ਸਿੰਘ ਸਿਰ ਉੱਪਰ ਦਾਣਿਆਂ ਦੀ ਪੰਡ ਚੁੱਕ ਕੇ ਬੁਢੜੇ ਮੋਚੀ ਦੇ ਘਰ ਛੱਡਣ ਗਏ ਸਨ।”“ਅੱਛਾ! ਫਿਰ ਤਾਂ ਤੁਸੀਂ ਭਗਤ ਪੂਰਨ ਸਿੰਘ ਦਾ ਨਾਮ ਵੀ ਸੁਣਿਆ ਹੋਣਾ?” ਦੋਵੇਂ ਇੱਕੋ ਸਾਹ ਬੋਲੇ, “ਲਓ ਜੀ! ਕੌਣ ਭੁੱਲ ਸਕਦੈ? ਉਨ੍ਹਾਂ ਨੇ ਸਰੀਰਕ ਤੌਰ ’ਤੇ ਕਮਜ਼ੋਰ ਲੋਕਾਂ ਦੀ ਮਦਦ ਕੀਤੀ ਸੀ। ਆਪਣੇ ਹੱਥੀਂ ਖਾਣਾ ਖੁਆਉਂਦੇ, ਨੁਹਾਉਂਦੇ ਸਨ।” ਨੌਜਵਾਨਾਂ ਕੋਲ ਇਤਿਹਾਸ ਦੀ ਚੰਗੀ ਸਮਝ ਸੀ।“ਅੱਛਾ ਫਿਰ ਭਾਈ ਘਨ੍ਹੱਈਆ ਜੀ ਬਾਰੇ ਦੱਸੋ?” ਉਨ੍ਹਾਂ ਵਿੱਚੋਂ ਇੱਕ ਬੋਲਿਆ, “ਉਹ ਤਾਂ ਜੀ, ਅਨੰਦਪੁਰ ਸਾਹਿਬ ਦੀ ਜੰਗ ਵਕਤ ਜ਼ਖਮੀ ਹੋਏ ਦੋਵਾਂ ਪਾਸਿਆਂ ਦੇ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਇਸ ਬਾਰੇ ਸ਼ਿਕਾਇਤ ਪੁੱਜੀ ਤਾਂ ਭਾਈ ਜੀ ਨੇ ਜਵਾਬ ਦਿੱਤਾ ਸੀ- ‘ਗੁਰੂ ਜੀ, ਮੈਨੂੰ ਹਰ ਪਾਸੇ ਆਪ ਜੀ ਦਾ ਸਰੂਪ ਹੀ ਨਜ਼ਰ ਆਉਂਦੈ’। ਗੁਰੂ ਸਾਹਿਬ ਨੇ ਮੱਲ੍ਹਮ ਪੱਟੀ ਦਿੱਤੀ ਤੇ ਆਖਿਆ- ‘ਅੱਗੇ ਤੋਂ ਪਾਣੀ ਵੀ ਪਿਲਾਓ ਤੇ ਜ਼ਖ਼ਮਾਂ ਉੱਤੇ ਮੱਲ੍ਹਮ ਪੱਟੀ ਵੀ ਕਰੋ’।”ਮੌਕੇ ਮੁਤਾਬਿਕ ਮੈਂ ਪ੍ਰੇਰਿਆ, “ਸ਼ਾਬਾਸ਼! ਜੇ ਆਖੋ ਤਾਂ ਆਪਾਂ ਇਸ ਡੱਬੇ ਵਿੱਚ ਉਹੀ ਇਤਿਹਾਸ ਦੁਹਰਾਈਏ?” ਉਨ੍ਹਾਂ ਦੀਆਂ ਅੱਖਾਂ ਅੰਦਰ ਸਵਾਲ ਤੈਰ ਆਏ, “ਡੱਬੇ ’ਚ ਇਤਿਹਾਸ ਦੁਹਰਾਈਏ?... ਉਹ ਕਿਵੇਂ?”“ਆਪਾਂ ਡੱਬੇ ’ਚ ਖੜ੍ਹੇ ਬਜ਼ੁਰਗਾਂ, ਬਿਮਾਰਾਂ, ਬੱਚਿਆਂ ਅਤੇ ਬੱਚਿਆਂ ਵਾਲੀਆਂ ਔਰਤਾਂ ਨੂੰ ਸੀਟਾਂ ’ਤੇ ਬਿਠਾਉਣੈ। ਦੇਖੋ, ਡੱਬੇ ’ਚ ਕਿੰਨੇ ਨੌਜਵਾਨ ਨੇ... ਜੇ ਹਰ ਨੌਜਵਾਨ ਆਪਣਾ ਇੱਕ-ਇੱਕ ਘੰਟਾ ਹੋਰ ਸਵਾਰੀਆਂ ਨੂੰ ਬੈਠਣ ਲਈ ਦੇਵੇ ਤਾਂ ਡੱਬਾ ਕਿੰਨਾ ਸੁੱਖਾਂ ਭਰਪੂਰ ਬਣ ਜਾਵੇਗਾ। ਆਪਾਂ ਵੱਡੇ ਬੈਗ, ਤੇ ਸਿਰ ਉੱਪਰ ਰੱਖੇ ਬੂਟ ਸੀਟਾਂ ਥੱਲੇ ਰੱਖਣੇ ਨੇ। ਜਦੋਂ ਕੋਈ ਸਵਾਰੀ ਡੱਬੇ ਵਿੱਚੋਂ ਉਤਰੇ ਜਾਂ ਚੜ੍ਹੇ, ਉਹਦੀ ਮਦਦ ਕਰਨੀ ਹੈ... ਬਸ।”ਡੱਬੇ ਅਮਦਰ ਵੱਖਰੀ ਤਰ੍ਹਾਂ ਦੀ ਹਲਚਲ ਸ਼ੁਰੂ ਹੋ ਗਈ। ਸਾਰਾ ਸਮਾਨ ਥਾਂ ਸਿਰ ਲੱਗਣ ਲੱਗਾ। ਨੌਜਵਾਨ ਲੋੜਵੰਦ ਸਵਾਰੀਆਂ ਦੇ ਬੈਠਣ ਲਈ ਥਾਂ ਬਣਾਉਣ ਲੱਗੇ। ਉਨ੍ਹਾਂ ਦੇ ਅਮਲ ਵਿੱਚੋਂ ਯੁਗ ਬਦਲੂ ਪਾਤਰਾਂ ਦੇ ਦਰਸ਼ਨ ਹੋ ਰਹੇ ਸਨ ਜਿਨ੍ਹਾਂ ਇਤਿਹਾਸ ਦੁਹਰਾਇਆ ਸੀ।ਸੰਪਰਕ: 84377-00852