ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਜਨਵਰੀ
ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਕਿਸੇ ਤਰ੍ਹਾਂ ਦੀ ਦਾਖ਼ਲਾ ਟਿਕਟ ਨਹੀਂ ਲੱਗੇਗੀ। ਇਸ ਮੰਤਵ ਲਈ ਬਣਾਇਆ ਗਿਆ ਇਮਾਰਤੀ ਢਾਂਚਾ ਵੀ ਇੱਥੋਂ ਹਟਾ ਦਿੱਤਾ ਜਾਵੇਗਾ। ਰਾਜ ਸਭਾ ਮੈਂਬਰ ਅਤੇ ਜੱਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰੱਸਟ ਦੇ ਟ੍ਰਸਟੀ ਮੈਂਬਰ ਸ਼ਵੇਤ ਮਲਿਕ ਨੇ ਇਹ ਦਾਅਵਾ ਅੱਜ ਇਥੇ ਇਤਿਹਾਸਕ ਬਾਗ਼ ਦੀ ਫੇਰੀ ਮੌਕੇ ਕੀਤਾ।
ਸ੍ਰੀ ਮਲਿਕ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਕੰਮ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਮਗਰੋਂ ਦੱਸਿਆ ਕਿ ਇਸ ਇਤਿਹਾਸਕ ਥਾਂ ’ਤੇ ਆਉਣ ਵਾਲੇ ਯਾਤਰੂਆਂ ਲਈ ਕੋਈ ਦਾਖਲਾ ਟਿਕਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਦਾਖ਼ਲਾ ਗੇਟ ਕੋਲ ਬਣਾਇਆ ਗਿਆ ਇਮਾਰਤੀ ਢਾਂਚਾ ਇਥੇ ਕੀਤੀ ਗਈ ਹੋਰ ਉਸਾਰੀ ਦੇ ਡਿਜ਼ਾਇਨ ਨਾਲ ਮੇਲ ਖਾਂਦਾ ਹੈ, ਪਰ ਟਿਕਟ ਲਾਉਣਾ ਜਾਂ ਨਾ ਲਾਉਣਾ ਇਹ ਟਰੱਸਟ ਦੇ ਅਧਿਕਾਰ ਵਿੱਚ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਇਸ ਟਰੱਸਟ ਦੇ ਮੈਂਬਰ ਵਜੋਂ ਉਨ੍ਹਾਂ ਨੇ ਦਾਖਲਾ ਟਿਕਟ ਦਾ ਵਿਰੋਧ ਕੀਤਾ ਹੈ। ਹੁਣ ਇਥੇ ਕੋਈ ਵੀ ਦਾਖਲਾ ਟਿਕਟ ਨਹੀਂ ਹੋਵੇਗੀ। ਜਿਵੇਂ ਪਹਿਲਾਂ ਚਲ ਰਿਹਾ ਸੀ, ਉਸੇ ਤਰ੍ਹਾਂ ਹੀ ਇਥੇ ਆਮ ਸੈਲਾਨੀਆਂ ਦੀ ਆਮਦ ਚਲਦੀ ਰਹੇਗੀ।
ਦੱਸਣਾ ਬਣਦਾ ਹੈ ਕਿ ਇਥੇ ਦਾਖ਼ਲਾ ਦੁਆਰ ਕੋਲ ਅਤੇ ਸ਼ਹੀਦ ਊਧਮ ਸਿੰਘ ਦੇ ਬੁੱਤ ਅੱਗੇ ਇਕ ਇਮਾਰਤੀ ਢਾਂਚਾ ਉਸਾਰਿਆ ਗਿਆ ਹੈ, ਜਿਸ ਵਿਚ ਕਈ ਖਿੜਕੀਆਂ ਵੀ ਹਨ, ਜੋ ਟਿਕਟ ਕਾਊਂਟਰ ਦੀ ਦਿਖ ਦਿੰਦਾ ਹੈ। ਇਹ ਢਾਂਚਾ ਉਸਾਰੇ ਜਾਣ ਮਗਰੋਂ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਵੱਖ ਵੱਖ ਜਥੇਬੰਦੀਆਂ ਤੇ ਹੋਰਨਾਂ ਵੱਲੋਂ ਇਥੇ ਟਿਕਟ ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੁਝ ਜਥੇਬੰਦੀਆਂ ਨੇ ਸ਼ਹੀਦ ਦੇ ਬੁੱਤ ਅੱਗੇ ਇਮਾਰਤੀ ਢਾਂਚਾ ਉਸਾਰਨ ਨੂੰ ਸ਼ਹੀਦ ਦੇ ਬੁੱਤ ਦਾ ਅਪਮਾਨ ਕਰਾਰ ਦਿੱਤਾ ਹੈ। ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਦਾਖਲਾ ਟਿਕਟ ਲਾਉਣ ਦੇ ਆਪਣੇ ਤਜਵੀਜ਼ਤ ਫੈਸਲੇ ਨੂੰ ਵਾਪਸ ਲਿਆ ਹੈ। ਇਥੇ ਉਸਾਰੇ ਗਏ ਵਿਵਾਦਿਤ ਉਸਾਰੀ ਢਾਂਚੇ ਬਾਰੇ ਸ੍ਰੀ ਮਲਿਕ ਨੇ ਆਖਿਆ ਕਿ ਉਹ ਇਹ ਮਾਮਲਾ ਸਬੰਧਤ ਵਿਭਾਗ ਕੋਲ ਰੱਖਣਗੇ ਅਤੇ ਇਸ ਨੂੰ ਹਟਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਲੋਕ ਰੋਹ ਨੂੰ ਦੇਖਦਿਆਂ ਇਸ ਸਬੰਧ ਵਿਚ ਕੇਂਦਰ ਤੇ ਸਭਿਆਚਾਰਕ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਇਥੇ ਹੋ ਰਹੇ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਨੂੰ ਦੇਖਦਿਆਂ ਸਬੰਧਤ ਅਧਿਕਾਰੀਆਂ ਨੂੰ ਵੀ ਇਹ ਵਿਵਾਦਤ ਢਾਂਚਾ ਹਟਾਉਣ ਲਈ ਆਖਿਆ ਹੈ। ਇਥੇ ਭਾਰਤੀ ਪੁਰਾਤਤਵ ਵਿਭਾਗ ਦੀ ਨਿਗਰਾਨੀ ਹੇਠ ਲਗਪਗ 19.36 ਕਰੋੜ ਰੁਪਏ ਦੀ ਲਾਗਤ ਨਾਲ ਸਾਂਭ ਸੰਭਾਲ ਦੇ ਕੰਮ ਚਲ ਰਹੇ ਹਨ।

‘ਜਲਦੀ ਮੁਕੰਮਲ ਹੋਵੇਗਾ ਪਹਿਲਾ ਪੜਾਅ’

ਸ਼ਵੇਤ ਮਲਿਕ ਨੇ ਕਿਹਾ ਕਿ ਇਸ ਵਿਕਾਸ ਕਾਰਜਾਂ ਨਾਲ ਸਬੰਧਤ ਪ੍ਰੋਜੈਕਟ ਦਾ ਪਹਿਲਾ ਪੜਾਅ ਜਲਦੀ ਮੁਕੰਮਲ ਹੋ ਜਾਵੇਗਾ ਅਤੇ 13 ਅਪਰੈਲ ਤਕ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਕਰਨ ਦੀ ਯੋਜਨਾ ਹੈ ਤਾਂ ਜੋ ਇਥੇ ਆਉਣ ਵਾਲੇ ਸੈਲਾਨੀਆਂ ਨੂੰ ਸ਼ਹੀਦੀ ਇਤਿਹਾਸ ਬਾਰੇ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਇਕ ਵਾਰੀ ਵਿਕਾਸ ਕਾਰਜ ਮੁਕੰਮਲ ਹੋਣ ਮਗਰੋਂ ਇਸ ਨੂੰ ਰਾਤ 9 ਵਜੇ ਤਕ ਖੁੱਲ੍ਹਾ ਰੱਖਣ ਦੀ ਯੋਜਨਾ ਹੈ।