ਇਜ਼ਰਾਈਲ ਦੇ ਹਮਲੇ ’ਚ 14 ਫ਼ਲਸਤੀਨੀ ਹਲਾਕ
ਦੀਰ ਅਲ-ਬਲਾਹ, 2 ਜੂਨ
ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਪੱਟੀ ’ਚ ਇਕ ਰਿਹਾਇਸ਼ੀ ਟਿਕਾਣੇ ’ਤੇ ਸੋਮਵਾਰ ਨੂੰ ਕੀਤੇ ਗਏ ਹਮਲੇ ’ਚ 14 ਫ਼ਲਸਤੀਨੀ ਮਾਰੇ ਗਏ। ਸਿਹਤ ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ’ਚ ਪੰਜ ਔਰਤਾਂ ਅਤੇ ਸੱਤ ਬੱਚੇ ਸ਼ਾਮਲ ਹਨ। ਸ਼ਿਫ਼ਾ ਅਤੇ ਅਲ-ਆਹਿਲੀ ਹਸਪਤਾਲਾਂ ਨੇ ਉੱਤਰੀ ਗਾਜ਼ਾ ’ਚ ਜਬਾਲੀਆ ਸ਼ਰਨਾਰਥੀ ਕੈਂਪ ’ਤੇ ਹਮਲੇ ’ਚ ਮਾਰੇ ਗਏ ਲੋਕਾਂ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਨੇ ਸਾਰੇ ਬੰਦੀਆਂ ਦੀ ਰਿਹਾਈ ਅਤੇ ਹਮਾਸ ਨੂੰ ਹਰਾਉਣ ਤੱਕ ਜੰਗ ਜਾਰੀ ਰੱਖਣ ਦਾ ਅਹਿਦ ਲਿਆ ਹੈ। ਹਮਾਸ ਨੇ ਕਿਹਾ ਹੈ ਕਿ ਜੰਗਬੰਦੀ, ਇਜ਼ਰਾਇਲੀ ਸੈਨਾ ਦੀ ਵਾਪਸੀ ਅਤੇ ਫਲਸਤੀਨੀ ਕੈਦੀਆਂ ਨੂੰ ਛੱਡਣ ’ਤੇ ਹੀ ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਇਜ਼ਰਾਈਲ ਨੇ ਕਿਹਾ ਕਿ ਉਹ ਅਣਮਿੱਥੇ ਸਮੇਂ ਤੱਕ ਗਾਜ਼ਾ ’ਤੇ ਆਪਣਾ ਕੰਟਰੋਲ ਬਣਾਈ ਰੱਖੇਗਾ ਅਤੇ ਆਪਣੀ ਆਬਾਦੀ ਨੂੰ ਮਰਜ਼ੀ ਨਾਲ ਉਥੇ ਜਾਣ ਦੀ ਸਹੂਲਤ ਪ੍ਰਦਾਨ ਕਰੇਗਾ। ਫ਼ਲਸਤੀਨੀਆਂ ਅਤੇ ਜ਼ਿਆਦਾਤਰ ਕੌਮਾਂਤਰੀ ਭਾਈਚਾਰੇ ਨੇ ਮੁੜ ਵਸੇਬੇ ਬਾਰੇ ਇਜ਼ਰਾਈਲ ਦੀਆਂ ਯੋਜਨਾਵਾਂ ਨੂੰ ਨਕਾਰ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਗਾਜ਼ਾ ’ਚੋਂ ਜਬਰੀ ਕੱਢਿਆ ਜਾਵੇਗਾ। -ਏਪੀ