ਇਜ਼ਰਾਈਲ ਕਿਉਂ ਕਰਦਾ ਹੈ ਸੀਰੀਆ ’ਤੇ ਬੰਬਾਰੀ?
ਸੁਰਿੰਦਰ ਸਿੰਘ ਤੇਜ
ਇਜ਼ਰਾਈਲ ਹਰ ਤੀਜੇ ਦਿਨ ਸੀਰੀਆ (ਅਰਬੀ ਨਾਂਅ : ਸ਼ਾਮ) ਉੱਤੇ ਬੰਬਾਰੀ ਕਰਦਾ ਆ ਰਿਹਾ ਹੈ। ਇਸ ਬੰਬਾਰੀ ਦਾ ਕੌਮਾਂਤਰੀ ਮੀਡੀਆ ਵਿੱਚ ਜ਼ਿਆਦਾ ਜ਼ਿਕਰ ਨਹੀਂ ਹੁੰਦਾ ਕਿਉਂਕਿ ਇਹ ਸੀਮਤ ਕਿਸਮ ਦੀ ਹੁੰਦੀ ਹੈ, ਗਾਜ਼ਾ ਵਰਗੀ ਕਹਿਰੀ ਨਹੀਂ। ਸੀਰੀਆ ਦੇ ਨਵੇਂ ਹੁਕਮਰਾਨ ਅਹਿਮਦ ਅਲ-ਸ਼ਾਰਾ ਨੇ ਇਸ ਬੰਬਾਰੀ ਖ਼ਿਲਾਫ਼ ਡੋਨਲਡ ਟਰੰਪ ਕੋਲ ਵੀ ਸ਼ਿਕਾਇਤ ਕੀਤੀ ਹੈ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੂਏਲ ਮੈਕਰੋਂ ਕੋਲ ਵੀ। ਦੋਵਾਂ ਨੇ ਇਜ਼ਰਾਈਲ ਨੂੰ ਰੋਕਣ ਪ੍ਰਤੀ ਅਸਮਰਥਤਾ ਪ੍ਰਗਟਾਈ ਹੈ। ਸੀਰੀਆ ਕੋਲ ਇਸ ਵੇਲੇ ਆਪਣੀ ਕੋਈ ਹਵਾਈ ਸੈਨਾ ਨਹੀਂ। ਨਾ ਹੀ ਹਵਾਈ ਸੁਰੱਖਿਆ ਕਵਚ, ਮਿਸਾਈਲ ਪ੍ਰਣਾਲੀ ਦੇ ਰੂਪ ਵਿੱਚ ਹੈ। ਸੀਰਿਆਈ ਲੜਾਕੂ ਜੈੱਟ ਇਜ਼ਰਾਈਲ ਨੇ ਤਿੰਨ ਸਾਲ ਪਹਿਲਾਂ ਤਬਾਹ ਕਰ ਦਿੱਤੇ ਸਨ। ਬਸ਼ਰ ਅਲ-ਅਸਦ ਦੀ ਹਕੂਮਤ ਸੀ ਉਦੋਂ। ਪੂਰਾ ਮੁਲਕ ਖ਼ਾਨਾਜੰਗੀ ਵਿੱਚ ਗ੍ਰਸਤ ਸੀ। ਅਸਦ-ਵਿਰੋਧੀ ਬਾਗ਼ੀਆਂ ਨੂੰ ਖਦੇੜਨ ਲਈ ਰੂਸ ਉਨ੍ਹਾਂ ਦੇ ਕਬਜ਼ੇ ਹੇਠਲੇ ਇਲਾਕਿਆਂ ਉੱਤੇ ਲਗਾਤਾਰ ਬੰਬਾਰੀ ਕਰਦਾ ਰਿਹਾ, ਪਰ ਉਸ ਨੇ ਦਮੱਸ਼ਕ ਜਾਂ ਹੋਰ ਸੀਰੀਆਈ ਫ਼ੌਜੀ ਛਾਉਣੀਆਂ ਉੱਤੇ ਇਜ਼ਰਾਇਲੀ ਬੰਬਾਰੀ ਰੋਕਣ ਦਾ ਕੋਈ ਯਤਨ ਨਹੀਂ ਕੀਤਾ। ਉਹ ਨਹੀਂ ਸੀ ਚਾਹੁੰਦਾ ਕਿ ਇਜ਼ਰਾਈਲ ਨਾਲ ਸੀਰੀਆਈ ਹਵਾਈ ਮੰਡਲ ’ਤੇ ਖਹਿਬੜ ਕੇ ਉਹ ਯਹੂਦੀ ਮੁਲਕ ਨੂੰ ਮੱਧ-ਸਾਗਰੀ ਸੀਰੀਆਈ ਬੰਦਰਗਾਹ ਲਾਤਾਕੀਆ ਉੱਤੇ ਹਵਾਈ ਹਮਲੇ ਕਰਨ ਦਾ ਬਹਾਨਾ ਦੇ ਦੇਵੇ। ਇਹ ਬੰਦਰਗਾਹ ਰੂਸੀ ਜਲ-ਸੈਨਿਕ ਅੱਡਾ ਵੀ ਸੀ ਅਤੇ ਸਾਰਾ ਸਾਲ ਬਰਾਮਦਾਂ-ਦਰਾਮਦਾਂ ਸੰਭਵ ਬਣਾਉਣ ਵਾਲੀ ਸਮੁੰਦਰੀ ਗੋਦੀ ਵੀ। ਬਸ਼ਰ ਅਲ-ਅਸਦ ਦੀ ਹਕੂਮਤ ਦੇ ਪਤਨ ਦੇ ਬਾਵਜੂਦ ਰੂਸ ਨੇ ਇਸ ਬੰਦਰਗਾਹ ਦੀ ਫ਼ੌਜੀ ਤੇ ਗ਼ੈਰ-ਫ਼ੌਜੀ ਵਰਤੋਂ ਬਰਕਰਾਰ ਰੱਖੀ ਹੋਈ ਹੈ। ਅਲ-ਸ਼ਾਰਾ ਦੀ ਹਕੂਮਤ ਵੀ ਅਜੇ ਇਸ ਸਥਿਤੀ ਵਿੱਚ ਨਹੀਂ ਕਿ ਉਹ ਇਸ ਬੰਦਰਗਾਹ ਸਬੰਧੀ ਰੂਸ-ਸੀਰੀਆ ਸੰਧੀ ਮਨਸੂਖ਼ ਕਰ ਸਕੇ।
ਇਜ਼ਰਾਈਲ-ਸੀਰੀਆ ਦੁਸ਼ਮਣੀ, ਯਹੂਦੀ ਮੁਲਕ ਦੀ 1948 ਵਿੱਚ ਪੈਦਾਇਸ਼ ਦੇ ਸਮੇਂ ਤੋਂ ਚਲੀ ਆ ਰਹੀ ਹੈ। ਉਦੋਂ ਅਲ-ਸੁਲੇਮਾਨ ਅਲ-ਅਸਦ ਸੀਰੀਆ ਦਾ ਹਾਕਮ ਸੀ। ਇਜ਼ਰਾਈਲ ਉਸ ਸਮੇਂ ਸੀਰੀਆ ਨੂੰ ਝੰਬ ਨਹੀਂ ਸੀ ਸਕਿਆ। ਉਸ ਦੀ ਕੋਸ਼ਿਸ਼ ਫ਼ਲਸਤੀਨੀਆਂ ਦਾ ਵੱਧ ਤੋਂ ਵੱਧ ਇਲਾਕਾ ਦੱਬਣ ਤੱਕ ਸੀਮਤ ਰਹੀ ਸੀ। 1967 ਦੀ ਛੇ-ਰੋਜ਼ਾ ਜੰਗ ਦੌਰਾਨ ਇਜ਼ਰਾਈਲ ਨੇ ਸੀਰੀਆ ਨੂੰ ਵੀ ਚੰਗਾ ਕੁਟਾਪਾ ਚਾੜ੍ਹਿਆ ਅਤੇ ਜੌਰਡਨ (ਅਰਬੀ ਨਾਂਅ: ਯੁਰਦਨ ਜਾਂ ਉਰਦਨ) ਨੂੰ ਵੀ।
ਸੀਰੀਆ ਤੋਂ ਉਸ ਨੇ ਗੋਲਾਨ ਪਹਾੜੀਆਂ (ਗੋਲਾਨ ਹਾਈਟਸ) ਦਾ ਇਲਾਕਾ ਖੋਹ ਲਿਆ ਅਤੇ ਜੌਰਡਨ ਪਾਸੋਂ ਪੱਛਮੀ ਕੰਢਾ। ਯੇਰੂਸ਼ਲਮ ਦੇ ਅਰਬਾਂ ਵਾਲੇ ਹਿੱਸੇ ਉੱਤੋਂ ਜੌਰਡਨ ਦਾ ਕੰਟਰੋਲ ਵੀ ਖੁੱਸ ਗਿਆ। ਇਸ ਤੋਂ ਬਾਅਦ ਜੌਰਡਨ ਪਹਿਲਾ ਅਜਿਹਾ ਅਰਬ ਮੁਲਕ ਰਿਹਾ ਜਿਸ ਨੇ ਇਜ਼ਰਾਈਲ ਨਾਲ ਸਮਝੌਤੇ ਦਾ ਰਾਹ ਚੁਣਿਆ। ਜੌਰਡਨ ਦਾ ਸ਼ਾਹੀ ਘਰਾਣਾ ਹਜ਼ਰਤ ਮੁਹੰਮਦ ਸਾਹਿਬ ਵਾਲੇ ਹਾਸ਼ਮੀ ਕੁਨਬੇ ਵਿੱਚੋਂ ਹੈ। ਇਹ ਇੱਕੋ-ਇੱਕ ਅਜਿਹਾ ਅਰਬ ਮੁਲਕ ਹੈ ਜਿਸ ਦਾ ਸ਼ਾਹੀ ਘਰਾਣਾ ਇਸਲਾਮ ਦੇ ਆਖ਼ਰੀ ਪੈਗੰਬਰ ਨਾਲ ਖ਼ੂਨ ਦਾ ਰਿਸ਼ਤਾ ਹੋਣ ਦਾ ਦਾਅਵਾ ਕਰਦਾ ਹੈ। ਅਜਿਹਾ ਹੋਣ ਦੇ ਬਾਵਜੂਦ ਇਹ ਘਰਾਣਾ ਤੁਅੱਸਬੀ ਨਹੀਂ। ਨਾ ਹੀ ਮੁਲਕ ਵਿੱਚ ਤੁਅੱਸਬ ਨੂੰ ਠੋਸਣਾ ਬਰਦਾਸ਼ਤ ਕੀਤਾ ਜਾਂਦਾ ਹੈ। ਇਜ਼ਰਾਈਲ ਨੇ ਜੌਰਡਨ ਦੇ ਸ਼ਾਹ ਹੁਸੈਨ ਨਾਲ 1971 ਵਿੱਚ ਹੋਏ ਸਮਝੌਤੇ ਰਾਹੀਂ ਜੌਰਡਨ ਦਰਿਆ ਦੇ ਪੱਛਮੀ ਕੰਢੇ ਦੇ ਇਲਾਕੇ ਨੂੰ ਫ਼ਲਸਤੀਨੀਆਂ ਦੀ ਵਸੋਂ ਲਈ ਖਾਲੀ ਕਰ ਦਿੱਤਾ। ਇਹੋ ਇਲਾਕਾ ਬਾਅਦ ਵਿੱਚ ਨੀਮ-ਖ਼ੁਦਮੁਖਤਾਰ ਮੁਲਕ ਫ਼ਲਸਤੀਨ ਦਾ ਮੁੱਖ ਖੇਤਰ ਬਣ ਗਿਆ। ਇਸੇ ਫ਼ਲਸਤੀਨ ਦਾ ਦੂਜਾ ਹਿੱਸਾ ਗਾਜ਼ਾ ਪੱਟੀ ਸੀ ਜਿਸ ਨੂੰ ਹੁਣ ਇਜ਼ਰਾਈਲ ਨੇ ਫ਼ਲਸਤੀਨੀਆਂ ਦੀ ਨਸਲਕੁਸ਼ੀ ਦਾ ਨਿਸ਼ਾਨਾ ਬਣਾਇਆ ਹੋਇਆ ਹੈ।
1971 ਵਿੱਚ ਸੀਰੀਆ ’ਚ ਹਾਫਿਜ਼ ਅਲ-ਅਸਦ ਦੀ ਹਕੂਮਤ ਕਾਇਮ ਹੋਈ। ਉਹ ਬਾ’ਥ ਪਾਰਟੀ ਦਾ ਆਗੂ ਸੀ। ਉਸ ਦੇ ਰਾਜ-ਕਾਲ ਦੌਰਾਨ ਸੀਰੀਆ ਤੇ ਇਰਾਨ ਦਰਮਿਆਨ ਨੇੜਲੇ ਸਬੰਧ ਕਾਇਮ ਹੋਏ ਅਤੇ ਇਰਾਨ ਨੇ ਲੈਬਨਾਨ ਵਿੱਚ ਸ਼ੀਆ ਲੜਾਕੂ ਜਥੇਬੰਦੀ ਹਿਜ਼ਬੁੱਲਾ (ਮੋਮਿਨਾਂ ਦੀ ਜਮਾਤ) ਖੜ੍ਹੀ ਕਰਨ ਲਈ ਸੀਰੀਆ ਨੂੰ ਸਰੋਤ ਵਜੋਂ ਵਰਤਿਆ। ਇਸੇ ਬਹਾਨੇ ਸੀਰੀਆ, ਲੈਬਨਾਨ ਦਾ ਇਲਾਕਾ ਵੀ ਕੁਤਰਦਾ ਚਲਿਆ ਗਿਆ। ਇਹ ਦੋਵੇਂ ਮੁਲਕ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਫਰਾਂਸ ਦਾ ਪ੍ਰਭਾਵ ਖੇਤਰ ਮੰਨੇ ਗਏ ਸਨ। ਲਿਹਾਜ਼ਾ, ਲੈਬਨਾਨ ਨਾਲ ਹੋ ਰਹੀ ਜ਼ਿਆਦਤੀ ਰੋਕਣ ਲਈ ਫਰਾਂਸ ਨੂੰ ਕਈ ਵਾਰ ਦਖ਼ਲ ਦੇਣਾ ਪਿਆ। 1979 ਵਿੱਚ ਇਰਾਨ ਵਿੱਚ ਇਸਲਾਮੀ ਇਨਕਲਾਬ ਤੋਂ ਬਾਅਦ ਇਰਾਨ ਨੇ ਸ਼ੀਆ ਇਸਲਾਮ ਦਾ ਪਰਚਮ ਦੂਰ ਦੂਰ ਤਕ ਫੈਲਾਉਣ ਦਾ ਟੀਚਾ ਮਿਥਿਆ। ਲੈਬਨਾਨ ਇਸ ਪੱਖੋਂ ਸਭ ਤੋਂ ਆਸਾਨ ਨਿਸ਼ਾਨਾ ਸੀ। ਹਿਜ਼ਬੁੱਲਾ ਨੇ ਉੱਥੇ ਇਰਾਨੀ ਮਦਦ ਨਾਲ ਸਮਾਨੰਤਰ ਹਕੂਮਤ ਵੀ ਸਥਾਪਿਤ ਕਰ ਲਈ ਅਤੇ ਦੱਖਣੀ ਲੈਬਨਾਨ ਨੂੰ ਆਪਣਾ ਗੜ੍ਹ ਬਣਾ ਕੇ ਇਜ਼ਰਾਈਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਦੱਖਣੀ ਲੈਬਨਾਨ ਤੋਂ ਤਲ ਅਵੀਵ ਅਤੇ ਸਮੁੱਚੇ ਇਜ਼ਰਾਇਲੀ ਸਾਹਿਲੀ ਖੇਤਰ ’ਤੇ ਹਮਲੇ ਕਰਨੇ ਆਸਾਨ ਸਨ। ਹਿਜ਼ਬੁੱਲਾ ਦੇ ਰਾਕੇਟ ਚਾਰ ਦਹਾਕਿਆਂ ਤੱਕ ਇਜ਼ਰਾਈਲ ਦਾ ਜਿਊਣਾ ਮੁਹਾਲ ਕਰਦੇ ਰਹੇ। ਇਹ ਹਮਲੇ ਛੇ ਮਹੀਨੇ ਪਹਿਲਾਂ ਇਜ਼ਰਾਈਲ ਵੱਲੋਂ ਦੱਖਣੀ ਲੈਬਨਾਨ ਅਤੇ ਰਾਜਧਾਨੀ ਬੈਰੂਤ ਦੀਆਂ ਸ਼ੀਆ ਬਸਤੀਆਂ ਵਿੱਚ ਗਾਜ਼ਾ ਵਾਲਾ ਹਸ਼ਰ ਦੁਹਰਾਏ ਜਾਣ ਕਾਰਨ ਬੰਦ ਹੋਏ ਹਨ। ਹਿਜ਼ਬੁੱਲਾ ਦਾ ਕਾਡਰ ਭਾਵੇਂ ਥੋੜ੍ਹਾ-ਬਹੁਤ ਬਰਕਰਾਰ ਹੈ, ਪਰ ਸੀਰੀਆ ਵਾਲਾ ਰੂਟ ਬੰਦ ਹੋਣ ਕਾਰਨ ਇਸ ਨੂੰ ਇਰਾਨ ਤੋਂ ਹਥਿਆਰ ਨਹੀਂ ਮਿਲ ਰਹੇ। ਇਸ ਦੀ ਇਸ ਕਮਜ਼ੋਰੀ ਨੇ ਲੈਬਨਾਨ ਦੀ ਸਰਕਾਰੀ ਫ਼ੌਜ ਨੂੰ ਵੀ ਦਲੇਰ ਬਣਾ ਦਿੱਤਾ ਹੈ। ਉਸ ਨੇ ਨਵੇਂ ਸਿਰਿਉਂ ਜਥੇਬੰਦ ਹੋਣ ਦੇ ਹਿਜ਼ਬੁੱਲਾ ਦੇ ਯਤਨਾਂ ਨੂੰ ਅਜੇ ਤੱਕ ਬੂਰ ਨਹੀਂ ਪੈਣ ਦਿੱਤਾ।
ਅਲ-ਅਸਦ ਕੁਨਬਾ ਭਾਵੇਂ ਸ਼ੀਆ ਮੁਸਲਮਾਨ ਸਮਝਿਆ ਜਾਂਦਾ ਸੀ, ਪਰ ਹੈ ਉਹ ਅਲਵਾਇਤੀ। ਅਲਵਾਈਤ, ਅਸਲ ਸ਼ੀਆ ਇਸਲਾਮ ਤੋਂ ਓਨੇ ਹੀ ਅਲਹਿਦਾ ਹਨ ਜਿੰਨੇ ਇਸਮਾਇਲੀ ਸ਼ੀਆ (ਆਗ਼ਾ ਖ਼ਾਨ ਦੇ ਪੈਰੋਕਾਰ), ਪਰ ਇਰਾਨੀ ਇਮਾਮ ਇਨ੍ਹਾਂ ਦੀ ਖੁੱਲ੍ਹ ਕੇ ਵਿਰੋਧਤਾ ਨਹੀਂ ਕਰਦੇ। ਉਹ ਨਹੀਂ ਚਾਹੁੰਦੇ ਕਿ ਸ਼ੀਆ ਸਮਾਜ ਅੰਦਰਲੀਆਂ ਵੰਡੀਆਂ ਦਾ ਸੁੰਨੀ ਜਾਂ ਵਹਾਬੀ ਸਮਾਜ ਲਾਹਾ ਲਵੇ। ਅਲਵਾਇਤੀਆਂ ਜਾਂ ਇਸਮਾਇਲੀਆਂ ਵਾਂਗ ਸ਼ੀਆ ਸਮਾਜ ਵਿੱਚੋਂ ਹੀ ਕਈ ਹੋਰ ਸੰਪਰਦਾਵਾਂ ਜਾਂ ਫ਼ਿਰਕੇ ਸਮੇਂ ਸਮੇਂ ਨਿਕਲਦੇ ਆਏ ਹਨ। ਕੁਝ ਧਰਮ ਪਹਿਲਾਂ ਹੀ ਅਰਬਿਸਤਾਨ ਵਿੱਚ ਮੌਜੂਦ ਸਨ ਜਿਨ੍ਹਾਂ ਨੇ ਇਸਲਾਮੀ ਕੱਟੜਪੰਥੀ ਦੇ ਬਾਵਜੂਦ ਆਪਣੇ ਅਕੀਦੇ ਤਿਆਗੇ ਨਹੀਂ। ਇਨ੍ਹਾਂ ਵਿੱਚੋਂ ਪਾਰਸੀ ਮੱਤ, ਬਹਾਈ, ਦਰੂਜ਼, ਯਜ਼ੀਦੀ, ਰਫ਼ਸਸ਼ਾਹੀ ਆਦਿ ਧਰਮ ਆਪਣੇ ਪੈਰੋਕਾਰਾਂ ਦੀ ਗਿਣਤੀ ਪੱਖੋਂ ਬੋਧੀਆਂ, ਦੁਆਜਪੰਥੀਆਂ ਆਦਿ ਤੋਂ ਕੁਝ ਵਡੇਰੇ ਮੰਨੇ ਜਾਂਦੇ ਹਨ। ਪਾਰਸੀ ਜਾਂ ਬਹਾਈ ਮਤਾਂ ਉੱਪਰ ਪ੍ਰਾਚੀਨ ਆਰੀਆ ਧਰਮ ਵਾਲਾ ਅਸਰ ਕੁਝ ਹੱਦ ਤੱਕ ਮੌਜੂਦ ਹੈ ਜਦੋਂਕਿ ਦਰੂਜ਼, ਯਜ਼ੀਦੀ ਤੇ ਰਫ਼ਸਸ਼ਾਹੀ ਖ਼ੁਦ ਨੂੰ ਏਕਈਸ਼ਵਰਵਾਦੀ ਤੇ ਇਬਰਾਹਿਮੀ ਹੀ ਮੰਨਦੇ ਹਨ। ਦਰੂਜ਼ਾਂ ਤੇ ਯਜ਼ੀਦੀਆਂ ਲਈ ਅੱਲ੍ਹਾ ਸਰਬ-ਉੱਚ ਹੈ। ਇਸਲਾਮ ਵਾਂਗ ਇਨ੍ਹਾਂ ਦੇ ਪੈਗ਼ੰਬਰ ਵੀ ਰੱਬ ਦਾ ਰੂਪ ਨਹੀਂ, ਰੱਬ ਦੇ ਦੂਤ ਜਾਂ ਆਪਣੇ ਪੈਰੋਕਾਰਾਂ ਲਈ ਮੁਰਸ਼ਦ ਹਨ। ਇਸੇ ਲਈ ਉਨ੍ਹਾਂ ਦੀਆਂ ਇਬਾਦਤਗਾਹਾਂ ਵਿੱਚ ਇਬਾਦਤ ਸਿਰਫ਼ ਅੱਲ੍ਹਾ ਦੀ ਕੀਤੀ ਜਾਂਦੀ ਹੈ, ਉਸ ਦੇ ਰਸੂਲਾਂ ਦੀ ਨਹੀਂ। ਧਾਰਮਿਕ ਮੱਤਭੇਦਾਂ ਦੇ ਬਾਵਜੂਦ ਇਜ਼ਰਾਈਲ ਖ਼ੁਦ ਨੂੰ ਦਰੂਜ਼ਾਂ ਦਾ ਸਰਪ੍ਰਸਤ ਮੰਨਦਾ ਹੈ।
ਕੌਣ ਹਨ ਦਰੂਜ਼ ?
ਇਸ ਸਵਾਲ ਦੇ ਜਵਾਬ ਦੇਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਇਸਲਾਮੀ ਸਮਾਜ ਵੱਲੋਂ ਕਾਫ਼ਿਰ ਗਿਣੇ ਜਾਂਦੇ ਦਰੂਜ਼ ਤਕਰੀਬਨ ਇੱਕ ਦਹਿਸਦੀ ਪਹਿਲਾਂ ਮਿਸਰ ਵਿੱਚ ਇਸਮਾਇਲੀ ਸ਼ੀਆ ਮੱਤ ਵਿੱਚੋਂ ਹੀ ਉਗਮੇ ਸਨ। ਹੁਣ ਮਿਸਰ ਵਿੱਚ ਉਨ੍ਹਾਂ ਦੀ ਵਸੋਂ ਨਾਂ-ਮਾਤਰ ਹੈ। ਬਹੁਤੀ ਵਸੋਂ ਸੀਰੀਆ ਵਿੱਚ ਦਮੱਸ਼ਕ ਦੇ ਪੱਛਮ-ਦੱਖਣ ਤੋਂ ਲੈ ਕੇ ਗੋਲਾਨ ਹਾਈਟਸ ਤਕ ਦੇ ਇਲਾਕੇ ਵਿੱਚ ਵਸੀ ਹੋਈ ਹੈ। ਤਕਰੀਬਨ 20 ਲੱਖ ਦੇ ਕਰੀਬ ਦਰੂਜ਼ ਹਨ ਸਮੁੱਚੀ ਦੁਨੀਆ ਵਿੱਚ। ਇਸ ਗਿਣਤੀ ਵਿੱਚੋਂ ਅੱਧੇ ਕੁ ਸੀਰੀਆ ਦੇ ਵਸਨੀਕ ਹਨ ਅਤੇ 20-20 ਫ਼ੀਸਦੀ ਲੈਬਨਾਨ ਤੇ ਇਜ਼ਰਾਈਲ ਦੇ ਨਾਗਰਿਕ ਹਨ। ਬਾਕੀ ਦਰੂਜ਼, ਅਮਰੀਕਾ ਜਾਂ ਯੂਰੋਪ ਵਿੱਚ ਫੈਲੇ ਹੋਏ ਹਨ। ਦਰੂਜ਼ ਖ਼ੁਦ ਨੂੰ ਅਲ-ਮੁਹੱਵੀਦੂਨ (ਸਭ ਧਰਮਾਂ ਦਾ ਸਤਿਕਾਰ ਕਰਨ ਵਾਲੇ) ਦੱਸਦੇ ਹਨ। 1017-18 ਵਿੱਚ ਪੈਦਾ ਹੋਏ ਇਸ ਮੱਤ ਦੇ ਸੰਸਥਾਪਕ ਹਮਜ਼ਾ ਇਬਨ ਅਲੀ ਇਬਨ ਅਹਿਮਦ ਸਨ। ਇਨ੍ਹਾਂ ਦੀਆਂ ਇਬਾਦਤਗਾਹਾਂ ਮਸਜਿਦਾਂ ਵਰਗੀਆਂ ਹਨ। ਧਰਮ ਗਰੰਥ ਦਾ ਨਾਮ ‘ਰਸਾਇਲਾ ਅਲ-ਹਿਕਮਾ’ ਹੈ। ਮੁੱਖ ਧਰਮ ਅਸਥਾਨ ਹਿਤੀਨ ਹੈ ਜੋ ਕਿ ਮੱਧ ਸਾਗਰੀ ਇਜ਼ਰਾਇਲੀ ਨਗਰ ਗੈਲਿਲੀ ਦੇ ਨੇੜੇ ਪੈਂਦਾ ਹੈ। ਦਰੂਜ਼ਾਂ ਦੀਆਂ ਰਹੁਰੀਤਾਂ ਇਸਲਾਮ ਤੇ ਇਸਾਈ ਮੱਤ ਦਾ ਮਿਸ਼ਰਣ ਹਨ। ਇਸਲਾਮ ਵਾਂਗ ਦਰੂਜ਼ ਵੀ ਪੰਜ ਪ੍ਰਾਰਥਨਾਵਾਂ ਵਿੱਚ ਯਕੀਨ ਰੱਖਦੇ ਹਨ। ਸੂਰ ਦੇ ਮਾਸ ਨੂੰ ਇਹ ਵੀ ਹਰਾਮ ਮੰਨਦੇ ਹਨ। ਇਨ੍ਹਾਂ ਵਿੱਚ ਧਰਮ ਪਰਿਵਰਤਨ ਦੀ ਪ੍ਰਥਾ ਨਹੀਂ। ਜੇਕਰ ਦਰੂਜ਼ ਔਰਤ, ਗ਼ੈਰ-ਦਰੂਜ਼ ਨਾਲ ਵਿਆਹ ਕਰਦੀ ਹੈ ਤਾਂ ਉਸ ਦੀ ਔਲਾਦ ਨੂੰ ਦਰੂਜ਼ ਨਹੀਂ ਮੰਨਿਆ ਜਾਂਦਾ (ਪਾਰਸੀਆਂ ਦੀ ਰੀਤ ਵੀ ਇਹੋ ਹੈ।) ਪਰ ਜੇਕਰ ਦਰੂਜ਼ ਮਰਦ, ਧਰਮ ਤੋਂ ਬਾਹਰ ਜਾ ਕੇ ਵਿਆਹ ਕਰਦਾ ਹੈ ਤਾਂ ਉਸ ਦੇ ਬੱਚਿਆਂ ਨੂੰ ਦਰੂਜ਼ ਮੰਨਿਆ ਜਾਂਦਾ ਹੈ। ਬੁੱਤਪ੍ਰਸਤੀ ਦੀ ਵੀ ਦਰੂਜ਼ਾਂ ਵਿੱਚ ਮਨਾਹੀ ਹੈ। ਮਿਸਰ ਦੇ ਫ਼ਾਤਮੀ ਤੇ ਮਮਲੂਕ ਖ਼ਲੀਫ਼ਿਆਂ ਅਤੇ ਤੁਰਕੀ ਦੇ ਔਟੋਮਨ ਖ਼ਲੀਫ਼ਿਆਂ ਦੀ ਪੱਛਮੀ ਏਸ਼ੀਆ ਵਿੱਚ ਚੜ੍ਹਤ ਦੇ ਦਿਨਾਂ ਦੌਰਾਨ ਦਰੂਜ਼ਾਂ ’ਤੇ ਬਹੁਤ ਜ਼ੁਲਮ ਹੋਏ। ਇਹ 19ਵੀਂ ਸਦੀ ਵਿੱਚ ਆ ਕੇ ਘਟੇ। ਇਨ੍ਹਾਂ ਨੇ ਫ਼ਲਸਤੀਲੀ ਇਲਾਕੇ ਵਿੱਚ ਯਹੂਦੀ ਹੋਮਲੈਂਡ ਇਜ਼ਰਾਈਲ ਦੀ ਸਥਾਪਨਾ ਦਾ ਵਿਰੋਧ ਨਹੀਂ ਕੀਤਾ ਜਿਸ ਕਾਰਨ ਇਜ਼ਰਾਈਲ ਨੇ ਇਨ੍ਹਾਂ ਨੂੰ ਹਿਫ਼ਾਜ਼ਤ ਪ੍ਰਦਾਨ ਕਰਨੀ ਸ਼ੁਰੂ ਕੀਤੀ ਜੋ ਕਿ ਬਾਅਦ ਵਿੱਚ ਸਥਾਈ ਸਰਪ੍ਰਸਤੀ ਵਿੱਚ ਬਦਲ ਗਈ। ਲੈਬਨਾਨ ਤੇ ਸੀਰੀਆ ਵਿੱਚ ਇਜ਼ਰਾਈਲ ਦੀ ਮਦਦ ਨਾਲ ਖੜ੍ਹਾ ਕੀਤਾ ਦਰੂਜ਼ ਮਿਲੀਸ਼ੀਆ ਦੋ ਦਹਾਕਿਆਂ ਤੋਂ ਵੱਧ ਸਮੇਂ (1984 ਤੋਂ 2010) ਤੱਕ ਦੋਵਾਂ ਮੁਲਕਾਂ ਵਿੱਚ ਇਜ਼ਰਾਈਲ ਦੇ ਹਰਾਵਲ ਦਸਤੇ ਵਜੋਂ ਵਿਚਰਦਾ ਰਿਹਾ।
ਬਸ਼ਰ ਅਲ-ਅਸਦ ਦੇ ਰਾਜਕਾਲ ਦੌਰਾਨ ਸੀਰੀਆ ਵਿੱਚ ਦਰੂਜ਼ਾਂ ਉੱਤੇ ਸਰਕਾਰੀ ਧਿਰ ਦੇ ਹਰ ਹਮਲੇ ਦਾ ਜਵਾਬ ਇਜ਼ਰਾਈਲ ਵੱਲੋਂ ਬੰਬਾਰੀ ਰਾਹੀਂ ਦਿੱਤਾ ਜਾਂਦਾ ਸੀ। ਬੰਬਾਰੀ ਹੁੰਦੀ ਵੀ ਰਾਜਧਾਨੀ ਦਮੱਸ਼ਕ ਜਾਂ ਆਸ-ਪਾਸ ਦੇ ਇਲਾਕਿਆਂ ’ਤੇ ਸੀ। ਇਸੇ ਲਈ ਅਸਦ ਹਕੂਮਤ ਦੀ ਕੋਸ਼ਿਸ਼ ਰਹਿੰਦੀ ਸੀ ਕਿ ਆਪਣੇ ਹਮਾਇਤੀਆਂ ਨੂੰ ਕਾਬੂ ਵਿੱਚ ਰੱਖਿਆ ਜਾਵੇ ਅਤੇ ਇਜ਼ਰਾਈਲ ਨੂੰ ਬੰਬਾਰੀ ਦਾ ਬਹਾਨਾ ਨਾ ਮੁਹੱਈਆ ਕਰਵਾਇਆ ਜਾਵੇ। ਇਹ ਵੱਖਰੀ ਗੱਲ ਹੈ ਕਿ ਇਜ਼ਰਾਈਲ, ਹਿਜ਼ਬੁੱਲਾ ਦੇ ਸਪਲਾਈ ਰੂਟ ਠੱਪ ਕਰਨ ਦੇ ਬਹਾਨੇ ਸੀਰੀਆ ਉੱਤੇ ਗਾਹੇ-ਬਗਾਹੇ ਬੰਬਾਰੀ ਕਰਦਾ ਹੀ ਰਹਿੰਦਾ ਸੀ। ਪਿਛਲੇ ਸਾਲ ਦਸੰਬਰ ਮਹੀਨੇ ਇਸਲਾਮਪ੍ਰਸਤ ‘ਤਹਿਰੀਰ ਅਲ-ਸ਼ਾਮ’ ਦਾ ਸੀਰੀਆ ਉੱਤੇ ਕਬਜ਼ਾ ਹੋਣ ਮਗਰੋਂ ਇਸ ਤਹਿਰੀਰ ਦੇ ਸੁੰਨੀ ਕੱਟੜਪੰਥੀਆਂ ਨੇ ਦਰੂਜ਼ਾਂ ਦੇ ਪਿੰਡਾਂ-ਕਸਬਿਆਂ ਦੀ ਲੁੱਟਮਾਰ ਸ਼ੁਰੂ ਕਰ ਦਿੱਤੀ ਤਾਂ ਇਜ਼ਰਾਇਲੀ ਬੰਬਾਰ, ਜਵਾਬੀ ਕਾਰਵਾਈ ਲਈ ਪਰਤ ਆਏ। ਹੁਣ ਹਾਲ ਇਹ ਹੈ ਕਿ ਜੇਕਰ ਕਿਸੇ ਦਰੂਜ਼ ਦੀ ਦੁਕਾਨ ਵੀ ਲੁੱਟੀ ਜਾਂਦੀ ਹੈ ਤਾਂ ਇਜ਼ਰਾਇਲੀ ਲੜਾਕੂ ਜਹਾਜ਼, ਸੀਰੀਅਨ ਸੁੰਨੀਆਂ ਦੀ ਨੇੜਲੀ ਬਸਤੀ ਦੀਆਂ ਪੰਜ-ਸੱਤ ਇਮਾਰਤਾਂ ਬੰਬਾਂ ਨਾਲ ਉਡਾ ਜਾਂਦੇ ਹਨ। ਇਜ਼ਰਾਇਲੀ ਧੌਂਸ ਹੋਰ ਕਿਸੇ ਨੂੰ ਰਾਸ ਆਵੇ ਜਾਂ ਨਾ, ਦਰੂਜ਼ਾਂ ਨੂੰ ਖ਼ੂਬ ਰਾਸ ਆ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅੱਲ੍ਹਾ-ਪਾਕ ਕਈ ਸਦੀਆਂ ਬਾਅਦ ਉਨ੍ਹਾਂ ਉੱਤੇ ਮਿਹਰਬਾਨ ਹੋਇਆ ਹੈ।
ਦਰੂਜ਼ ਕੌਮ ਨਾਲ ਪਹਿਲੀ ਜਾਣ-ਪਛਾਣ
ਦਰੂਜ਼ਾਂ ਬਾਰੇ ਥੋੜ੍ਹਾ-ਬਹੁਤ ਗਿਆਨ ਸਰਗਰਮ ਅਖ਼ਬਾਰਨਵੀਸੀ ਦੇ ਦਿਨਾਂ ਦੌਰਾਨ ਹੋ ਗਿਆ ਸੀ। ਇਸ ਫ਼ਿਰਕੇ ਨੂੰ ਨੇੜਿਓਂ ਦੇਖਣ ਦਾ ਮੌਕਾ 2019 ਵਿੱਚ ਇਤਫ਼ਾਕਵੱਸ ਮਿਲਿਆ। ਆਪਣੀ ਪਹਿਲੀ 28-ਰੋਜ਼ਾ ਵਿਦੇਸ਼ ਫੇਰੀ ਲਈ ਮੈਂ ਯੂਨਾਨ, ਸਰਬੀਆ ਤੇ ਰੁਮਾਨੀਆ ਜਾਣਾ ਚੁਣਿਆ। ਕਾਰਨ ਦੋ ਸਨ: 1. ਇਨ੍ਹਾਂ ਮੁਲਕਾਂ ਦਾ ਇਤਿਹਾਸ ਤੇ 2. ਮੇਰਾ ਸੀਮਤ ਬਜਟ। ਦੋ ਅਗਸਤ ਨੂੰ ਏਥਨਜ਼ (ਯੂਨਾਨੀ ਇਤਿਹਾਸਕ ਨਗਰ) ਪਹੁੰਚਿਆ। ਉਸ ਸਾਲ ਯੂਨਾਨ ਭਿਆਨਕ ਸੋਕੇ ਨਾਲ ਜੂਝ ਰਿਹਾ ਸੀ। ਬਾਰਸ਼ਾਂ ਨਾ ਪੈਣ ਕਾਰਨ ਏਥਨਜ਼ ਦੇ ਆਸ-ਪਾਸ ਪਹਾੜੀ ਜੰਗਲਾਂ ਨੂੰ ਅੱਗ ਲੱਗੀ ਹੋਈ ਸੀ। ਅਗਲੇ ਹੀ ਦਿਨ ਸ਼ਹਿਰ ਧੂੰਏਂ ਨਾਲ ਭਰ ਗਿਆ। ਵਿਦੇਸ਼ੀਆਂ ਨੂੰ ਹਦਾਇਤ ਹੋਈ ਕਿ ਉਹ ਸ਼ਹਿਰ ਛੱਡ ਜਾਣ। ਮੇਰਾ ਸਰਬੀਆ ਦਾ ਵੀਜ਼ਾ 10 ਦਿਨ ਬਾਅਦ ਸ਼ੁਰੂ ਹੋਣਾ ਸੀ। ਸੋਚਿਆ ਯੂਨਾਨ ਘੁੰਮਣਾ ਤਾਂ ਹੁਣ ਔਖਾ ਹੈ, ਇਸ ਲਈ ਟ੍ਰਾਂਜ਼ਿਟ ਵੀਜ਼ੇ ਲਈ ਕੋਸ਼ਿਸ਼ ਕਰਕੇ ਕੁਝ ਦਿਨਾਂ ਲਈ ਤੁਰਕੀ ਚਲਾ ਜਾਵਾਂ। ਇਹ ਵੀਜ਼ਾ ਤੁਰਕੀ ਦੇ ਦੂਤਾਵਾਸ ਤੋਂ ਇੱਕ ਹਫ਼ਤੇ ਲਈ ਮਿਲਿਆ, ਉਹ ਵੀ ਸਿਰਫ਼ ਤਿੰਨ ਸ਼ਹਿਰਾਂ- ਇਸਤੰਬੁਲ, ਅੰਕਰਾ ਤੇ ਅੰਤਾਲਿਆ ਲਈ। ਅੰਕਰਾ ਵਿੱਚ ਇਜ਼ਰਾਇਲੀ ਦੂਤਾਵਾਸ (ਉਦੋਂ ਸੀ, ਹੁਣ ਨਹੀਂ ਹੈ) ਨੇੜਿਓਂ ਗੁਜ਼ਰਦਿਆਂ ਪਹਿਲਾਂ ਜੌਰਡਨ ਤੇ ਫਿਰ ਇਜ਼ਰਾਈਲ ਜਾਣ ਦਾ ਖ਼ਿਆਲ ਮਨ ਵਿੱਚ ਉਗਮਿਆ (ਸਰਬੀਆ ਤੇ ਰੁਮਾਨੀਆ ਜਾਣ ਦਾ ਇਰਾਦਾ ਤਿਆਗ ਕੇ)। ਜੌਰਡਨ ਦਾ 30-ਰੋਜ਼ਾ ਵੀਜ਼ਾ ਝੱਟ ਮਿਲ ਗਿਆ, ਪਰ ਇਜ਼ਰਾਇਲੀ ਦੂਤਾਵਾਸ ਨੇ ਤਿੰਨ ਦਿਨਾਂ ਲਈ ਟ੍ਰਾਂਜ਼ਿਟ ਵੀਜ਼ਾ ਹੀ ਦਿੱਤਾ। ਉਂਜ, ਦੂਤਾਵਾਸ ਦੇ ਇੱਕ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਤਲ ਅਵੀਵ ਪੁੱਜਣ ਮਗਰੋਂ ਵੀਜ਼ੇ ਦੀ ਮਿਆਦ ਚਾਰ ਦਿਨਾਂ ਲਈ ਹੋਰ ਵਧਾ ਦਿੱਤੀ ਜਾਵੇਗੀ।
ਜੌਰਡਨ ਜਾਣਾ ਖੁਸ਼ਨੁਮਾ ਤਜਰਬਾ ਰਿਹਾ। ਬੜਾ ਕੁਝ ਸਾਡੇ ਮੁਲਕ ਨਾਲ ਮਿਲਦਾ-ਜੁਲਦਾ ਹੈ ਇਸ ਦੇਸ਼ ਵਿੱਚ। ਰਾਜਧਾਨੀ ਅਮਾਨ ਵਿੱਚ ਰਹਿਣਾ ਅਨੂਠਾ ਤਜਰਬਾ ਸੀ। ਪੁਰਾਣਾ ਤੇ ਨਵਾਂ ਅਮਾਨ ਦੋ ਵੱਖ ਵੱਖ ਸ਼ਹਿਰਾਂ ਵਾਂਗ ਹਨ। ਨਵਾਂ ਅਮਾਨ ਪੱਛਮੀ ਆਧੁਨਿਕਤਾ ਦੇ ਅਵਤਾਰ ਵਾਂਗ ਹੈ। ਪੁਰਾਣਾ ਪੁਰਾਣੀ ਦਿੱਲੀ ਵਰਗਾ। ਕੀਮਤਾਂ ਵਿੱਚ ਵੀ ਬੜਾ ਫ਼ਰਕ ਹੈ। ਲੋਕਾਂ ਦਾ ਰਹਿਣ-ਸਹਿਣ ਵੀ ਵੱਖਰਾ ਹੈ। ਇੱਥੇ ਔਰਤਾਂ ਅਮੂਮਨ ਹਿਜਾਬ ਵਿੱਚ ਨਜ਼ਰ ਆਈਆਂ; ਨਵੇਂ ਅਮਾਨ ਵਿੱਚ ਹਿਜਾਬ ਤੇ ਸ਼ੌਰਟਸ ਵਾਲੀਆਂ ਨਾਲੋ-ਨਾਲ ਦਿਸ ਜਾਂਦੀਆਂ ਸਨ। ਰੇਹੜੀਆਂ-ਠੇਲ੍ਹੇ ਵੀ ਪੁਰਾਣੇ ਅਮਾਨ ਵਿੱਚ ਆਮ ਸਨ; ਸਬਜ਼ੀਆਂ ਫ਼ਲਾਂ ਤੋਂ ਲੈ ਕੇ ਹਰ ਕਿਸਮ ਦਾ ਘਰੇਲੂ ਨਿੱਕ-ਸੁੱਕ ਵੇਚਣ ਵਾਲੇ। ਜੌਰਡਨੀ ਜਲੇਬੀਆਂ ਵੀ ਪੁਰਾਣੇ ਅਮਾਨ ਵਿੱਚ ਖਾਧੀਆਂ ਅਤੇ ਊਠਣੀ ਦੇ ਦੁੱਧ ਤੋਂ ਬਣੀ ਗਹਿਰੇ ਗੁਲਾਬੀ ਰੰਗ ਵਾਲੀ ਬਰਫ਼ੀ ਵੀ। ਮਿੱਠੀ ਚਾਹ ਤੇ ਪਰੌਂਠਾਨੁਮਾ ਨਾਨ ਵੀ ਇੱਥੇ ਹੀ ਛਕੇ। ਪੁਰਾਣੇ ਅਮਾਨ ਤੋਂ ਅਕਾਬਾ ਸ਼ਹਿਰ ਵੱਲ ਜਾਂਦਿਆਂ ਬੱਸ ਵਿੱਚ ਮੇਰੇ ਇੱਕ ਹਮਸਫ਼ਰ ਨੇ ਮੈਨੂੰ ਸਲਾਹ ਦਿੱਤੀ ਕਿ ਜੇ ਮੈਂ ਇਤਸਹਾਕ ਰਾਬੀਨ-ਵਾਦੀ ਅਰਾਬਾ ਕਰਾਸਿੰਗ ਰਾਹੀਂ ਇਜ਼ਰਾਈਲ ਵਿੱਚ ਦਾਖ਼ਲ ਹੋਣਾ ਹੈ ਤਾਂ ਇਜ਼ਰਾਇਲੀ ਚੈੱਕ ਪੋਸਟ ਦੇ ਨੇੜਿਓਂ ਹੀ ਉਹ ਟੈਕਸੀ ਕਰਾਂ ਜਿਸਦਾ ਡਰਾਈਵਰ ਦਰੂਜ਼ ਹੋਵੇ। ਜੇਕਰ ਦਰੂਜ਼ ਡਰਾਈਵਰ ਨਾ ਮਿਲੇ ਤਾਂ ਉਸ ਫ਼ਲਸਤੀਨੀ ਦੀ ਟੈਕਸੀ ਲਵਾਂ ਜੋ ਇਸਾਈ ਹੋਵੇ (ਦਸ ਫ਼ੀਸਦੀ ਦੇ ਕਰੀਬ ਫ਼ਲਸਤੀਨੀ ਅਰਬ, ਇਸਾਈ ਹਨ, ਖ਼ਾਸ ਤੌਰ ’ਤੇ ਪੱਛਮੀ ਕੰਢੇ ਵਾਲੇ ਖੇਤਰ ਵਿੱਚ)। ਅਜਿਹਾ ਕਰਨ ਨਾਲ ਚੈੱਕ ਪੋਸਟਾਂ ’ਤੇ ਖੁਆਰੀ ਘੱਟ ਹੋਵੇਗੀ। ਮੇਰੀ ਖੁਸ਼ਕਿਸਮਤੀ ਰਹੀ ਕਿ ਮੈਨੂੰ ਦਰੂਜ਼ ਟੈਕਸੀ ਚਾਲਕ ਆਸਾਨੀ ਨਾਲ ਮਿਲ ਗਿਆ। ਬਦਕਿਸਮਤੀ ਇਹ ਰਹੀ ਕਿ ਉਸ ਨੂੰ ਅੰਗਰੇਜ਼ੀ ਨਾਂ-ਮਾਤਰ ਆਉਂਦੀ ਸੀ। ਸੋ ਸਾਡੀ ਗੱਲਬਾਤ ‘ਯੈੱਸ-ਨੋ’ ਤੋਂ ਅੱਗੇ ਨਹੀਂ ਗਈ। ਹਾਂ, ਚੈੱਕ ਪੋਸਟਾਂ ਤੇ ਬੈਰੀਅਰਾਂ (52 ਤੋਂ ਬਾਅਦ ਮੈਂ ਗਿਣਨੇ ਬੰਦ ਕਰ ਦਿੱਤੇ) ਉੱਤੇ ਚੈਕਿੰਗ ਦੌਰਾਨ ਜ਼ਿਆਦਾ ਸਮਾਂ ਕਿਤੇ ਵੀ ਨਹੀਂ ਲੱਗਿਆ; ਉਸ ਦਾ ਦਰੂਜ਼ ਸ਼ਨਾਖ਼ਤੀ ਕਾਰਡ ਅਤੇ ਮੇਰਾ ਭਾਰਤੀ ਪਾਸਪੋਰਟ (ਤੇ ਪੱਗ) ਇਸ ਪੱਖੋਂ ਕਾਰਗਰ ਸਾਬਤ ਹੋਏ।