ਇਕੱਲਤਾ ਨੂੰ ਦੂਰ ਭਜਾਓ
ਹਰਪ੍ਰੀਤ ਕੌਰ ਸੰਧੂ
ਅੱਜ ਦਾ ਮਨੁੱਖ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਵਿੱਚ ਸਭ ਤੋਂ ਜ਼ਿਆਦਾ ਡਿਪਰੈਸ਼ਨ ਫੈਲ ਰਿਹਾ ਹੈ। ਡਿਪਰੈਸ਼ਨ ਇੱਕ ਮਨੋਰੋਗ ਹੈ, ਪਰ ਇਸ ਦੀ ਸ਼ੁਰੂਆਤ ਕਿਤੇ ਇਕੱਲਤਾ ਤੋਂ ਹੁੰਦੀ ਹੈ। ਅੱਜ ਸਾਡੇ ਸਮਾਜ ਦੀ ਤ੍ਰਾਸਦੀ ਸਾਡੀ ਇਕੱਲਤਾ ਹੈ। ਇਕੱਲਾਪਣ ਸਾਡੇ ਸਮਾਜ ਵਿੱਚ ਇਸ ਕਦਰ ਫੈਲ ਚੁੱਕਾ ਹੈ ਕਿ ਅੰਦਰੋਂ ਹਰ ਕੋਈ ਖੋਖਲਾ ਹੋ ਰਿਹਾ ਹੈ।
ਮਾਤਾ-ਪਿਤਾ ਜੋ ਸਾਰੀ ਜ਼ਿੰਦਗੀ ਬੱਚਿਆਂ ਦੇ ਲੇਖੇ ਲਾ ਦਿੰਦੇ ਹਨ, ਉਹ ਜਦੋਂ ਸਿਆਣੀ ਉਮਰ ਵਿੱਚ ਪਹੁੰਚਦੇ ਹਨ ਤਾਂ ਇਕੱਲੇ ਹੋ ਜਾਂਦੇ ਹਨ। ਬੱਚੇ ਹੁਣ ਤਾਂ ਬਹੁਤ ਛੋਟੀ ਉਮਰ ਵਿੱਚ ਹੀ ਪੜ੍ਹਨ ਲਈ ਘਰੋਂ ਬਾਹਰ ਚਲੇ ਜਾਂਦੇ ਹਨ। ਫਿਰ ਉਨ੍ਹਾਂ ਦੀਆਂ ਨੌਕਰੀਆਂ ਉਨ੍ਹਾਂ ਨੂੰ ਦੇਸ਼ ਵਿਦੇਸ਼ ਵਿੱਚ ਲੈ ਜਾਂਦੀਆਂ ਹਨ। ਅਜਿਹੇ ਵਿੱਚ ਮਾਤਾ-ਪਿਤਾ ਇਕੱਲੇ ਰਹਿ ਜਾਂਦੇ ਹਨ।
ਪੰਛੀ ਆਪਣੀ ਗੱਲ ਸਾਨੂੰ ਬੋਲ ਕੇ ਨਹੀਂ ਦੱਸ ਸਕਦੇ, ਪਰ ਜਦੋਂ ਉਨ੍ਹਾਂ ਦੇ ਆਲ੍ਹਣਿਆਂ ਵਿੱਚੋਂ ਬੱਚੇ ਉਡ ਜਾਂਦੇ ਹਨ ਤਾਂ ਉਨ੍ਹਾਂ ਦੇ ਚਿਹਰੇ ’ਤੇ ਮਾਯੂਸੀ ਦੇਖੀ ਜਾ ਸਕਦੀ ਹੈ। ਠੀਕ ਇਸੇ ਤਰ੍ਹਾਂ ਮਾਤਾ-ਪਿਤਾ ਵੀ ਬੱਚਿਆਂ ਤੋਂ ਬਿਨਾਂ ਬਹੁਤ ਇਕੱਲੇ ਹੋ ਜਾਂਦੇ ਹਨ। ਉਸ ਉਮਰ ਵਿੱਚ ਉਨ੍ਹਾਂ ਨੂੰ ਕਿਸੇ ਦਾ ਸਹਾਰਾ ਚਾਹੀਦਾ ਹੁੰਦਾ ਹੈ, ਪਰ ਉਨ੍ਹਾਂ ਕੋਲ ਕੋਈ ਵੀ ਨਹੀਂ ਹੁੰਦਾ। ਫਿਰ ਉਹ ਆਪਣੇ ਨੌਕਰਾਂ ਦੇ ਮੁਥਾਜ ਹੋ ਜਾਂਦੇ ਹਨ।
ਸਾਡਾ ਸਮਾਜਿਕ ਢਾਂਚਾ ਦਿਨ ਬ ਦਿਨ ਬਦਲ ਰਿਹਾ ਹੈ। ਇਹ ਆਧੁਨਿਕਤਾ ਦੀ ਭੇਂਟ ਚੜ੍ਹਦਾ ਜਾ ਰਿਹਾ ਹੈ। ਹੁਣ ਅਸੀਂ ਕਿਸੇ ਦੇ ਘਰ ਜਾਣਾ ਹੋਵੇ ਤਾਂ ਫੋਨ ਕਰਕੇ ਜਾਂਦੇ ਹਾਂ। ਬਾਕਾਇਦਾ ਪੁੱਛਦੇ ਹਾਂ ਕਿ ਅਸੀਂ ਮਿਲਣ ਆਉਣਾ ਹੈ। ਵੈਸੇ ਬਿਨਾਂ ਕੰਮ ਤੋਂ ਤਾਂ ਕੋਈ ਕਿਸੇ ਨੂੰ ਮਿਲਣ ਵੀ ਨਹੀਂ ਜਾਂਦਾ। ਅਕਸਰ ਇਹ ਆਉਣਾ ਜਾਣਾ ਸੁੱਖ ਦੁੱਖ ਵਿੱਚ ਹੀ ਹੁੰਦਾ ਹੈ। ਬਹੁਤਾ ਕੰਮ ਤਾਂ ਵਟਸਐਪ ਹੀ ਸਾਰ ਦਿੰਦਾ ਹੈ। ਹੁਣ ਅਸੀਂ ਦਿਨ ਤਿਉਹਾਰ ’ਤੇ ਆਂਢ-ਗੁਆਂਢ ਵਿੱਚ ਮਿਠਾਈ ਦੀ ਪਲੇਟ ਲੈ ਕੇ ਨਹੀਂ ਜਾਂਦੇ। ਅਸੀਂ ਵਟਸਐਪ ’ਤੇ ਸੁਨੇਹਾ ਭੇਜ ਦਿੰਦੇ ਹਾਂ।
ਦਿਨ ਤਿਉਹਾਰ ’ਤੇ ਜੇ ਅਸੀਂ ਕਿਸੇ ਦੇ ਘਰ ਜਾਂਦੇ ਵੀ ਹਾਂ ਤਾਂ ਰਸਮੀ ਤੌਰ ’ਤੇ ਡੱਬਾ ਦੇਣ ਹੀ ਜਾਂਦੇ ਹਾਂ। ਉੱਥੇ ਬੈਠ ਕੇ ਇੱਕ ਕੱਪ ਚਾਹ ਪੀਣੀ ਵੀ ਸਾਨੂੰ ਭਾਰੂ ਹੋਣ ਲੱਗਦੀ ਹੈ। ਪਤਾ ਨਹੀਂ ਸਾਡੇ ਪਿੱਛੇ ਕੌਣ ਲੱਗਾ ਹੋਇਆ ਹੈ ਜੋ ਇੰਨੀ ਹਫੜਾ ਦਫੜੀ ਮਚੀ ਹੋਈ ਹੈ। ਜ਼ਿੰਦਗੀ ਵਿੱਚ ਦੋ ਪਲ ਕਿਸੇ ਨਾਲ ਗੱਲ ਦੀ ਸਾਂਝ ਨਹੀਂ ਪਾਉਂਦੇ। ਕੋਈ ਸਮਾਂ ਸੀ ਜਦੋਂ ਬਜ਼ੁਰਗ ਇਕੱਠੇ ਬਹਿ ਕੇ ਸੱਥ ਵਿੱਚ ਕਿੰਨਾ ਕਿੰਨਾ ਚਿਰ ਗੱਲਾਂ ਕਰਦੇ ਸਨ। ਉਨ੍ਹਾਂ ਨੂੰ ਦਿਲ ਦੇ ਦੌਰੇ ਨਹੀਂ ਪੈਂਦੇ ਸਨ। ਨਾ ਹੀ ਉਹ ਖੂਨ ਪਤਲਾ ਕਰਨ ਦੀ ਦਵਾਈ ਖਾਂਦੇ ਸਨ।
ਸਾਡੀਆਂ ਮਾਵਾਂ ਬੱਚਿਆਂ ਨੂੰ ਤੇ ਪਤੀ ਨੂੰ ਤੋਰ ਕੇ ਘਰ ਦਾ ਕੰਮ ਮੁਕਾ ਕੇ ਕਿਸੇ ਇੱਕ ਦੇ ਘਰ ਇਕੱਠੀਆਂ ਹੋ ਬਹਿ ਜਾਂਦੀਆਂ ਸਨ। ਹੱਸ ਹੱਸ ਕੇ ਗੱਲਾਂ ਕਰਦੀਆਂ। ਆਪਣਾ ਦੁੱਖ ਸੁੱਖ ਵੀ ਸਾਂਝਾ ਕਰ ਲੈਂਦੀਆਂ। ਉਹ ਹੌਲੀਆਂ ਫੁੱਲ ਹੋ ਕੇ ਘਰਾਂ ਨੂੰ ਆਉਂਦੀਆਂ ਤੇ ਹੱਸ ਕੇ ਆਪਣੇ ਬੱਚਿਆਂ ਤੇ ਪਤੀ ਦਾ ਸਵਾਗਤ ਕਰਦੀਆਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਕਨਾਲੋਜੀ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਹਨ। ਸਾਡੀ ਜ਼ਿੰਦਗੀ ਨੂੰ ਬਿਹਤਰ ਤੇ ਸੁਖਾਲਾ ਬਣਾਇਆ ਹੈ। ਇਸ ਨੇ ਸਾਨੂੰ ਸੁੱਖ ਤਾਂ ਜ਼ਰੂਰ ਦਿੱਤਾ ਹੈ, ਪਰ ਸਕੂਨ ਖੋਹ ਲਿਆ ਹੈ।
ਹੁਣ ਸਾਡੇ ਕੋਲ ਸਮਾਂ ਨਹੀਂ ਕਿਸੇ ਨਾਲ ਵਿਹਲੀਆਂ ਗੱਲਾਂ ਕਰਨ ਦਾ। ਇੱਧਰ ਉੱਧਰ ਦੀਆਂ ਉਹ ਗੱਲਾਂ ਜੋ ਮਨ ਨੂੰ ਹੌਲਾ ਫੁੱਲ ਕਰ ਦੇਣ। ਅਸੀਂ ਫੋਨ ਵੀ ਉਦੋਂ ਹੀ ਕਰਦੇ ਹਾਂ ਜਦੋਂ ਬਹੁਤ ਜ਼ਰੂਰੀ ਹੋਵੇ। ਅੱਜਕੱਲ੍ਹ ਦੇ ਬੱਚੇ ਤਾਂ ਫੋਨ ਵੀ ਨਹੀਂ ਕਰਦੇ। ਉਹ ਸਿਰਫ਼ ਮੈਸੇਜ ’ਤੇ ਹੀ ਆਪਣੀ ਗੱਲ ਇੱਕ ਦੂਜੇ ਨੂੰ ਕਹਿੰਦੇ ਹਨ। ਕਈ ਵਾਰ ਤਾਂ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਬੱਚਾ ਇਕਦਮ ਉੱਠ ਕੇ ਦਰਵਾਜ਼ਾ ਖੋਲ੍ਹਦਾ ਹੈ ਤੇ ਸਾਹਮਣੇ ਉਸ ਦਾ ਦੋਸਤ ਖੜ੍ਹਾ ਹੁੰਦਾ ਹੈ। ਅਕਸਰ ਮਾਤਾ-ਪਿਤਾ ਸੋਚਦੇ ਹਨ ਕਿ ਇਸ ਨੂੰ ਕਿੰਝ ਪਤਾ ਲੱਗਾ ਦੋਸਤ ਦੇ ਆਉਣ ਦਾ ਕਿਉਂਕਿ ਉਸ ਨੇ ਬੈੱਲ ਤਾਂ ਵਜਾਈ ਹੀ ਨਹੀਂ, ਨਾ ਹੀ ਫੋਨ ਕੀਤਾ। ਪਰ ਦੋਸਤ ਨੇ ਮੈਸੇਜ ਕਰ ਦਿੱਤਾ ਹੁੰਦਾ ਹੈ।
ਘਰ ਵਿੱਚ ਜੇ ਚਾਰ ਜੀ ਹਨ ਤਾਂ ਕੋਈ ਆਪਣਾ ਕੰਪਿਊਟਰ ਖੋਲ੍ਹੀਂ ਬੈਠਾ ਹੈ, ਕੋਈ ਲੈਪਟਾਪ, ਕੋਈ ਫੋਨ ’ਤੇ ਗਾਣੇ ਸੁਣ ਰਿਹਾ ਹੈ। ਮਸ਼ੀਨਾਂ ਨਾਲ ਰਹਿੰਦਿਆਂ ਰਹਿੰਦਿਆਂ ਅਸੀਂ ਮਸ਼ੀਨ ਹੋ ਰਹੇ ਹਾਂ। ਪਤਾ ਨਹੀਂ ਸਾਡੇ ਅੰਦਰੋਂ ਭਾਵਨਾਵਾਂ ਖ਼ਤਮ ਹੋ ਰਹੀਆਂ ਹਨ ਜਾਂ ਅਸੀਂ ਮਹਿਸੂਸ ਕਰਨਾ ਬੰਦ ਕਰ ਰਹੇ ਹਾਂ। ਰਿਸ਼ਤੇ ਬੜੇ ਤਕਨੀਕੀ ਹੁੰਦੇ ਜਾ ਰਹੇ ਹਨ। ਮੋਹ ਪਿਆਰ ਖ਼ਤਮ ਹੋ ਚੁੱਕਾ ਹੈ। ਰਿਸ਼ਤੇ ਸ਼ਰਤਾਂ ’ਤੇ ਨਿਭ ਰਹੇ ਹਨ। ਜੇ ਕੋਈ ਮੇਰੇ ਮੁਤਾਬਿਕ ਚੱਲਦਾ ਹੈ ਤਾਂ ਰਿਸ਼ਤਾ ਚੱਲਦਾ ਹੈ ਨਹੀਂ ਤਾਂ ਵੱਖਰੇ ਹੋ ਜਾਂਦੇ ਹਾਂ।
ਅਜਿਹੇ ਵਿੱਚ ਹਰ ਮਨੁੱਖ ਇੱਕ ਖਲਾਅ ਵਿੱਚ ਜੀ ਰਿਹਾ ਹੈ। ਉਦਾਸ ਸਿਰਫ਼ ਉਹ ਨਹੀਂ ਜੋ ਉਦਾਸ ਨਜ਼ਰ ਆਉਂਦਾ ਹੈ। ਉਦਾਸ ਤੇ ਇਕੱਲਾ ਉਹ ਵੀ ਹੈ ਜੋ ਬਹੁਤ ਖ਼ੁਸ਼ ਹੈ ਤੇ ਖਿੜ ਖਿੜਾਉਂਦਾ ਹੈ। ਜੋ ਆਪ ਹੱਸਦਾ ਹੈ ਤੇ ਦੂਸਰਿਆਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਅਸਲ ਆਪਣੇ ਅੰਦਰ ਦੇ ਖਾਲੀਪਣ ਨੂੰ ਭਰ ਰਿਹਾ ਹੁੰਦਾ ਹੈ। ਅੱਜ ਬਹੁਤ ਜ਼ਰੂਰਤ ਹੈ ਕਿ ਅਸੀਂ ਸਮਾਜਿਕ ਤੌਰ ’ਤੇ ਇਸ ਇਕੱਲੇਪਣ ਦੀ ਵਲਗਣ ਨੂੰ ਤੋੜ ਕੇ ਫਿਰ ਰਿਸ਼ਤਿਆਂ ਵੱਲ ਮੁੜੀਏ।
ਹਰ ਗੱਲ ਨੂੰ ਮਸਲਾ ਨਾ ਬਣਾਈਏ। ਦਰਗੁਜ਼ਰ ਕਰਨੀ ਸਿੱਖੀਏ। ਜ਼ਿੰਦਗੀ ਵਿੱਚ ਮਹੱਤਵਪੂਰਨ ਤੁਹਾਡਾ ਹਉਮੈ ਨਹੀਂ ਤੁਹਾਡੇ ਆਪਣੇ ਹਨ। ਗੱਲਬਾਤ ਕਰੀਏ। ਕਦੇ ਕਿਸੇ ਮਿੱਤਰ ਨੂੰ ਬਿਨਾਂ ਕਿਸੇ ਕੰਮ ਤੋਂ ਫੋਨ ਕਰੀਏ। ਸਿਰਫ਼ ਉਸ ਦਾ ਹਾਲ ਚਾਲ ਪੁੱਛਣ ਲਈ ਉਸ ਦੇ ਘਰ ਜਾਈਏ। ਕਦੇ ਕਿਸੇ ਨੂੰ ਆਪਣੇ ਘਰ ਬੁਲਾਈਏ। ਜਿਸ ਤਰ੍ਹਾਂ ਵੀ ਹੋ ਸਕੇ ਆਪਣੇ ਹਮਸਾਇਆ ਨਾਲ ਆਪਣੇ ਆਪਣਿਆਂ ਨਾਲ ਸਾਂਝ ਵਧਾਈਏ। ਇਹ ਸਾਡੀ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ।
ਸੰਪਰਕ: 90410-73310