ਪੱਤਰ ਪ੍ਰੇਰਕਸ੍ਰੀ ਗੋਇੰਦਵਾਲ ਸਾਹਿਬ, 1 ਜੂਨਕਸਬਾ ਫਤਿਆਬਾਦ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਸਕਰਨ ਸਿੰਘ ਜੱਸ ’ਤੇ ਹੋਏ ਜਾਨਲੇਵਾ ਹਮਲੇ ਵਿੱਚ ਨਾਮਜ਼ਦ ਪਿਓ-ਪੁੱਤਾਂ ਵਿੱਚੋਂ ਚੌਕੀ ਫਤਿਆਬਾਦ ਦੀ ਪੁਲੀਸ ਨੇ ਪਿਓ ਸੁਖਵਿੰਦਰ ਸਿੰਘ ਛਿੰਦੂ ਵਾਸੀ ਭੈਲ ਢਾਏ ਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਇਸ ਮਾਮਲੇ ਵਿੱਚ ਨਾਮਜ਼ਦ ਸੁਖਵਿੰਦਰ ਸਿੰਘ ਛਿੰਦੂ ਦੇ ਦੋਵੇਂ ਲੜਕੇ ਗੁਰਜਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਚਾਰ-ਪੰਜ ਅਣਪਛਾਤੇ ਵਿਅਕਤੀ ਅਜੇ ਫ਼ਰਾਰ ਚੱਲ ਰਹੇ ਹਨ। ਚੌਕੀ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਬੀਤੀ 30 ਮਈ ਦੀ ਸ਼ਾਮ ਮੁਲਜ਼ਮਾਂ ਨੇ ਰੰਜ਼ਿਸ਼ ਤਹਿਤ ਤੇਜ਼ਧਾਰ ਹਥਿਆਰਾਂ ਨਾਲ ਜੱਸ ’ਤੇ ਹਮਲਾ ਕਰ ਦਿੱਤਾ ਸੀ। ਜੱਸ ਨੇ ਸੁਖਵਿੰਦਰ ਸਿੰਘ ਵਾਸੀ ਭੈਲ ਢਾਏ ਵਾਲਾ ਕੋਲੋਂ 9-10 ਲੱਖ ਰੁਪਏ ਦੇ ਕਰੀਬ ਪੈਸੇ ਲੈਣੇ ਸਨ, ਜਿਸ ਕਾਰਨ ਦੋਵਾਂ ਧਿਰਾਂ ਵਿੱਚ ਕਕਹਾ-ਸੁਣੀ ਹੋਈ ਸੀ। ਚੌਕੀ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।