ਆਸ਼ੂ ਦੀ ਚੋਣ ਮੁਹਿੰਮ ’ਚ ਡਟੀ ਸੀਨੀਅਰ ਲੀਡਰਸ਼ਿਪ
ਗੁਰਿੰਦਰ ਸਿੰਘ
ਲੁਧਿਆਣਾ, 14 ਅਪਰੈਲ
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਿੱਤਰਣ ਨਾਲ ਪਾਰਟੀ ਵਰਕਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ।
ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ ਪਾਇਲ, ਰੁਪਿੰਦਰ ਸਿੰਘ ਰਾਜਾ ਗਿੱਲ, ਬਰਿੰਦਰ ਢਿੱਲੋਂ, ਸਮਿਤ ਮਾਨ, ਦਲਜੀਤ ਸਿੰਘ ਗਿਲਜੀਆਂ, ਈਸ਼ਵਰਜੋਤ ਸਿੰਘ ਚੀਮਾ, ਵਿੱਕੀ ਮਹਿਤਾ ਅਤੇ ਅਮਿਤ ਤਿਵਾਰੀ ਨੇ ਇੱਥੇ ਪੁੱਜ ਕੇ ਆਸ਼ੂ ਨਾਲ ਅਹਿਮ ਮੀਟਿੰਗ ਕੀਤੀ ਅਤੇ ਚੋਣ ਪ੍ਰਚਾਰ ਮੁਹਿੰਮ ਸਬੰਧੀ ਵਿਚਾਰਾਂ ਕੀਤੀਆਂ।
ਇਸ ਮੌਕੇ ਆਗੂਆਂ ਨੇ ਆਪਣੀਆਂ ਡਿਊਟੀਆਂ ਸਾਂਭੀਆਂ ਅਤੇ ਤਨਦੇਹੀ ਨਾਲ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਦਾ ਪ੍ਰਣ ਲਿਆ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਚੋਣ ਉਸ ਨਹੀਂ ਬਲਕਿ ਪਾਰਟੀ ਦੇ ਅਣਥੱਕ ਆਗੂ, ਵਰਕਰ ਅਤੇ ਹਲਕੇ ਦੇ ਲੋਕ ਲੜ ਰਹੇ ਹਨ ਕਿਉਂਕਿ ਆਪ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਕਾਰਨ ਹਰ ਵਰਗ ਦੁਖੀ ਅਤੇ ਪ੍ਰੇਸ਼ਾਨ ਹੈ। ਉਨ੍ਹਾਂ ਆਪਣੇ ਵੱਲੋਂ ਸਾਰੇ ਆਗੂਆਂ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ।